150 ਪਰਿਵਾਰਾਂ ਨੂੰ ਮਿਲੇ ਘਰ ਦੀ ਮਾਲਕੀ ਦੇ ਅਧਿਕਾਰ
ਮੇਰਾ ਘਰ ਮੇਰੇ ਨਾਮ ਸਕੀਮ 150 ਦੇ ਕਰੀਬ ਪਰਿਵਾਰਾਂ ਨੂੰ ਮਿਲੇ ਮਾਲਕੀ ਦੇ ਅਧਿਕਾਰ
Publish Date: Thu, 09 Apr 2026 04:13 PM (IST)
Updated Date: Fri, 10 Apr 2026 04:03 AM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਅਸਲ ਮਾਲਕ ਬਣਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਹਲਕਾ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ 150 ਦੇ ਕਰੀਬ ਪਰਿਵਾਰਾਂ ਨੂੰ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕਾਂ ਦੇ ਸਰਟੀਫਿਕੇਟ ਸੌਂਪੇ। ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ, ਕਈ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਆਪਣੇ ਘਰਾਂ ’ਚ ਰਹਿ ਰਹੇ ਸਨ। ਪਰ ਉਨ੍ਹਾਂ ਕੋਲ ਕੋਈ ਵੀ ਕਾਨੂੰਨੀ ਦਸਤਾਵੇਜ਼ ਜਾਂ ਮਾਲਕਾਨਾ ਹੱਕ ਨਹੀਂ ਸੀ। ਇਸ ਕਾਰਨ ਉਨ੍ਹਾਂ ਨੂੰ ਬੈਂਕ ਲੋਨ ਲੈਣ ਜਾਂ ਘਰ ਵੇਚਣ-ਖਰੀਦਣ ਵੇਲੇ ਵੱਡੀਆਂ ਦਿੱਕਤਾਂ ਆਉਂਦੀਆਂ ਸਨ। ਉਨ੍ਹਾਂ ਕਿਹਾ ਕਿ ‘ਮੇਰਾ ਘਰ ਮੇਰੇ ਨਾਮ’ ਯੋਜਨਾ ਅਜਿਹੇ ਲੋਕਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਰਾਹੀਂ ਹੁਣ ਮੱਧਵਰਗੀ ਪਰਿਵਾਰਾਂ ਨੂੰ ਆਪਣੇ ਘਰ ਦਾ ਪੂਰਾ ਹੱਕ ਮਿਲ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਸਮਾਜਿਕ ਅਤੇ ਆਰਥਿਕ ਸੁਰੱਖਿਆ ਮਜ਼ਬੂਤ ਹੋਈ ਹੈ। ਇਸ ਮੌਕੇ ਅਜੀਤ ਪਾਲ ਸਿੰਘ ਚਹਿਲ ਐੱਸਡੀਐੱਮ ਬਰਨਾਲਾ, ਕੁਲਦੀਪ ਸਿੰਘ ਤਹਿਸੀਲਦਾਰ ਬਰਨਾਲਾ, ਨਿਰਮਲ ਸਿੰਘ ਪਟਵਾਰੀ, ਸਰਪੰਚ ਗੁਰਬਿੰਦਰ ਸਿੰਘ ਗੋਗੀ ਧਨੌਲਾ ਖੁਰਦ, ਜੋਤ ਰਾਮ ਬਾਵਾ ਪੰਚ, ਸਿੰਦਰ ਕੌਰ ਪੰਚ, ਪੰਚ ਮੰਗਤ ਸਿੰਘ, ਸੋਨੀ ਨੰਬਰਦਾਰ, ਆਪ ਆਗੂ ਜਸਵਿੰਦਰ ਸਿੰਘ, ਗੁਰਬਖਸ਼ੀਸ਼ ਸਿੰਘ ਅਤੇ ਹੋਰ ਵੀ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।