ਕੇਂਦਰ ਸਰਕਾਰ ਦੇ ਬਜਟ ਨੂੰ ‘ਆਪ’, ‘ਕਾਂਗਰਸੀ ਤੇ ਅਕਾਲੀਆਂ ਨੇ ਦੱਸਿਆ ਖੋਖਲਾ
ਕੇਂਦਰ ਸਰਕਾਰ ਦੇ ਬਜਟ ਨੂੰ ‘ਆਪ’, ‘ਕਾਂਗਰਸੀ ਤੇ ਅਕਾਲੀਆਂ ਨੇ ਦੱਸਿਆ ਖੋਖਲਾ
Publish Date: Mon, 02 Feb 2026 06:06 PM (IST)
Updated Date: Tue, 03 Feb 2026 04:08 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ ਕੀਤੇ ਗਏ ਬਜਟ 2026 ਨੂੰ ਲੈ ਕੇ ਜਿੱਥੇ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਸਰਾਹਿਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਦੀ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ ਤੇ ਅਕਾਲੀ ਦਲ ਵਲੋਂ ਇਸ ਬਜਟ ਨੂੰ ਪੰਜਾਬ ਲਈ ਖੋਖਲਾ ਬਜਟ ਦੱਸਿਆ ਗਿਆ ਹੈ। ਵਿਰੋਧੀਆਂ ਨੇ ਇਸ ਬਜਟ ਨੂੰ ਪੂਰੀ ਤਰ੍ਹਾਂ ਨਾਲ ਨਕਾਰਿਆ ਹੈ ਤੇ ਇਸ ਬਜਟ ਦਾ ਵਿਰੋਧ ਕੀਤਾ ਹੈ। ਪੇਸ ਹਨ ਵੱਖ ਵੱਖ ਪਾਰਟੀ ਦੇ ਆਗੂਆਂ ਤੇ ਵਿਚਾਰ। : ਬਜਟ ’ਚ ਪੰਜਾਬ ਲਈ ਕੁੱਝ ਨਹੀਂ : ਰਾਮ ਤੀਰਥ ਮੰਨਾ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਬਜਟ ਪੇਸ ਕੀਤਾ ਗਿਆ ਹੈ, ਉਸ ਬਜਟ ’ਚ ਪੰਜਾਬ ਲਈ ਕੁੱਝ ਵੀ ਨਹੀਂ ਦਿੱਤਾ ਗਿਆ ਹੈ। ਕੇਂਦਰ ਸਰਕਾਰ ਵਲੋਂ ਪੇਸ ਬਜਟ ’ਚ ਪੰਜਾਬ ਲਈ ਕੋਈ ਖਾਸ ਪੈਕੇਜ ਨਹੀਂ ਦਿੱਤਾ ਗਿਆ ਹੈ ਤੇ ਨਾ ਹੀ ਕੋਈ ਨਵਾਂ ਪ੍ਰੋਜੈਕਟ ਤੇ ਨਾ ਹੀ ਕਿਸਾਨਾਂ, ਵਪਾਰੀਆਂ, ਉਦਯੋਗਾਂ, ਨੌਜਵਾਨਾਂ ਜਾਂ ਸਰਹੱਦੀ ਇਲਾਕਿਆਂ ਲਈ ਕੋਈ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਬਜਟ ’ਚ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਹੈ। ਬਜਟ ’ਚ ਬੇਰੁਜ਼ਗਾਰਾਂ ਲਈ ਕੁੱਝ ਨਹੀਂ : ਮਹੇਸ਼ ਲੋਟਾ ਕਾਂਗਰਸ ਪਾਰਟੀ ਦੇ ਸਹਿਰੀ ਬਲਾਕ ਪ੍ਰਧਾਨ ਮਹੇਸ ਕੁਮਾਰ ਲੋਟਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਬਜਟ ਪੇਸ ਕੀਤੇ ਗਿਆ ਹੈ, ਉਸ ’ਚ ਦੇਸ ਦੇ ਵੱਡੀ ਗਿਣਤੀ ’ਚ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ ਕੁੱਝ ਵੀ ਨਹੀਂ ਦਿੱਤਾ ਗਿਆ ਹੈ ਤੇ ਨਾ ਕਿਸੇ ਵੀ ਤਰ੍ਹਾਂ ਦੀਆਂ ਨੌਕਰੀਆਂ ਦਾ ਐਲਾਨ ਕੀਤਾ ਗਿਆ ਹੈ। ਬੇਰੁਜ਼ਗਾਰਾਂ ਲਈ ਇਸ ਬਜਟ ’ਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਕੇਂਦਰ ਸਰਕਾਰ ਵਲੋਂ ਪੰਜਾਬ ਦੇ ਨੌਜਵਾਨਾਂ ਲਈ ਵੀ ਕੋਈ ਸਹੂਲਤ ਨਹੀਂ ਦਿੱਤੀ ਗਈ। ਇਹ ਬਜਟ ਪੂਰੀ ਤਰ੍ਹਾਂ ਨਾਲ ਖੋਖਲਾ ਬਜਟ ਹੈ। ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੀ ਰਾਹਤ : ਰਾਹੀ ਐਡਵੋਕੇਟ ਸਤਨਾਮ ਸਿੰਘ ਰਾਹੀ ਜਿਲ੍ਹਾ ਪ੍ਰਧਾਨ ਦਿਹਾਤੀ ਸ੍ਰੋਮਣੀ ਅਕਾਲੀ ਦਲ ਤੇ ਹਲਕਾ ਇੰਚਾਰਜ਼ ਭਦੌੜ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਸ ਕੀਤੇ ਬਜਟ 2026 ’ਚ ਪੰਜਾਬ ਦੇ ਕਿਸਾਨਾਂ ਲਈ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ਕੇਂਦਰ ਸਰਕਾਰ ਨੇ ਫਿਰ ਤੋਂ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਫਿਰ ਤੋਂ ਅਣਗੌਲਿਆ ਕੀਤਾ ਹੈ। ਯੂਰੀਆ ਸਬਸਿਡੀ ’ਚ ਕਟੌਤੀ ਕਰ ਦਿੱਤੀ ਗਈ ਹੈ ਤੇ ਮਹਿੰਗਾਈ ਦੇ ਦੌਰ ’ਚ ਆਮ ਆਦਮੀ ਨੂੰ ਕੋਈ ਰਾਹਤ ਨਹਂੀਂ ਮਿਲੀ। ਇਸ ਬਜਟ ਕਿਸਾਨ ਪੱਖੀ ਨਹੀਂ ਹੈ। ਪੰਜਾਬ ਨੂੰ ਇਸ ਬਜਟ ’ਚੋਂ ਕੀਤਾ ਦੂਰ: ਰੰਮੀ ਢਿੱਲੋਂ ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਰੰਮੀ ਢਿੱਲੋਂ ਨੇ ਕੇਂਦਰ ਸਰਕਾਰ ਵਲੋਂ ਪੇਸ ਕੀਤੇ ਬਜਟ ਦਾ ਵਿਰੋਧ ਕਰਦਿਆਂ ਕਿਹਾ ਕਿ ਕੇਂਦਰ ਬਜਟ ’ਚ ਪੰਜਾਬ ਨੂੰ ਨਜ਼ਰਅੰਦਾਜ ਕੀਤਾ ਗਿਆ ਹੈ। ਬਜਟ ’ਚ ਨਾ ਤਾਂ ਪੰਜਾਬ ਲਈ ਕੋਈ ਵਿਸੇ਼ਸ਼ ਵਿੱਤੀ ਮੱਦਦ ਦਾ ਪ੍ਰਬੰਧ ਕੀਤਾ ਗਿਆ ਤੇ ਨਾ ਹੀ ਕਿਸਾਨਾਂ ਲਈ ਕੋਈ ਰਾਹਤ ਪੈਕੇਜ ਰੱਖਿਆ ਗਿਆ ਹੈ। ਪੰਜਾਬ ਦੇਸ ਦਾ ਅੰਨਦਾਤਾ ਹੈ ਪਰ ਬਜਟ ’ਚ ਪੰਜਾਬ ਲਈ ਕਿਸੇ ਵੀ ਵਿਸ਼ੇਸ਼ ਪੈਕੇਜ ਦਾ ਐਲਾਨ ਨਾ ਕਰਨਾ ਕੇਂਦਰ ਦੀ ਮਾੜੀ ਨੀਅੱਤ ਨੂੰ ਦਰਸਾਉਂਦਾ ਹੈ।