ਮੌਸਮ ਦੇ ਬਦਲਦੇ ਮਿਜਾਜ ਤੇ ਅਨਾਜ ਮੰਡੀਆਂ ’ਚ ਹੋਣਗੇ ਢੁੱਕਵੇਂ ਪ੍ਰਬੰਧ
ਮੌਸਮ ਦੇ ਬਦਲਦੇ ਮਿਜਾਜ ਤੇ ਅਨਾਜ ਮੰਡੀਆਂ ’ਚ ਹੋਣਗੇ ਢੁੱਕਵੇਂ ਪ੍ਰਬੰਧ
Publish Date: Sun, 05 Apr 2026 04:07 PM (IST)
Updated Date: Mon, 06 Apr 2026 03:59 AM (IST)

ਬਰਨਾਲਾ ’ਚ 101 ਖਰੀਦ ਕੇਂਦਰ ਤੇ 45 ਆਰਜੀ ਯਾਰਡ ਸਥਾਪਿਤ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਤੇ ਪੰਜਾਬ ਮੰਡੀ ਬੋਰਡ ਦੀ ਹਦਾਇਤਾਂ ਅਨੁਸਾਰ ਭਾਵੇਂ ਹਾੜੀ ਦਾ ਸੀਜਨ 1 ਅਪਰੈਲ ਤੋਂ ਸ਼ੁਰੂ ਹੋ ਗਿਆ ਹੈ ਪਰ ਮੌਸਮ ਦੇ ਬਦਲਦੇ ਮਿਜਾਜ ਕਾਰਨ ਬਰਨਾਲਾ ’ਚ ਹਾਲੇ ਕਣਕ ਦੀ ਵਾਡੀ ਲਈ ਕਿਸੇ ਵੀ ਕਿਸਾਨ ਨੇ ਖੇਤਾਂ ’ਚ ਦਸਤਕ ਨਹੀਂ ਦਿੱਤੀ। ਜ਼ਿਲ੍ਹਾ ਮੰਡੀ ਬੋਰਡ ਵੱਲੋਂ ਖਰੀਦ ਦੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਦਾ ਹਵਾਲਾ ਦਿੰਦਿਆਂ ਜ਼ਿਲ੍ਹਾ ਮੰਡੀ ਅਫ਼ਸਰ ਤੇ ਜ਼ਿਲ੍ਹੇ ਅਧੀਨ ਆਉਂਦਿਆਂ ਪੰਜੇ ਮਾਰਕੀਟ ਕਮੇਟੀਆਂ ਦੇ ਸੈਕਟਰੀਆਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਜਿੱਥੇ ਮੰਡੀਆਂ ਦੇ ਪੁੱਖਤਾ ਪ੍ਰਬੰਧਾਂ ਸਬੰਧੀ ਦੱਸਿਆ ਉੱਥੇ ਹੀ ਕਿਸਾਨਾਂ ਤੇ ਆੜ੍ਹਤੀਆ ਨੂੰ ਵੀ ਚੰਗੇ ਸੁਝਾਅ ਦਿੱਤੇ ਹਨ। ਗੌਰ ਹੋਵੇ ਕਿ ਲੰਘੇਂ ਹਾੜੀ ਦੇ ਸੀਜਨ 2025 ’ਚ ਕੁੱਲ 46,87,447 ਕੁਇੰਟਲ ਕਣਕ ਬਰਨਾਲਾ ਦੀਆਂ ਅਨਾਜ ਮੰਡੀਆਂ ’ਚ ਪੁੱਜੀ ਸੀ। : ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਲਾਗੂ : ਬੀਰਇੰਦਰ ਸਿੰਘ ਸਿੱਧੂ ਜ਼ਿਲ੍ਹਾ ਮੰਡੀ ਅਫ਼ਸਰ ਬੀਰਇੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹੇ ਅਧੀਨ ਕੁੱਲ 101 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜਿਲ੍ਹੇ ਅਧੀਨ 45 ਆਰਜੀ ਯਾਰਡ ਵੀ ਘੋਸ਼ਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੌਸਮ ਦੇ ਬਦਲਦੇ ਮਿਜਾਜ ਕਰਕੇ ਹਾਲੇ ਹਾੜੀ ਦੀ ਫਸਲ ਖੇਤਾਂ ’ਚ ਹੀ ਖੜ੍ਹੀ ਹੈ। ਇਹ ਫਸਲ 10 ਅਪ੍ਰੈਲ ਦੇ ਕਰੀਬ ਅਨਾਜ ਮੰਡੀਆਂ ’ਚ ਪੁੱਜਣ ਦੀ ਸੰਭਾਵਨਾ ਹੈ। ਸਾਰੇ ਮੁੱਖ ਯਾਰਡਾਂ ’ਚ ਸੀਜਨਲ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਬਾਕੀ ਖਰੀਦ ਕੇਂਦਰਾਂ ’ਚ ਪ੍ਰਬੰਧ ਮੁਕੰਮਲ ਕਰਨ ਦੀ ਪ੍ਰਕ੍ਰਿਰਿਆ ਚੱਲ ਰਹੀ ਹੈ ਤੇ ਮੰਡੀਆਂ ’ਚ ਕਣਕ ਦੀ ਆਮਦ ਆਉਣ ਤੋਂ ਪਹਿਲਾਂ ਪਹਿਲਾਂ ਸਾਰੇ ਖਰੀਦ ਕੇਂਦਰਾਂ ’ਚ ਸੀਜਨਲ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਹਾੜੀ ਸੀਜਨ 2026 ਲਈ ਪੰਜਾਬ ਸਰਕਾਰ ਤੇ ਪੰਜਾਬ ਮੰਡੀ ਬੋਰਡ ਵੱਲੋਂ ਜੋ ਵੀ ਸਮੇਂ ਸਮੇਂ ’ਤੇ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ, ਉਨ੍ਹਾਂ ਹਦਾਇਤਾਂ ਦੀ ਇੰਨ੍ਹ ਬਿੰਨ ਪਾਲਣਾ ਕੀਤੀ ਜਾਵੇਗੀ। : ਬਰਨਾਲਾ ’ਚ 22 ਖਰੀਦ ਕੇਂਦਰ ਤੇ 10 ਆਰਜੀ ਯਾਰਡ ਸਥਾਪਿਤ : ਜਸਮਨਪ੍ਰੀਤ ਸਿੰਘ ਬਰਨਾਲਾ ਮਾਰਕੀਟ ਕਮੇਟੀ ਦੇ ਸੈਕਟਰੀ ਜਸਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 22 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਤੇ 10 ਆਰਜੀ ਯਾਰਡ ਘੋਸ਼ਿਤ ਕੀਤੇ ਹਨ। ਇਸ ਵਰ੍ਹੇ ਕਿਸਾਨਾਂ ਦੇ ਦੱਸਣ ਅਨੁਸਾਰ ਲਗਾਤਾਰ ਹੋਰ ਰਹੀ ਬਾਰਸ ਕਾਰਨ ਜਿੱਥੇ ਵਾਢੀ ਪਛੜੀ ਹੈ, ਉੱਥੇ ਹੀ ਕਣਕ ਦਾ ਝਾੜ ਘਟਣ ਦਾ ਵੀ ਅਨੁਮਾਨ ਹੈ। ਖਰੀਦ ਕੇਂਦਰਾਂ ਦੇ ਪ੍ਰਬੰਧਾਂ ਤੋਂ ਸੰਤੁਸ਼ਟੀ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਤੇ ਆੜ੍ਹਤੀਆਂ ਨੂੰ ਮੰਡੀ ਬੋਰਡ ਵੱਲੋਂ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ ਜਾਵੇਗੀ। ਕਿਸੇ ਕਿਸਾਨ ਨੂੰ ਵੀ ਕਣਕ ਵੇਚਣ ਆਇਆਂ ਅਨਾਜ ਮੰਡੀ ’ਚ ਤੇ ਆੜਤੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਖਰੀਦ ਏਜੰਸੀਆਂ ਦੇ ਤਾਲਮੇਲ ਨਾਲ ਢੋਆ ਢੁਆਈ ਤੱਕ ਜਿਲ੍ਹਾ ਮੰਡੀ ਬੋਰਡ ਵੱਲੋਂ ਵਿਸ਼ੇਸ਼ ਟੀਮਾਂ ਤਾਇਨਾਤ ਕਰਕੇ ਇਸ ਹਾੜੀ ਦੇ ਸੀਜਨ ਦੇ ਕੰਮ ਨੂੰ ਨੇਪਰੇ ਜਲਦੀ ਨਾਲ ਚਾੜ੍ਹਿਆ ਜਾਵੇਗਾ। : ਮਹਿਲ ਕਲਾਂ ’ਚ 24 ਖਰੀਦ ਕੇਂਦਰ ਤੇ 14 ਆਰਜੀ ਯਾਰਡ : ਡੀਨ ਪਾਲ ਸਿੰਘ ਮਾਰਕੀਟ ਕਮੇਟੀ ਮਹਿਲਕਲਾਂ ਦੇ ਸੈਕਟਰੀ ਡੀਨ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 24 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਤੇ 14 ਆਰਜੀ ਯਾਰਡ ਘੋਸ਼ਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਤੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਦੀਆਂ ਹਦਾਇਤਾਂ ਤੇ ਜਿਲ੍ਹਾ ਮੰਡੀ ਅਫ਼ਸਰ ਦੇ ਹੁਕਮਾਂ ’ਤੇ ਸਾਰੇ ਸੀਜਨਲ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸਮੁੱਚੇ ਖ੍ਰੀਦ ਕੇਂਦਰਾਂ ’ਚ ਕਿਸਾਨਾ ਲਈ ਹਰ ਤਰ੍ਹਾਂ ਦੀ ਸਹੂਲਤਾਂ ਮੁਹੱਈਆ ਕਰਵਾਉਣੀ ਉਨ੍ਹਾਂ ਦਾ ਮੁੱਢਲਾ ਫ਼ਰਜ ਹੈ। ਜੇਕਰ ਫਿਰ ਵੀ ਕਿਸਾਨਾਂ ਨੂੰ ਮੰਡੀਆਂ ’ਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਸੂਚਿਤ ਕਰਨ ਤਾਂ ਸਮੇਂ ਸਿਰ ਸਮੱਸਿਆ ਦਾ ਹੱਲ ਹੋ ਸਕੇ। ਜਿਲ੍ਹਾ ਮੰਡੀ ਬੋਰਡ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੰਡੀਆਂ ’ਚ ਮੁਹੱਈਆ ਕਰਵਾਉਣ ਲਈ ਹਰ ਸਮੇਂ ਤਤਪਰ ਹੈ। ਤਪਾ ਤੇ ਭਦੌੜ ’ਚ 14 ਖਰੀਦ ਕੇਂਦਰ ਤੇ 6 ਆਰਜੀ ਯਾਰਡ ਸਥਾਪਿਤ : ਹਰਦੀਪ ਸਿੰਘ ਮਾਰਕੀਟ ਕਮੇਟੀ ਤਪਾ ਤੇ ਭਦੌੜ ਦੇ ਸੈਕਟਰੀ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 14 ਖਰੀਦ ਕੇਂਦਰ ਸਥਾਪਿਤ ਕੀਤੇ ਹਨ ਤੇ 6 ਆਰਜੀ ਯਾਰਡ ਘੋਸ਼ਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਦੀਆਂ ਹਦਾਇਤਾਂ ਤੇ ਜਿਲ੍ਹਾ ਮੰਡੀ ਅਫ਼ਸਰ ਦੇ ਹੁਕਮਾਂ ’ਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਭਾਵੇਂ ਮੌਸਮ ਖ਼ਰਾਬ ਹੋਣ ਕਾਰਨ ਕਣਕ ਦੀ ਫ਼ਸਲ ’ਚ ਨਮੀਂ ਦੀ ਮਾਤਰਾ ਵਧ ਸਕਦੀ ਹੈ, ਪਰ ਇਸ ਦੇ ਬਾਵਜੂਦ ਵੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਆਪਣੀ ਸੁੱਕੀ ਕਣਕ ਦੀ ਫ਼ਸਲ ਕਟਾਈ ਕਰਕੇ ਮੰਡੀਆਂ ’ਚ ਲੈ ਕੇ ਆਉਣ ਤਾਂ ਜੋ ਸਮੇਂ ਸਿਰ ਕਣਕ ਦੀ ਖ੍ਰੀਦ ਕਰਕੇ ਕਿਸਾਨਾਂ ਨੂੰ ਅਦਾਇਗੀ ਉਨ੍ਹਾਂ ਦੇ ਖਾਤਿਆਂ ’ਚ ਜਾਵੇ। ਪੰਜਾਬ ਸਰਕਾਰ ਇਸ ਹਾੜੀ ਦੇ ਸੀਜਨ ਦੇ ਮੱਦੇਨਜ਼ਰ ਕਿਸਾਨ ਤੇ ਆੜ੍ਹਤੀਆਂ ਨੂੰ ਹਰ ਸਹੂਲਤ ਦੇਣ ਲਈ ਬਚਨਵੱਧ ਹੈ। ਧਨੌਲਾ ’ਚ 17 ਖਰੀਦ ਕੇਂਦਰ ਤੇ 7 ਆਰਜੀ ਯਾਰਡ ਸਥਾਪਿਤ : ਮਨਪ੍ਰੀਤ ਸਿੰਘ ਮਾਰਕੀਟ ਕਮੇਟੀ ਧਨੌਲਾ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਮੇਟੀ ਅਧੀਨ 17 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਤੇ 7 ਆਰਜੀ ਯਾਰਡ ਘੋਸ਼ਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਹਰ ਤਰ੍ਹਾਂ ਦੇ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਜਾ ਚੁੱਕਿਆ ਹੈ। ਮੰਡੀਆਂ ’ਚ ਕਿਸਾਨਾਂ ਲਈ ਸਫ਼ਾਈ, ਪੀਣ ਵਾਲਾ ਪਾਣੀ, ਪਖ਼ਾਨੇ, ਤਰਪਾਲਾਂ, ਸੈੱਡਾਂ, ਲਾਇਟਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਕਿਸਾਨਾਂ ਨੂੰ ਮੰਡੀਆਂ ’ਚ ਕਣਕ ਦੀ ਖ੍ਰੀਦ ਤੇ ਢੋਆ ਢੁਆਈ ਨੂੰ ਲੈ ਕੇ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀ. ਆਉਂਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕੀ ਕਣਕ ਦੀ ਫ਼ਸਲ ਮੰਡੀਆਂ ’ਚ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਮੰਡੀ ਬੋਰਡ ਵਲੋਂ ਮੰਡੀਆਂ ’ਚ ਵਿਸ਼ੇਸ਼ ਟੀਮਾਂ ਵੀ ਨਿਰਧਾਰਿਤ ਕੀਤੀਆਂ ਗਈਆਂ ਹਨ।