ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ 'ਮਿਰਗਾਵਲੀ' ਰਿਲੀਜ਼
ਚਹਿਲ ਨੇ ਕੀਤਾ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ 'ਮਿਰਗਾਵਲੀ' ਰਿਲੀਜ
Publish Date: Fri, 20 Mar 2026 04:10 PM (IST)
Updated Date: Sat, 21 Mar 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਸਾਹਿਤ ਸਰਵਰ ਬਰਨਾਲਾ ਵੱਲੋਂ ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਸ੍ਰੋਮਣੀ ਸਾਹਿਤਕਾਰ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਮਿਰਗਾਵਲੀ ਸਬ ਡਵੀਜ਼ਨ ਬਰਨਾਲਾ ਦੇ ਐਸ ਡੀ ਐਮ ਡਾ. ਅਜੀਤਪਾਲ ਸਿੰਘ ਚਹਿਲ ਨੇ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਰਿਲੀਜ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਗਿੱਲ ਨੇ ਅੱਧੀ ਸਦੀ ਤੋਂ ਵੱਧ ਸਮੇਂ ’ਚ ਆਪਣਾ ਵਿਲੱਖਣ ਕਾਵਿ ਮੁਹਾਵਰਾ ਸਿਰਜਿਆ ਹੈ। ਇਹੋ ਕਾਰਨ ਹੈ ਕਿ ਉਨ੍ਹਾਂ ਦੀ ਪੰਜਾਬੀ ਕਾਵਿ ਖੇਤਰ ’ਚ ਵੱਖਰੀ ਪਹਿਚਾਣ ਹੈ। ਉਨ੍ਹਾਂ ਦੀ ਸਮੁੱਚੀ ਗ਼ਜ਼ਲ ਪੰਜਾਬ ਦੇ ਦੁੱਖਾਂ ਦਰਦਾਂ, ਪੰਜਾਬ ਦੇ ਅਮੀਰ ਵਿਰਸੇ, ਸਮਾਜਿਕ ਉਥਲ-ਪੁਥਲ, ਪੰਜਾਬੀ ਸੱਭਿਆਚਾਰ ਦੇ ਵਡੇਰੇ ਮੁੱਲਾਂ ਤੇ ਲੋਕ ਭਾਵਨਾਵਾਂ ਅਤੇ ਪੰਜਾਬ ਦੇ ਸੰਤਾਪ ਨਾਲ ਅੰਦਰੂਨੀ ਤੇ ਬਾਹਰੀ ਤੌਰ ਤੇ ਜੁੜੀ ਹੋਈ ਹੈ। ਲੋਕ ਗੀਤਾਂ ਵਰਗੀ ਰਵਾਨੀ ਕਾਰਨ ਉਨ੍ਹਾਂ ਦੇ ਸ਼ਿਅਰ ਲੋਕ ਸੁਭਾਅ ਦੇ ਨੇੜੇ ਹਨ। ਇਕ ਦੋ ਵਾਰ ਪੜ੍ਹਨ ਪਿਛੋਂ ਜ਼ੁਬਾਨੀ ਯਾਦ ਹੋ ਜਾਂਦੇ ਹਨ। ਬਹੁਪੱਖੀ ਲੇਖਕ ਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਉਹ ਕਿਹੜਾ ਵਿਸ਼ਾ ਹੈ ਜਿਹੜਾ ਗਿੱਲ ਨੇ ਆਪਣੀਆਂ ਗ਼ਜ਼ਲਾਂ ’ਚ ਨਹੀਂ ਸਮੋਇਆ। ਇਸੇ ਕਰਕੇ ਗ਼ਜ਼ਲ ਨਾਲ ਦੂਰ ਦਾ ਵਾਸਤਾ ਰੱਖਣ ਵਾਲੇ ਸਰੋਤੇ ਵੀ ਉਨ੍ਹਾਂ ਨੂੰ ਸੁਣਨ ਸਮੇਂ ਕੀਲੇ ਜਾਂਦੇ ਨੇ। ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਗੁਰਭਜਨ ਗਿੱਲ ਨੂੰ ਮਾਣ ਹਾਸਿਲ ਹੈ ਕਿ ਉਨ੍ਹਾਂ ਦਾ ਸਭ ਤੋਂ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ ਅੱਖਰ-ਅੱਖਰ ਛਪਿਆ ਹੈ।ਜਿਸ ’ਚ ਵਿਸ਼ਿਆਂ ਦੀ ਬਹੁਲਤਾ ਤਾਂ ਹੈ ਹੀ, ਸਗੋਂ ਮੌਲਿਕ ਭਾਵਾਂ ਦਾ ਸੰਘਣਾਪਣ ਵੀ ਹੈ। ਸਾਦਗੀ ਤੇ ਸਪੱਸ਼ਟਤਾ ਉਨ੍ਹਾਂ ਦਾ ਵਿਸ਼ੇਸ਼ ਗੁਣ ਹੈ। ਉਨ੍ਹਾਂ ਨੇ ਗ਼ਜ਼ਲਾਂ ’ਚ ਗੀਤ ਰਸ ਪੈਦਾ ਕਰਕੇ ਪੰਜਾਬੀ ਗ਼ਜ਼ਲ ਦੀ ਲੋਕਪ੍ਰਿਯਤਾ ਹੈਰਾਨੀ ਜਨਕ ਪੱਧਰ ਤੇ ਵਧਾਈ ਹੈ। ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਗਿੱਲ ਦੀ ਵਿਲੱਖਣਤਾ ਇਸ ਗੱਲ ’ਚ ਵੀ ਹੈ ਕਿ ਉਹ ਕਾਵਿ ਸਫ਼ਰ ਤੇ ਆਪ ਵੀ ਨਿਰੰਤਰ ਤੁਰੇ ਅਤੇ ਹੋਰ ਬਹੁਤ ਸਾਰੇ ਨਵੇਂ ਸ਼ਾਇਰਾਂ ਨੂੰ ਉਂਗਲ ਫੜ ਕੇ ਤੋਰਿਆ ਵੀ। ਸਾਹਿਤ ਸਰਵਰ ਦੇ ਪ੍ਰਧਾਨ ਬਲਵਿੰਦਰ ਸਿੰਘ ਠੀਕਰੀਵਾਲਾ ਨੇ ਕਿਹਾ ਕਿ ਗਿੱਲ ਦੇ ਸ਼ਿਅਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਬੋਲਦੇ ਹਨ। ਪੁਸਤਕ ਰਿਲੀਜ਼ ਕਰਨ ਸਮੇਂ ਕੁਲਦੀਪ ਸਿੰਘ ਤਹਿਸੀਲਦਾਰ ਬਰਨਾਲਾ, ਸੁਪਰਡੈਂਟ ਕਮਲਜੀਤ ਸਿੰਘ, ਵਿਕਾਸ ਗੋਇਲ ਚੋਣ ਇੰਚਾਰਜ, ਮਨੀ ਗਰਗ, ਸਾਹਿਤ ਸਰਵਰ ਬਰਨਾਲਾ ਦੇ ਜਨਰਲ ਸਕੱਤਰ ਐਡਵੋਕੇਟ ਕੁਲਵੰਤ ਸਿੰਘ ਧਿੰਗੜ ਅਤੇ ਸਰਵਨ ਸਿੰਘ ਕਾਲਾਬੂਲਾ ਵੀ ਹਾਜ਼ਰ ਸਨ।