ਬਰਸਾਤ ਨੇ ਜਨ ਜੀਵਨ ਕੀਤਾ ਪ੍ਰਭਾਵਿਤ, ਠੰਡ ਵਧੀ ਤੇ ਬਾਜ਼ਰ ਰਹੇ ਸੁੰਨੇ
ਬਰਸਾਤ ਨੇ ਜਨ ਜੀਵਨ ਕੀਤਾ ਪ੍ਰਭਾਵਿਤ, ਠੰਡ ਵਧੀ ਤੇ ਬਾਜ਼ਰ ਰਹੇ ਸੁੰਨੇ
Publish Date: Thu, 19 Mar 2026 05:31 PM (IST)
Updated Date: Fri, 20 Mar 2026 04:08 AM (IST)

: ਖ਼ਰਾਬ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਇੱਕ ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਹਲਕੀ ਬਰਸਾਤ ਨੇ ਜਨਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਕਰ ਦਿੱਤਾ ਹੈ, ਮੌਸਮ ’ਚ ਇੱਕਦਮ ਤਬਦੀਲੀ ਆ ਚੁੱਕੀ ਹੈ ਤੇ ਫਿਰ ਤੋਂ ਮੌਸਮ ਠੰਡਾ ਹੋ ਚੁੱਕਿਆ ਹੈ। ਬਰਸਾਤ ਕਾਰਨ ਜਿੱਥੇ ਕਿਸਾਨਾਂ ਦੇ ਚਿਹਰੇ ਮੁਰਝਾਏ ਹਨ ਉਥੇ ਹੀ ਬਾਜ਼ਾਰਾਂ ’ਚ ਦੁਕਾਨਦਾਰ ਵੀ ਗ੍ਰਾਹਕਾਂ ਦੀ ਉਡੀਕ ਕਰਦੇ ਰਹੇ। ਠੰਡ ਵਧੀ ਤੇ ਬਾਜ਼ਾਰ ਰਹੇ ਸੁੰਨੇ, ਖਸਤਾ ਹਾਲਤ ਸੜਕਾਂ ’ਚ ਭਰਿਆ ਪਾਣੀ ਵੀਰਵਾਰ ਦੇਰ ਰਾਤ ਤੋਂ ਲਗਾਤਾਰ ਪੈ ਰਹੀ ਬਰਸਾਤ ਨੇ ਜਿੱਥੇ ਫਿਰ ਤੋਂ ਠੰਡ ਵਧਾ ਗਈ ਹੈ, ਉੱਥੇ ਹੀ ਇਕ ਬਰਸਾਤ ਕਾਰਨ ਕਿਸਾਨਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ’ਚ ਪਾ ਦਿੱਤਾ ਹੈ। ਬਰਨਾਲਾ ਦੇ ਹੰੰਡਿਆਇਆ ਬਾਜ਼ਾਰ, ਫ਼ਰਵਾਹੀ ਬਾਜ਼ਾਰ, ਕੇਸੀ ਰੋਡ, ਬੱਸ ਸਟੈਂਡ ਰੋਡ ਆਦਿ ਥਾਵਾਂ ’ਤੇ ਚਹਿਲ ਪਹਿਲ ਬਹੁਤ ਜਿਆਦਾ ਘੱਟ ਦੇਖਣ ਨੂੰ ਮਿਲੀ। ਦੁਕਾਨਦਾਰ ਸਵੇਰ ਤੋਂ ਹੀ ਗ੍ਰਾਹਕਾਂ ਦੀ ਉਡੀਕ ਕਰਦੇ ਨਜਰ ਆਏ, ਪਰ ਬਰਸਾਤ ਕਾਰਨ ਦੁਕਾਨਦਾਰਾਂ ਨੂੰ ਮੰਦੀ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ। ਬਰਸਾਤ ਕਾਰਨ ਜਿੱਥੇ ਆਵਾਜਾਈ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਉੱਥੇ ਹੀ ਦੋ ਪਹੀਆਂ ਵਾਹਨ ਚਾਲਕਾਂ ਨੂੰ ਕਾਫ਼ੀ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲਗਾਤਰ ਪਈ ਬਰਸਾਤ ਕਾਰਨ ਲੋਕਾਂ ਨੂੰ ਫਿਰ ਤੋਂ ਗਰਮ ਕੱਪੜੇ ਪਾਉਣ ਲਈ ਮਜਬੂਰ ਕਰ ਦਿੱਤਾ। ਦੁਕਾਨਦਾਰਾਂ ਨਰੇਸ਼ ਕੁਮਾਰ, ਅਵਿਨਾਸ ਗੋਇਲ, ਵਨੀਤ ਗੋਇਲ, ਰਮੇਸ਼ ਗੋਇਲ ਆਦਿ ਨੇ ਕਿਹਾ ਕਿ ਬਰਸਾਤ ਕਾਰਨ ਬਾਜ਼ਾਰਾਂ ’ਚ ਕੋਈ ਵੀ ਗ੍ਰਾਹਕ ਨਹੀਂ ਆਇਆ, ਜਿਸ ਕਾਰਨ ਉਨ੍ਹਾਂ ਨੂੰ ਸਵੇਰੇ ਤੋਂ ਹੀ ਖਾਲੀ ਹੱਥ ਘਰਾਂ ਨੂੰ ਵਾਪਸ ਮੁੜਣ ਲਈ ਮਜਬੂਰ ਹੋ ਪਿਆ। ਉਨ੍ਹਾਂ ਕਿਹਾ ਕਿ ਸਦਰ ਬਾਜ਼ਾਰ ’ਚ ਸੜਕ ਪੁੱਟੇ ਜਾਣ ਕਾਰਨ ਉੱਥੇ ਕਾਫ਼ੀ ਜ਼ਿਆਦਾ ਪਾਣੀ ਜਮ੍ਹਾਂ ਹੋ ਗਿਆ। ਇਸ ਕਾਰਨ ਲੋਕਾਂ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। : ਖ਼ਰਾਬ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਬਰਸਾਤ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ, ਲਗਾਤਾਰ ਪੈ ਰਹੀ ਬਰਸਾਤ ਕਾਰਨ ਕਣਕ ਤੇ ਸਰ੍ਹੋਂ ਦੀ ਫ਼ਸਲ ਦਾ ਕਾਫ਼ੀ ਜਿਆਦਾ ਨੁਕਸਾਨ ਹੋਣ ਦਾ ਖਸਤਾ ਵੱਧ ਗਿਆ ਹੈ। ਕਿਸਾਨ ਹਰਮੇਲ ਸਿੰਘ, ਨਛੱਤਰ ਸਿੰਘ, ਗੁਰਨੈਬ ਸਿੰਘ, ਕਰਨੈਲ ਸਿੰਘ, ਹਾਕਮ ਸਿੰਘ ਆਦਿ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ ਉੱਪਰੋ ਮੌਸਮ ਖ਼ਰਾਬ ਹੋਣ ਕਾਰਨ ਕਣਕ ਦੀ ਖੜ੍ਹ ਫਸਲ ਹੇਠਾਂ ਵਿਛ ਗਈ ਹੈ ਜਿਸ ਕਾਰਨ ਕਣਕ ਦੇ ਝਾੜ ’ਤੇ ਬਹੁਤ ਜਿਆਦਾ ਮਾੜਾ ਅਸਰ ਪਵੇਗਾ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਖ਼ਰਾਬ ਹੋਣ ਦਾ ਡਰ ਸਤਾ ਰਿਹਾ ਹੈ।