ਦਿੱਲੀ ਦੀ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਅਕਾਲੀਆਂ ਨੇ ਦਿੱਤਾ ਧਰਨਾ
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਖਿਲਾਫ਼ ਅਕਾਲੀਆਂ ਨੇ ਦਿੱਤਾ ਧਰਨਾ
Publish Date: Sat, 10 Jan 2026 06:11 PM (IST)
Updated Date: Sun, 11 Jan 2026 04:06 AM (IST)

ਪਾਵਰਕਾਮ ਦੇ ਐੱਸਡੀਓ ਰਾਹੀ ਰਾਜਪਾਲ ਤੇ ਸਪੀਕਰ ਨੂੰ ਭੇਜਿਆ ਮੰਗ ਪੱਤਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ’ਤੇ ਬਰਨਾਲਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਅਕਾਲੀ ਦਲ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ। ਜਿਸਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਦਿਹਾਤੀ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕੀਤੀ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾ, ਮੀਤ ਪ੍ਰਧਾਨ ਸੰਜੀਵ ਸ਼ੋਰੀ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਪ੍ਰਸਿੱਧ ਢਾਡੀ ਤੇ ਹਲਕਾ ਮਹਿਲਕਲਾਂ ਦੇ ਇੰਚਾਰਜ ਨਾਥ ਸਿੰਘ ਹਮੀਦੀ, ਬਰਨਾਲਾ ਤੋਂ ਹਲਕਾ ਇੰਚਾਰਜ ਕੁਲਵੰਤ ਸਿੰਘ, ਮੈਨੇਜਰ ਗੁਰਦੁਆਰਾ ਬਾਬਾ ਗਾਂਧਾ ਸਿੰਘ ਸੁਰਜੀਤ ਸਿੰਘ ਠੀਕਰੀਵਾਲ, ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੇਅੰਤ ਕੌਰ ਬੀਹਲਾ, ਜਤਿੰਦਰ ਜਿੰਮੀ, ਰਣਦੀਪ ਸਿੰਘ ਢਿੱਲਵਾਂ, ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ ਜਸਵੀਰ ਸਿੰਘ ਧੰਮੀ, ਸੁਖਪਾਲ ਸਿੰਘ ਸਮਰਾ, ਪਰਮਜੀਤ ਸਿੰਘ ਪੰਮਾ ਤਾਜੋਕੇ, ਜਥੇਦਾਰ ਜਰਨੈਲ ਸਿੰਘ ਭੋਤਨਾ, ਧਰਮਿੰਦਰ ਸਿੰਘ ਘੜੀਆਂ ਵਾਲਾ, ਜਸਵਿੰਦਰ ਸਿੰਘ ਪੀਏ ਆਦਿ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਹਾਜਰ ਸਨ। :ਬਾਕਸ ਨਿਊਜ: ਦਿੱਲੀ ਦੀ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਕਾਰਵਾਈ ਲਈ ਦਿੱਤਾ ਮੰਗ ਪੱਤਰ ਅਕਾਲੀ ਦਲ ਵੱਲੋਂ ਉਲੀਕੇ ਜ਼ਿਲ੍ਹਾ ਪੱਧਰੀ ਰੋਸ ਧਰਨਿਆਂ ਤਹਿਤ ਬਰਨਾਲਾ ਦੇ ਅਕਾਲੀ ਆਗੂ ਤੇ ਵਰਕਰਾਂ ਨੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਆਪ ਦੀ ਆਗੂ ਆਤਿਸ਼ੀ ਮਾਰਲੇਨਾ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਕਾਰਵਾਈ ਕਰਨ ਹਿੱਤ ਜਿਥੇ ਵੱਖ-ਵੱਖ ਬੁਲਾਰਿਆਂ ਨੇ ਮੰਚ ਤੋਂ ਸੰਬੋਧਨ ਕੀਤਾ। ਉਥੇ ਹੀ ਉਨ੍ਹਾਂ ਸ਼ਨਿਚਰਵਾਰ ਨੂੰ ਛੁੱਟੀ ਹੋਣ ਕਾਰਨ ਡੀਸੀ ਜਾਂ ਹੋਰ ਆਹਲਾ ਅਧਿਕਾਰੀ ਨੂੰ ਮੰਗ ਪੱਤਰ ਦੇਣ ਦੀ ਥਾਂ ਸਪੈਸ਼ਲ ਡਿਊਟੀ ਮੈਜਿਸਟ੍ਰੇਟ ਵਜੋਂ ਆਏ ਪਾਵਰਕਾਮ ਦੇ ਐੱਸਡੀਓ ਕ੍ਰਿਸ਼ਨ ਗੋਪਾਲ ਰਾਹੀ ਮਾਨਯੋਗ ਰਾਜਪਾਲ ਪੰਜਾਬ ਤੇ ਮਾਨਯੋਗ ਸਪੀਕਰ ਵਿਧਾਨ ਸਭਾ ਦਿੱਲੀ ਨੂੰ ਮੰਗ ਪੱਤਰ ਭੇਜਿਆ ਗਿਆ। ਜਿਸ ’ਚ ਉਨ੍ਹਾਂ ਲਿਖਤੀ ਦੋ ਵਿਸ਼ਿਆਂ ਦਾ ਜਿਕਰ ਕੀਤਾ। 