ਅਮਰੀਕੀ ਰਾਸ਼ਟਰਪਤੀ ਟਰੰਪ ਦਾ ਫੂਕਿਆ ਪੁਤਲਾ
ਜੰਗਬਾਜ਼ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਫੂਕਿਆ ਪੁਤਲਾ
Publish Date: Sun, 04 Jan 2026 05:21 PM (IST)
Updated Date: Mon, 05 Jan 2026 04:06 AM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਫਰਵਾਹੀ ਘੋੜਾ ਚੌਕ ’ਚ ਪਿੰਡ ਦੇ ਕਿਰਤੀਆਂ ਵੱਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪੁਤਲਾ ਸਾੜਨ ਸਮੇਂ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਸੀਆਈਟੀਯੂ (ਸੀਟੂ) ਦੇ ਸੂਬਾ ਸਕੱਤਰ ਸ਼ੇਰ ਸਿੰਘ ਫਰਵਾਹੀ ਨੇ ਹਾਜ਼ਰ ਕਿਰਤੀਆਂ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਹੁਕਮ ’ਤੇ ਇਕ ਪ੍ਰਭੂ ਸੱਤਾ ਸੰਪੰਨ ਦੇਸ਼ਖ ’ਤੇ ਹਵਾਈ ਹਮਲਾ ਕਰ ਕੇ ਉਸ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਸਦੀ ਪਤਨੀ ਨੂੰ ਫੜ ਕੇ ਅਮਰੀਕਾ ’ਚ ਬੰਦ ਕਰ ਦੇਣਾ, ਉਸ ਦੇਸ਼ ਦੀ ਸਰਕਾਰ ਨੂੰ ਡਾਵਾਂ ਡੋਲ ਕਰ ਕੇ ਰਾਜਪਾਲ ਦੇ ਰਾਹੀਂ ਆਪਣੇ ਚਹੇਤਿਆਂ ਦੇ ਪੱਖ ’ਚ ਆਪਣੇ ਹਿੱਤ ਲਈ ਰਾਜ ਸੱਤਾ ਨੂੰ ਤਬਦੀਲ ਕਰਨਾ ਹੈ। ਇਹ ਅਮਰੀਕੀ ਧੱਕੜ ਹਮਲਾ ਵੇਨਜੁਇਲਾ ਦੀ ਆਜ਼ਾਦੀ ’ਤੇ ਹਮਲਾ ਹੈ ਜਿਸ ਦਾ ਮੁੱਖ ਮਕਸਦ ਓਥੋਂ ਦੇ ਤੇਲ ਭੰਡਾਰਾ ਤੇ ਖਣਿਜ ਪਦਾਰਥਾਂ ਦੀ ਲੁੱਟ ਕਰਨਾ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਦੇਸ਼ਾਂ ’ਚ ਜੰਗਾਂ ਨੂੰ ਆਪਣੇ ਵੱਲੋਂ ਖ਼ਤਮ ਕਰਾਉਣ ਦੇ ਵੱਡੇ ਦਾਅਵਿਆਂ ਦੀ ਵੈਨਜ਼ੂਏਲਾ ’ਤੇ ਕੀਤੇ ਹਮਲੇ ਨੇ ਪੋਲ ਖੋਲ੍ਹ ਕੇ ਉਸਦਾ ਅਸਲੀ ਸਾਮਰਾਜੀ ਅਮਰੀਕੀ ਜੰਗਬਾਜ਼ ਚਿਹਰਾ ਨੰਗਾ ਕਰ ਦਿੱਤਾ ਹੈ। ਸੀਟੂ ਦੇ ਸੂਬਾ ਸਕੱਤਰ ਨੇ ਸੀਟੂ ਵੱਲੋਂ ਯੂਐੱਨਓ ਅਤੇ ਭਾਰਤ ਸਰਕਾਰ ਵੱਲੋਂ ਵੈਨਜੂਏਲਾ ’ਤੇ ਹਮਲੇ ਬੰਦ ਕਰਨ ਲਈ ਤੇ ਉਸਦੇ ਰਾਸ਼ਟਰਪਤੀ ਤੇ ਉਸਦੀ ਪਤਨੀ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰਨ ਤੇ ਇਸ ਤਰ੍ਹਾਂ ਦੀਆਂ ਧਾਕੜ ਜੰਗੀ ਕਾਰਵਾਈਆਂ ਦੀ ਨਿਖੇਧੀ ਕਰਨ ਦੀ ਮੰਗ ਕੀਤੀ। ਸੀਟੂ ਵੱਲੋਂ ਸਾਥੀ ਫਰਵਾਹੀ ਨੇ ਸਾਮਰਾਜੀ ਅਮਰੀਕਾ ਦੀਆਂ ਦੁਨੀਆਂ ਦੇ ਦੇਸ਼ਾਂ ਦੀ ਧਨ ਦੌਲਤ ਨੂੰ ਲੁੱਟਣ ਦੇ ਮਨੋਰਥ ਨਾਲ ਉਨ੍ਹਾਂ ਦੌਰਾਨ ਫੁੱਟ ਪਾ ਕੇ ਜੰਗਾਂ ਲਾਉਣ ਦੀ ਤੇ ਉਨਾਂ ਦੀ ਆਜ਼ਾਦੀ ਨੂੰ ਕੁਚਲਣ ਦੀਆਂ ਸਾਜਸੀ ਨੀਤੀ ਨੂੰ ਸੱਥਾਂ ਵਿਚ ਨੰਗਾ ਕਰਦਿਆਂ ਕਿਰਤੀ ਲੋਕਾਂ ਨੂੰ ਸੁਚੇਤ ਕਰਨ ਦੇ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਮਲਕੀਤ ਸਿੰਘ, ਸਾਬਕਾ ਪੰਚ ਮੇਲਾ ਸਿੰਘ , ਕਾਕਾ ਸਿੰਘ, ਨੌਜਵਾਨ ਕੁਲਦੀਪ ਸਿੰਘ ਸੁਰਜੀਤ ਸਿੰਘ ,ਭਿੰਦਰ ਸਿੰਘ ਸੋਨੀ, ਬੂਟਾ ਸਿੰਘ, ਗਿਆਨੀ ਕਰਨੈਲ ਸਿੰਘ, ਮੇਜਰ ਸਿੰਘ ਭੋਲਾ ਸਿੰਘ, ਗੁਰਮੁਖ ਸਿੰਘ ਮਹਿੰਦਰ ਸਿੰਘ ਵਗੈਰਾ ਹਾਜ਼ਰ ਸਨ ।