ਆਂਗਨਵਾੜੀ ਮੁਲਾਜ਼ਮ ਲੁੱਟ ਦੀ ਸ਼ਿਕਾਰ, ਬਾਂਹ 2 ਥਾਵਾਂ ਤੋਂ ਟੁੱਟੀ
ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਆਗੂ ਹੋਈ ਲੁੱਟ ਦਾ ਸ਼ਿਕਾਰ
Publish Date: Thu, 08 Jan 2026 04:25 PM (IST)
Updated Date: Fri, 09 Jan 2026 04:03 AM (IST)

ਮੁਲਾਜ਼ਮ ਜਥੇਬੰਦੀਆਂ ਨੇ ਕੀਤੀ ਘਟਨਾ ਦੀ ਸਖ਼ਤ ਨਿੰਦਿਆ ਤੁਰੰਤ ਕਾਰਵਾਈ ਦੀ ਕੀਤੀ ਮੰਗ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਦੀ ਇਕ ਸੰਘਰਸ਼ਸ਼ੀਲ ਮੁਲਾਜ਼ਮ ਆਗੂ ਦੇ ਨਾਲ ਲੁੱਟ-ਖੋਹ ਦੀ ਇੱਕ ਸਨਸਨੀਖੇਜ ਵਾਰਦਾਤ ਸਾਹਮਣੇ ਆਈ ਹੈ। ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਬਾਵਾ ਸ਼ਹਿਣਾ ਇਕ ਲੁਟੇਰੇ ਦੀ ਲੁੱਟ ਖੋਹ ਦਾ ਸ਼ਿਕਾਰ ਹੋਈ, ਜਿਸ ਦੌਰਾਨ ਲੁਟੇਰੇ ਉਸ ਦਾ ਪਰਸ ਝਪਟ ਕੇ ਲੈ ਗਏ ਤੇ ਲੁੱਟ ਦੀ ਇਸ ਘਟਨਾ ਦੌਰਾਨ ਰੁਪਿੰਦਰ ਬਾਵਾ ਸਖ਼ਤ ਜ਼ਖ਼ਮੀ ਵੀ ਹੋ ਗਈ। ਲੁਟੇਰੇ ਵੱਲੋਂ ਪਰਸ ਖੋਹਣ ਲਈ ਮਾਰੀ ਜਬਰਦਸਤ ਝਪਟ ਨਾਲ ਰੁਪਿੰਦਰ ਬਾਵਾ ਸੜਕ ’ਤੇ ਡਿੱਗ ਪਈ, ਜਿਸ ਨਾਲ ਉਸ ਦੇ ਸਿਰ ’ਚ ਗੰਭੀਰ ਸੱਟ ਲੱਗੀ, ਚਿਹਰੇ ’ਤੇ ਵੀ ਸੱਟਾਂ ਲੱਗੀਆਂ ਤੇ ਉਸ ਦੀ ਇਕ ਬਾਂਹ ਦੋ ਥਾਵਾਂ ਤੋਂ ਟੁੱਟ ਗਈ। ਰੁਪਿੰਦਰ ਬਾਵਾ ਨਾਲ ਲੁੱਟ-ਖੋਹ ਦੀ ਇਹ ਘਟਨਾ ਉਸ ਦੇ ਘਰ ਦੇ ਬਿਲਕੁਲ ਸਾਹਮਣੇ ਗਲੀ ’ਚ ਵਾਪਰੀ ਜਦੋਂ ਇਕ ਮੋਟਰਸਾਈਕਲ ਸਵਾਰ ਲੁਟੇਰੇ ਨੇ ਉਸ ਨਾਲ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਥਾਣਾ ਸ਼ਹਿਣਾ ਦੀ ਐੱਸਐੱਚਓ ਰੇਨੂ ਪਰੋਚਾ ਤੇ ਪੜ੍ਹਤਾਲੀਆ ਅਫਸਰ ਕਰਮਜੀਤ ਸਿੰਘ ਨੇ ਕਿਹਾ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਜ਼ਾਲਮ ਲੁਟੇਰਾ ਜਲਦੀ ਪੁਲਿਸ ਦੀ ਗ੍ਰਿਫ਼ਤ ’ਚ ਹੋਵੇਗਾ। ਦੂਜੇ ਪਾਸੇ ਸੰਘਰਸ਼ੀਲ ਮੁਲਾਜ਼ਮ ਆਗੂ ਨਾਲ ਵਾਪਰੀ ਇਸ ਲੁੱਟ-ਖੋਹ ਦੀ ਘਟਨਾ ’ਤੇ ਜਥੇਬੰਦੀ ਦੀ ਪ੍ਰਧਾਨ ਬਲਰਾਜ ਕੌਰ, ਮੁਲਾਜ਼ਮ ਜਥੇਬੰਦੀਆਂ ਦੇ ਸੂਬਾ ਪੱਧਰੀ ਆਗੂ ਤਰਸੇਮ ਭੱਠਲ ਤੇ ਕਰਮਜੀਤ ਸਿੰਘ ਬੀਹਲਾ, ਡੀਸੀ ਦਫਤਰ ਇੰਪਲਾਈਜ਼ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਤੇ ਜਨਰਲ ਸਕੱਤਰ ਵਿੱਕੀ ਡਾਬਲਾ, ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਮੱਲੀ, ਅਧਿਆਪਕ ਦਲ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੁਮਾਰ ਸ਼ਹਿਣਾ, ਮੁਲਾਜ਼ਮ ਡਿਫੈਂਸ ਕਮੇਟੀ ਦੇ ਬਲਵੰਤ ਸਿੰਘ ਭੁੱਲਰ ਤੇ ਪੀਐੱਸਐੱਸਐੱਫ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਕੁਮਾਰ ਚੀਮਾ ਨੇ ਡੀਸੀ ਬਰਨਾਲਾ ਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।