6 ਜਨਵਰੀ, 2026 ਨੂੰ ਦਿੱਲੀ ਵਿਧਾਨ ਸਭਾ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਦੇ ਸਬੰਧ ’ਚ ਨਿਯਮ 270 ਦੇ ਤਹਿਤ ਵਿਸ਼ੇਸ਼ ਵਿਚਾਰ ਚਰਚਾ ਚੱਲ ਰਹੀ ਸੀ। ਇਸ ਵਿਚਾਰ ਚਰਚਾ ਦੌਰਾਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਮਾਰਲੇਨਾ ਜੋ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਹੈ ਵੱਲੋਂ ਟੋਕਾ-ਟਾਕੀ ਕਰਦੇ ਹੋਏ ਚੱਲ ਰਹੀ ਮਹੱਤਵਪੂਰਨ ਵਿਚਾਰ ਚਰਚਾ ’ਚ ਵਿਘਨ ਪਾਉਦੇ ਹੋਏ ਬੇਹੱਦ ਭੱਦੀ, ਅਪੱਤੀਜਨਕ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਦੀ ਕਦੀ ਵੀ ਆਸ ਨਹੀਂ ਕੀਤੀ ਜਾ ਸਕਦੀ। ਪਰ ਆਮ ਆਦਮੀ ਪਾਰਟੀ ਦੀ ਇਸ ਆਗੂ ਨੇ ਅਜਿਹਾ ਘਿਨਾਉਣਾ ਕਾਰਜ਼ ਕਿਤੇ ਹੋਰ ਨਹੀਂ ਬਲਕਿ ਦਿੱਲੀ ਵਿਧਾਨ ਸਭਾ ਦੇ ਅੰਦਰ ਹੀ ਕਰ ਦਿੱਤਾ ਹੈ। ਇਸ ਦੀ ਵੀਡੀਓ ਰਿਕਾਰਡਿੰਗ ਸ਼ੋਸ਼ਲ ਮੀਡੀਆ ’ਚ ਲਗਾਤਾਰ ਚੱਲ ਰਹੀ ਹੈ ਜਿਸ ਕਾਰਨ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਾਡੀ ਇਹ ਮੰਗ ਹੈ ਕਿ ਤੁਰੰਤ ਆਤਿਸ਼ੀ ਮਾਰਲੇਨਾ ਖ਼ਿਲਾਫ਼ ਆਪਰਾਧਿਕ ਕਾਰਵਾਈਆਂ ਤਹਿਤ ਕੇਸ ਦਰਜ਼ ਕਰ ਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਸ ਦੀ ਵਿਧਾਨ ਸਭਾ ਮੈਂਬਰਸ਼ਿਪ ਖਾਰਜ਼ ਕੀਤੀ ਜਾਵੇ। ਪਿਛਲੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ’ਚ ਸਿੱਖ ਗੁਰੂਆਂ ਤੇ ਸਿੱਖ ਸ਼ਖਸ਼ੀਅਤਾਂ ਸਬੰਧੀ ਕੁਝ ਅਪਮਾਨਜਨਕ ਵੀਡਿਓ ਕਲਿੱਪਸ ਚੱਲ ਰਹੀਆਂ ਹਨ। ਜਿਸ ਰਾਹੀ ਮਹਾਨ ਗੁਰੂ ਸਹਿਬਾਨ ਤੇ ਸਿੱਖ ਸ਼ਖਸ਼ੀਅਤਾਂ ਦਾ ਘੋਰ ਨਿਰਾਦਰ ਕੀਤਾ ਜਾ ਰਿਹਾ ਹੈ। ਇਹ ਵੀਡਿਓ ਕਲਿੱਪਸ ਜਿਥੇ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀਆਂ ਹਨ, ਉਥੇ ਸਮਾਜ ਵਿਚ ਬੇਚੈਨੀ ਅਤੇ ਤਣਾਅ ਵੀ ਪੈਦਾ ਕਰ ਰਹੀਆਂ ਹਨ। ਬਹੁਤ ਸਾਰੀਆਂ ਵੀਡਿਓ ਕਲਿੱਪਸ ’ਚ ਸਿੱਖ ਸੰਸਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਿ ਘੋਰ-ਅਪਮਾਨਜਨਕ ਤੇ ਸ਼ਰਮਨਾਕ ਹੈ। ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਅਜਿਹੀਆਂ ਸਾਰੀਆਂ ਵੀਡਿਓ ਕਲਿੱਪਸ ਜੋ ਸਿੱਖ ਗੁਰੂ ਸਹਿਬਾਨ, ਸਿੱਖ ਸੰਸਥਾਵਾਂ ਤੇ ਸਿੱਖ ਸ਼ਖਸ਼ੀਅਤਾਂ ਖ਼ਿਲਾਫ਼ ਕਿਰਦਾਰਕੁਸ਼ੀ ਕਰਨ ਤਹਿਤ ਪਾਈਆਂ ਜਾ ਰਹੀਆਂ ਹਨ, ਨੂੰ ਤੁਰੰਤ ਸ਼ੋਸ਼ਲ ਮੀਡੀਆ ਵਿੱਚੋਂ ਹਟਾਇਆ ਜਾਵੇ ਤੇ ਸਾਈਬਰ ਕ੍ਰਾਇਮ ਤਹਿਤ ਬਣਦੀਆਂ ਧਾਰਾਵਾਂ ਹੇਠ ਪਰਚਾ ਦਰਜ਼ ਕਰ ਕੇ ਇਸ ਸ਼ਾਜਿਸ਼ ਵਿੱਚਲੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾਵੇ ਤੇ ਸਾਰੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।