‘ਆਪ’ ਆਗੂਆਂ ਤੇ ਵਰਕਰਾਂ ਨੇ ਬਾਜਵਾ ਤੇ ਵੜਿੰਗ ਖ਼ਿਲਾਫ਼ ਕੀਤਾ ਪ੍ਰਦਰਸ਼ਨ
‘ਆਪ’ ਆਗੂਆਂ ਤੇ ਵਰਕਰਾਂ ਨੇ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ
Publish Date: Fri, 13 Feb 2026 06:29 PM (IST)
Updated Date: Sat, 14 Feb 2026 04:09 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਦੇ ਕਚਹਿਰੀ ਚੌਕ ’ਚ ਦੂਸਰੇ ਦਿਨ ਮੁੜ੍ਹ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ੁੱਕਰਵਾਰ ਨੂੰ ਇਹ ਪ੍ਰਦਰਸ਼ਨ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਧਰਨੇ ਦੀ ਅਗਵਾਈ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਭੰਗੂ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਬਰਨਾਲਾ ਤੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕੀਤੀ। ਇਸ ਪ੍ਰਦਰਸ਼ਨ ’ਚ ਵੱਡੀ ਗਿਣਤੀ ’ਚ ਆਪ ਆਗੂਆਂ ਤੇ ਵਰਕਰਾਂ ਨੇ ਸਮੂਲੀਅਤ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਮੰਤਰੀ ਹਰਭਜਨ ਸਿੰਘ ਈਟੀਓ ਬਾਰੇ ਗਲਤ ਸ਼ਬਦਾਵਲੀ ਬੋਲ ਕੇ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਕਰਨ ਦੇ ਰੋਸ ਵਜੋਂ ਸਥਾਨਕ ਕਚਹਿਰੀ ਚੌਂਕ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਭੰਗੂ ਨੇ ਕਿਹਾ ਕਿ ਦੋਵੇਂ ਆਗੂ ਮਿਹਨਤ ਦੀ ਕਮਾਈ ਕਰਨ ਵਾਲਿਆਂ ਦਾ ਮਜ਼ਾਕ ਉਡਾਉਣ ਲੱਗੇ ਹੋਏ ਹਨ, ਜੋ ਸ਼ਰਮਨਾਕ ਹੈ। ਵਿਧਾਇਕ ਲਾਭ ਸਿੰਘ ਉੰਗੋਕੇ ਨੇ ਕਿਹਾ ਕਿ ਬਾਜਵਾ ਤੇ ਵੜਿੰਗ ਵਰਗੇ ਆਗੂਆਂ ਨੂੰ ਦਲਿਤ ਤੇ ਗਰੀਬ ਪਰਿਵਾਰਾਂ ਦਾ ਕੋਈ ਜੀਅ ਮੰਤਰੀ ਬਣਦਾ ਹਜ਼ਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਹਮੇਸ਼ਾ ਪਰਿਵਾਰਵਾਦ ਨੂੰ ਉਤਸ਼ਾਹਿਤ ਕੀਤਾ ਹੈ ਜਦਕਿ ‘ਆਪ’ ਨੇ ਪਰਿਵਾਰਵਾਦ ਦੀ ਸਿਆਸਤ ਨੂੰ ਖ਼ਤਮ ਕਰਦਿਆਂ ਆਮ ਘਰਾਂ ਦੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਵਿਧਾਨ ਸਭਾ ਤੇ ਕੈਬਨਿਟ ਤੱਕ ਪਹੁੰਚਾਇਆ ਹੈ। ਬਾਜਵਾ ਵੱਲੋਂ ਵਰਤੀ ਗਈ ਸਬਦਾਬਲੀ ਬਹੁਤ ਹੀ ਮੰਦਭਾਗੀ ਘਟਨਾ ਹੈ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਸਮੂਹ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਨਾਲ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ ਹੈ। ਕਾਂਗਰਸ ਪਾਰਟੀ ਦੀ ਸਰਕਾਰ ਦੇ ਲੀਡਰ ਨਿੱਤ ਦਿਨ ਅਜਿਹੇ ਬਿਆਨ ਤੇ ਭੱਦੀ ਸਬਦਾਵਲੀ ਦਾ ਪ੍ਰਯੋਗ ਕਰ ਰਹੇ ਹਨ। ਜਿਸ ਤੋਂ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਜੋ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ, ਉਸ ਸਬੰਧੀ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਯੂਥ ਆਗੂ ਈਸਵਿੰਦਰ ਸਿੰਘ ਜੰਡੂ ਜਰਨਲ ਸੈਕਟਰੀ ਬਰਨਾਲਾ ਕਲੱਬ, ਚੇਅਰਮੈਨ ਤਰਸੇਮ ਸਿੰਘ ਕਾਹਨੇਕੇ, ਆਗੂ ਰਾਜੀਵ ਲੂਬੀ ਤੇ ਮਾ. ਭੋਲਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਆਗੂ ਤੇ ਵਰਕਰ ਹਾਜ਼ਰ ਸਨ।