ਮਿਲਾਵਟਖੋਰੀ ਵਿਰੁੱਧ ਪ੍ਰਸ਼ਾਸਨ ਸਖ਼ਤ: 7 ਕੇਸਾਂ ’ਚ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ
ਮਿਲਾਵਟਖੋਰੀ ਵਿਰੁੱਧ ਪ੍ਰਸ਼ਾਸਨ ਸਖ਼ਤ: 7 ਕੇਸਾਂ ’ਚ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ
Publish Date: Sat, 11 Apr 2026 03:54 PM (IST)
Updated Date: Sun, 12 Apr 2026 04:00 AM (IST)

ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਨੂੰ ਲਗਾਤਾਰ ਚੈਕਿੰਗ ਦੇ ਨਿਰਦੇਸ਼ :ਜਨਵਰੀ ਤੋਂ ਮਾਰਚ ਦੌਰਾਨ ਲਏ 29 ਨਮੂਨਿਆਂ ਚੋਂ 11 ਫੇਲ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡੀਸੀ ਹਰਪ੍ਰੀਤ ਸਿੰਘ ਆਈਏਐੱਸ ਦੀ ਅਗਵਾਈ ਹੇਠ ਮੁਹਿੰਮ ਤਹਿਤ ਖਾਧ ਪਦਾਰਥਾਂ ’ਚ ਮਿਲਾਵਟਖੋਰੀ ਵਿਰੁੱਧ ਸਖ਼ਤੀ ਵਰਤੀ ਜਾ ਰਹੀ ਹੈ। ਇਸ ਤਹਿਤ ਏਡੀਸੀ (ਜ) ਵਿਵੇਕ ਕੁਮਾਰ ਮੋਦੀ ਦੀ ਅਦਾਲਤ ਵੱਲੋਂ 7 ਕੇਸਾਂ ’ਚ ਵੱਖ-ਵੱਖ ਫਰਮਾਂ/ਮਾਲਕਾਂ ਨੂੰ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਡੀਸੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੁੱਧ, ਪਨੀਰ, ਵੱਖ-ਵੱਖ ਤਰ੍ਹਾਂ ਦੇ ਤੇਲ ਸਮੇਤ ਖਾਧ/ ਡੇਅਰੀ ਪਦਾਰਥਾਂ ’ਚ ਮਿਲਾਵਟਖੋਰੀ ਰੋਕਣ ਲਈ ਸਿਹਤ ਵਿਭਾਗ ਨੂੰ ਲਗਾਤਾਰ ਚੈਕਿੰਗ ਕਰਨ ਤੇ ਨਮੂਨੇ ਭਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ। ਇਹ ਨਮੂਨੇ ਲੈਣ ਮਗਰੋਂ ਸਿਹਤ ਵਿਭਾਗ ਵਲੋਂ ਖਰੜ ਲੈਬ ’ਚ ਭੇਜੇ ਜਾਂਦੇ ਹਨ ਜਿੱਥੇ ਮਾਪਦੰਡਾਂ ’ਤੇ ਖਰਾ ਨਾ ਉਤਰਨ ਵਾਲੇ (ਸਬ ਸਟੈਂਡਰਡ) ਨਮੂਨਿਆਂ ਦੇ ਕੇਸ ਏਡੀਸੀ (ਜ) ਦੀ ਅਦਾਲਤ ’ਚ ਵਿਚਾਰੇ ਜਾਂਦੇ ਹਨ। ਏਡੀਸੀ (ਜ) ਵਿਵੇਕ ਕੁਮਾਰ ਮੋਦੀ ਆਈਏਐੱਸ ਨੇ ਦੱਸਿਆ ਕਿ 9 ਅਪ੍ਰੈਲ ਨੂੰ ਉਨ੍ਹਾਂ ਦੀ ਅਦਾਲਤ ’ਚ 7 ਕੇਸਾਂ ’ਚ 2 ਲੱਖ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ। ਇਨ੍ਹਾਂ ’ਚ ਬਰਨਾਲਾ ਦੀ ਫਰਮ ਦੇ ਮਿਲਕ ਕੇਕ ਦੇ ਨਮੂਨੇ, ਧਨੌਲਾ ਦੇ ਖੋਏ, ਘੁੰਨਸ ਦੇ ਸਰ੍ਹੋਂ ਦੇ ਤੇਲ, ਹੰਡਿਆਇਆ ਦੇ ਖਾਣਾ ਬਣਾਉਣ ਵਾਲੇ ਤੇਲ, ਘੁੰਨਸ ਦੀ ਇਕ ਹੋਰ ਫਰਮ ਦੇ ਸਰ੍ਹੋਂ ਦੇ ਤੇਲ, ਤਪਾ ਦੇ ਸਰ੍ਹੋਂ ਦੇ ਤੇਲ, ਧਨੌਲਾ ਦੀ ਇਕ ਹੋਰ ਫਰਮ ਦੇ ਪਨੀਰ ਦੇ ਨਮੂਨਿਆਂ ਦੇ ਸਬ ਸਟੈਂਡਰਡ ਹੋਣ ਦੇ ਮਾਮਲੇ ਵਿਚ ਇਹ ਜੁਰਮਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ’ਚ ਅਜਿਹੇ ਮਾਮਲਿਆਂ ’ਚ ਪੂਰੀ ਸਖ਼ਤੀ ਵਰਤੀ ਜਾਵੇਗੀ ਤਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਲੋਂ ਜਨਵਰੀ ਤੋਂ ਮਾਰਚ 2026 ਦੌਰਾਨ ਸਰੋਂ ਦੇ ਤੇਲ, ਦੁੱਧ, ਦੁੱਧ ਤੋਂ ਬਣੀਆਂ ਚੀਜ਼ਾਂ, ਘਿਓ, ਪਨੀਰ, ਖੋਏ, ਮਠਿਆਈਆਂ, ਕੁਕਿੰਗ ਤੇਲ ਦੇ 29 ਨਮੂਨੇ ਲਏ ਗਏ ਜਿਨ੍ਹਾਂ ’ਚੋਂ 18 ਨਮੂਨੇ ਪਾਸ ਹੋਏ, ਜਦਕਿ 11 ਫੇਲ ਹੋ ਗਏ।