ਮੋਗਾ ਦੀ ‘ਬਦਲਾਅ ਰੈਲੀ’ ਲਈ ਮਹਿਲ ਕਲਾਂ ਤੋਂ ਵਰਕਰਾਂ ਦੇ ਵੱਡੇ ਕਾਫਲੇ ਰਵਾਨਾ
ਮੋਗਾ ਦੀ ‘ਬਦਲਾਅ ਰੈਲੀ’ ਲਈ ਮਹਿਲ ਕਲਾਂ ਤੋਂ ਵਰਕਰਾਂ ਦੇ ਵੱਡੇ ਕਾਫਲੇ ਰਵਾਨਾ
Publish Date: Sat, 14 Mar 2026 06:53 PM (IST)
Updated Date: Sun, 15 Mar 2026 04:13 AM (IST)

ਪੰਜਾਬ ’ਚ ਲੋਕ ਬਦਲਾਅ ਦੇ ਹੱਕ ’ਚ, ਆਪਣੇ ਹੱਕਾਂ ਲਈ ਬੀਜੇਪੀ ਦੀ ਸਰਕਾਰ ਜ਼ਰੂਰੀ : ਸੁਰਿੰਦਰ ਕਾਲਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਵਿਖੇ ਹੋ ਰਹੀ ਭਾਜਪਾ ਦੀ ਵਿਸ਼ਾਲ ਬਦਲਾਅ ਰੈਲੀ ’ਚ ਸ਼ਾਮਲ ਹੋਣ ਲਈ ਵਿਧਾਨ ਸਭਾ ਹਲਕਾ ਮਹਿਲਕਲਾਂ ਤੋਂ ਭਾਜਪਾ ਵਰਕਰਾਂ ਤੇ ਆਗੂਆਂ ਦੇ ਵੱਡੇ ਕਾਫਲੇ ਰਵਾਨਾ ਹੋਏ। ਇਹ ਕਾਫਲੇ ਭਾਜਪਾ ਮੰਡਲ ਮਹਿਲ ਕਲਾਂ ਦੇ ਪ੍ਰਧਾਨ ਸੁਰਿੰਦਰ ਕੁਮਾਰ ਕਾਲਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਤੋਂ ਮੋਗਾ ਵੱਲ ਰਵਾਨਾ ਕੀਤੇ ਗਏ। ਇਸ ਮੌਕੇ ਸੁਰਿੰਦਰ ਕੁਮਾਰ ਕਾਲਾ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਹਿਲਾਂ ’ਚ ਹੋ ਰਹੀ ਇਹ ਰੈਲੀ ਪੰਜਾਬ ਦੀ ਰਾਜਨੀਤੀ ’ਚ ਇਕ ਨਵੇਂ ਬਦਲਾਅ ਦਾ ਸੰਕੇਤ ਦੇਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਹੋਣ ਵਾਲਾ ਇਹ ਵਿਸ਼ਾਲ ਇਕੱਠ ਅਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਮਜ਼ਬੂਤ ਬੁਨਿਆਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੂੰ ਵਾਰੀ ਵਾਰੀ ਪਰਖ ਚੁੱਕੇ ਹਨ, ਪਰ ਆਮ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕਿਆ। ਇਸ ਕਾਰਨ ਹੁਣ ਪੰਜਾਬ ਦਾ ਹਰ ਵਰਗ ਬਦਲਾਅ ਦੀ ਮੰਗ ਕਰ ਰਿਹਾ ਹੈ ਤੇ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ’ਚ ਵੀ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕਾ ਹੈ। ਕਾਲਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਰੈਲੀ ਦੇ ਇੰਚਾਰਜ ਸੁਖਵੰਤ ਸਿੰਘ ਧਨੌਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡਾਂ ’ਚ ਵਰਕਰਾਂ ਨੂੰ ਮੋਬਿਲਾਈਜ਼ ਕੀਤਾ ਗਿਆ ਹੈ ਤੇ ਵੱਡੀ ਗਿਣਤੀ ’ਚ ਆਗੂ ਅਤੇ ਵਰਕਰ ਮੋਗਾ ਦੀ ਰੈਲੀ ’ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀਆਂ ਲੋਕ-ਭਲਾਈ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਈ ਹੋਰ ਪਾਰਟੀਆਂ ਦੇ ਆਗੂ ਅਤੇ ਵਰਕਰ ਵੀ ਭਾਜਪਾ ’ਚ ਸ਼ਾਮਲ ਹੋ ਰਹੇ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਵਿਕਾਸ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਭਾਜਪਾ ਦਾ ਸਾਥ ਦੇਣ ਅਤੇ ਆਉਣ ਵਾਲੇ ਸਮੇਂ ’ਚ ਭਾਜਪਾ ਨੂੰ ਮਜ਼ਬੂਤ ਬਣਾਉਣ ਲਈ ਇਕੱਠੇ ਹੋਣ। ਇਸ ਮੌਕੇ ਕਿਸਾਨ ਮੋਰਚੇ ਦੇ ਮੁੱਖ ਬੁਲਾਰੇ ਬਲਵੀਰ ਸਿੰਘ, ਗਿਆਨੀ ਮਹਿੰਦਰ ਸਿੰਘ, ਸਾਬਕਾ ਮੰਡਲ ਪ੍ਰਧਾਨ ਜਗਸੀਰ ਸਿੰਘ ਕੁਰੜ, ਪਰਜੀਤ ਸਿੰਘ ਕਿਰਪਾਲੇਵਾਲ, ਰਜਿੰਦਰ ਪਾਸੀ, ਮਨਿੰਦਰਪਾਲ ਸਿੰਘ ਕੁਰੜ, ਸੁਖਦੇਵ ਸਿੰਘ ਸਮੇਤ ਵੱਡੀ ਗਿਣਤੀ ’ਚ ਭਾਜਪਾ ਆਗੂ ਅਤੇ ਵਰਕਰ ਮੌਜੂਦ ਸਨ।