ਸੂਬਾ ਸਰਕਾਰ ਕਈਆਂ ਨੂੰ ਦੇ ਰਹੀ ਗੱਫੇ, ਕਈਆਂ ਨੂੰ ਧੱਫੇ
ਆਮ ਆਦਮੀ ਪਾਰਟੀ ਦੀ
Publish Date: Tue, 24 Mar 2026 05:36 PM (IST)
Updated Date: Wed, 25 Mar 2026 04:02 AM (IST)

ਆਪ ਸਰਕਾਰ ਇਕ ਪਾਸੇ ਦੇ ਰਹੀ ਸਹੂਲਤ, ਦੂਜੇ ਪਾਸੇ ਕੱਢ ਰਹੀ ਕਚੂਮਰ, ਲੋਕਾਂ ਚ ਰੋਸ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਜਿੱਥੇ ਇੱਕ ਪਾਸੇ ਸੱਤਾ ਧਿਰ ਵੱਲੋਂ ਵਪਾਰੀਆਂ ਤੇ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ,ਉੱਥੇ ਦੂਜੇ ਵਿੰਗੇ ਟੇਢੇ ਢੰਗ ਨਾਲ ਲੋਕਾਂ ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਮਾਮਲਾ ਇਸ ਤਰ੍ਹਾਂ ਹੈ ਕਿ ਪਿਛਲੇ ਲੰਘੇ ਸਾਲਾਂ ’ਚ ਤਹਿਸੀਲ ਕੰਪਲੈਕਸ ਤਪਾ ਵਿਖੇ ਲੋਕਾਂ ਨੇ ਜੋ ਰਜਿਸਟਰੀਆਂ ਕਰਵਾਈਆਂ ਹਨ ਉਨਾਂ ਰਜਿਸਟਰੀਆਂ ’ਚ ਆਡਿਟ ਵਿਭਾਗ ਵੱਲੋਂ ਨੁਕਸ ਕੱਢ ਕੇ ਜਾਂ ਅਸ਼ਟਾਮ ਦੀ ਕਮੀ ਦੱਸ ਕੇ ਲੋਕਾਂ ਨੂੰ ਲੱਖਾਂ ਰੁਪਈਆ ਭਰਨ ਲਈ ਕਹਿ ਦਿੱਤਾ ਹੈ। ਤਹਿਸੀਲ ਕੰਪਲੈਕਸ ’ਚ ਨੋਟਿਸ ਹੱਥਾਂ ’ਚ ਲੈ ਕੇ ਭਰਨ ਆਏ ਲੋਕ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਇਲਾਕੇ ਅਤੇ ਪਿੰਡਾਂ ਦੇ ਲੋਕਾਂ ਚ ਤਰਥੱਲੀ ਮੱਚ ਪਈ ਹੈ। ਭਾਵੇਂ ਸਬੰਧਤ ਮਾਲਕਾਂ ਵੱਲੋਂ ਅਧਿਕਾਰੀਆਂ ਵੱਲੋਂ ਕੱਢੇ ਗਏ ਨੋਟਿਸਾਂ ਦੀ ਰਕਮ ਭਰ ਦਿੱਤੀ ਭਰੀ ਜਾ ਰਹੀ ਹੈ। ਉੱਥੇ ਦੂਜੇ ਪਾਸੇ ਉਹਨਾਂ ਵੱਲੋਂ ਸਰਕਾਰ ਵਿਰੁੱਧ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ ਵੱਖ ਪਿੰਡਾਂ ਤੋਂ ਆਪਣੇ ਨੋਟਿਸਾਂ ਦੀ ਰਕਮ ਭਰਨ ਆਏ ਕਿਸਾਨਾਂ ਅਵਤਾਰ ਸਿੰਘ, ਗੁਰਜੰਟ ਸਿੰਘ,ਮੇਜਰ ਸਿੰਘ ਆਦਿ ਹੋਰ ਨੇ ਦੱਸਿਆ ਕਿ ਆਡਿਟ ਕਰਨ ਆਏ ਅਧਿਕਾਰੀਆਂ ਨੇ ਬਿਨਾਂ ਕੋਈ ਜਾਣਕਾਰੀ ਦਿੰਦਿਆਂ ਧੜਾਧੜ ਕਿਸਾਨਾਂ ਅਤੇ ਵਪਾਰੀਆਂ ਨੂੰ ਨੋਟਿਸ ਕੱਢ ਦਿੱਤੇ। ਜਦ ਕਿ ਉਨ੍ਹਾਂ ਵੱਲੋਂ ਪਿਛਲੇ ਸਾਲਾਂ ਤੋਂ ਚੱਲਦੀਆਂ ਆ ਰਹੀਆਂ ਰਜਿਸਟਰੀਆਂ ਮੁਤਾਬਿਕ ਹੀ ਆਪੋ ਆਪਣੇ ਅਸਟਾਮ ਜਾਂ ਹੋਰ ਦਸਤਾਵੇਜ਼ ਲਗਾਏ ਗਏ ਹਨ ਜਦ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਨਵਾਂ ਹੀ ਸਿਸਟਮ ਜਾਰੀ ਕਰਦਿਆਂ ਨੋਟਿਸ ਕੱਢ ਦਿੱਤੇ ਹਨ। ਕਿਸਾਨਾਂ ਵੱਲੋਂ ਦੋਸ਼ ਲਗਾਏ ਗਏ ਹਨ ਕੀ ਜਦੋਂ ਉਨਾਂ ਨੇ ਪਿਛਲੇ ਸਮੇਂ ਰਜਿਸਟਰੀਆਂ ਕਰਵਾਈਆਂ ਸਨ ਤਾਂ ਉਨ੍ਹਾਂ ਨੇ ਉਸ ਵਕਤ ਪੂਰੇ ਅਸ਼ਟਾਮ ਪੇਪਰ ਲਗਾਏ ਹਨ ਤਦ ਹੀ ਅਧਿਕਾਰੀਆਂ ਵੱਲੋਂ ਰਜਿਸਟਰੀਆਂ ਕੀਤੀਆਂ ਗਈਆਂ ਸਨ ਸਰਕਾਰ ਆਪਣਾ ਖਾਲੀ ਖਜ਼ਾਨਾ ਭਰਨ ਲਈ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਇਸ ਤੋਂ ਇਲਾਵਾ ਤਹਿਸੀਲ ਕੰਪਲੈਕਸ ਵਿਖੇ ਆਏ ਵਪਾਰੀਆਂ ਨੇ ਵੀ ਆਪਣਾ ਰੋਸ ਜਾਹਰ ਕਰਦਿਆਂ ਕਿਹਾ ਕਿ ਜਿੱਥੇ ਸਰਕਾਰ ਵੱਲੋਂ ਟਰੇਡ ਵਿੰਗ ਬਣਾ ਕੇ ਵਪਾਰੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਦੂਰ ਦੀ ਗੱਲ ਰਹੀ, ਉੱਥੇ ਹੁਣ ਇਹ ਨਵਾਂ ਹੀ ਸਿਸਟਮ ਚਲਾ ਕੇ ਵਪਾਰੀਆਂ ਦੀ ਸੰਘੀ ਘੋਟ ਦਿੱਤੀ ਹੈ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ’ਚ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਲੋਕਾਂ ਨੇ ਕਿਹਾ ਕੀ ਸਰਕਾਰ ਲੋੜਵੰਦ ਲੋਕਾਂ ਨੂੰ ਸਹੂਲਤਾਂ ਜਾਰੀ ਰੱਖੇ ਪ੍ਰੰਤੂ ਉਹ ਮਿਡਲ ਕਲਾਸ ਦੀਆਂ ਲੋੜਾਂ ਨੂੰ ਵੀ ਧਿਆਨ ’ਚ ਰੱਖੇ ਕਿਉਂਕਿ ਦਰਮਿਆਨਾ ਵਰਗ ਚੱਕੀ ਦੇ ਦੋਹਾਂ ਪੁੜਾਂ ’ਚ ਪਿਸ ਰਿਹਾ ਹੈ।