- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਿੱਡ ਠੁੱਲੀਵਾਲ ’ਚ ਫੀਡਰ ਚਲਾਉਂਦੇ ਸਮੇਂ ਦਰਦਨਾਕ ਹਾਦਸਾ, ਕਰੰਟ ਲੱਗਣ ਨਾਲ ਮੀਟਰ ਰੀਡਰ ਦੀ ਮੌਤ, ਦੋ ਬਿਜਲੀ ਮੁਲਾਜ਼ਮ ਗੰਭੀਰ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਿਜਲੀ ਵਿਭਾਗ ਨਾਲ ਸਬੰਧਤ ਇਕ ਬਹੁਤ ਹੀ ਦਰਦਨਾਕ ਹਾਦਸੇ ’ਚ ਕਰੰਟ ਲੱਗਣ ਕਾਰਨ ਇਕ ਬਿਜਲੀ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ 2 ਹੋਰ ਕਰਮਚਾਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਹ ਹਾਦਸਾ ਲੰਘੀ ਰਾਤ 66 ਕੇਵੀ ਗਰਿੱਡ ਸਬ ਸਟੇਸ਼ਨ ਠੁੱਲੀਵਾਲ ਵਿਖੇ ਉਸ ਵੇਲੇ ਵਾਪਰਿਆ, ਜਦੋਂ ਪਿੰਡ ਹਮੀਦੀ ਅਤੇ ਗੁਰਮ ਦੇ ਫੀਡਰ ਨੂੰ ਚਲਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਫੀਡਰ ਚਾਲੂ ਕਰਨ ਦੌਰਾਨ ਅਚਾਨਕ ਕਰੰਟ ਆਣ-ਜਾਣ ਕਾਰਨ ਬਿਜਲੀ ਵਿਭਾਗ ਦੇ ਤਿੰਨ ਕਰਮਚਾਰੀ ਕਰੰਟ ਦੀ ਲਪੇਟ ’ਚ ਆ ਗਏ। ਇਸ ਹਾਦਸੇ ’ਚ ਮੀਟਰ ਰੀਡਰ ਮਲਕੀਤ ਸਿੰਘ ਛੀਨੀਵਾਲ (56 ਸਾਲ) ਵਾਸੀ ਪਿੰਡ ਛੀਨੀਵਾਲ ਕਲਾਂ, ਥਾਣਾ ਮਹਿਲ ਕਲਾਂ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਚਮਕੌਰ ਸਿੰਘ (ਸੀਐੱਚਵੀ, ਪਿੰਡ ਕੁਰੜ) ਤੇ ਬੇਅੰਤ ਸਿੰਘ (ਡਰਾਈਵਰ), ਵਾਸੀ ਮਾਂਗੇਵਾਲ ਵੀ ਗੰਭੀਰ ਤੌਰ ’ਤੇ ਝੁਲਸ ਗਏ। ਦੋਹਾਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਪਹਿਲਾਂ ਨੇੜਲੇ ਸਿਹਤ ਕੇਂਦਰ ਤੇ ਬਾਅਦ ’ਚ ਡੀਐੱਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਨਾਜੁਕ ਪਰ ਸਥਿਰ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਅਤੇ ਇਲਾਕੇ ਦੇ ਲੋਕ ਮੌਕੇ ’ਤੇ ਪੁੱਜ ਗਏ। ਮੀਟਰ ਰੀਡਰ ਮਲਕੀਤ ਸਿੰਘ ਛੀਨੀਵਾਲ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਾਵਰਕਾਮ ਸਬ-ਡਿਵੀਜ਼ਨ ਠੁੱਲੀਵਾਲ ਵਿਖੇ ਮੀਟਰ ਰੀਡਰ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਸੀ। ਮਲਕੀਤ ਸਿੰਘ ਛੀਨੀਵਾਲ ਦੀ ਕਰੰਟ ਲੱਗਣ ਨਾਲ ਅਚਾਨਕ ਮੌਤ ਹੋ ਜਾਣ ਨਾਲ ਪਰਿਵਾਰ ਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ। ਮਰਹੂਮ ਮਲਕੀਤ ਸਿੰਘ ਛੀਨੀਵਾਲ ਆਪਣੇ ਪਿੱਛੇ ਪਤਨੀ ਅਤੇ 2 ਬੇਟਿਆਂ ਨੂੰ ਰੋਂਦਿਆਂ ਛੱਡ ਗਏ ਹਨ। ਉਨ੍ਹਾਂ ਦੇ ਦੋਵੇਂ ਬੇਟੇ ਵਿਦੇਸ਼ਾਂ ’ਚ ਵਸਦੇ ਹਨ ਇਕ ਕੈਨੇਡਾ ਅਤੇ ਦੂਜਾ ਨਿਊਜ਼ੀਲੈਂਡ ’ਚ। ਇਸ ਮੌਕੇ ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਬਰਨਾਲਾ ਵੱਲੋਂ ਪ੍ਰਧਾਨ ਸਤਿੰਦਰ ਪਾਲ ਸਿੰਘ ਜੱਸੜ, ਸਕੱਤਰ ਕੁਲਵੀਰ ਸਿੰਘ ਔਲਖ, ਪਾਵਰਕਾਮ ਸਬ ਡਵੀਜ਼ਨ ਠੁੱਲੀਵਾਲ ਦੇ ਐੱਸਡੀਓ ਇੰਜੀਨੀਅਰ ਰਵੀ ਪ੍ਰਕਾਸ ਬਰਨਾਲਾ, ਜੇਈ ਬਲਰਾਜ ਸਿੰਘ ਅਤੇ ਹਰਦੇਵ ਸਿੰਘ, ਸੇਵਾ ਮੁਕਤ ਜਈ ਜਰਨੈਲ ਸਿੰਘ ਠੁੱਲੀਵਾਲ, ਭੋਲਾ ਸਿੰਘ ਗੁੰਮਟੀ, ਦਰਸ਼ਨ ਸਿੰਘ ਦਸੁੰਦਾ ਸਿੰਘ ਵਾਲਾ, ਰੁਲਦੂ ਸਿੰਘ ਗੁੰਮਟੀ ਅਤੇ ਰਾਣੀ ਕੌਰ ਮਹਿਲ ਕਲਾਂ ਵੱਲੋਂ ਮਰਹੂਮ ਸਾਥੀ ਮਲਕੀਤ ਸਿੰਘ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪਾਵਰਕੌਮ ਲਈ ਉਨ੍ਹਾਂ ਦੀਆਂ ਸੇਵਾਵਾਂ ਅਤੇ ਜਥੇਬੰਦੀ ਵਿੱਚ ਨਿਭਾਇਆ ਗਿਆ ਚੇਤੰਨ ਆਗੂ ਰੋਲ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸਰਪੰਚ ਪਰਮਜੀਤ ਕੌਰ ਸਿੱਧੂ ਠੁੱਲੀਵਾਲ, ਸਰਪੰਚ ਓਮਨਦੀਪ ਸਿੰਘ ਸੋਹੀ ਹਮੀਦੀ, ਬਲਾਕ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ, ਐਨਆਰਆਈ ਕਬੱਡੀ ਕਲੱਬ ਹਮੀਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਣੂ, ਸਾਬਕਾ ਚੇਅਰਮੈਨ ਕਰਨੈਲ ਸਿੰਘ ਠੁੱਲੀਵਾਲ, ਬਲਵੀਰ ਸਿੰਘ ਧਾਲੀਵਾਲ ਠੁੱਲੀਵਾਲ, ਕਿਸਾਨ ਆਗੂ ਨਾਜਰ ਸਿੰਘ ਧਾਲੀਵਾਲ, ਮੇਵਾ ਸਿੰਘ ਭੱਟੀ ਠੁੱਲੀਵਾਲ ਸਾਬਕਾ ਬਲਾਕ ਸੰਮਤੀ ਮੈਂਬਰ ਜਰਨੈਲ ਸਿੰਘ ਭੋਲਾ, ਨੰਬਰਦਾਰ ਸੁਖਵਿੰਦਰ ਸਿੰਘ ਠੁੱਲੀਵਾਲ ਅਤੇ ਹਰਜਿੰਦਰ ਸਿੰਘ ਸੋਹੀ ਨੇ ਮੀਟਰ ਰੀਡਰ ਮਲਕੀਤ ਸਿੰਘ ਛੀਨੀਵਾਲ ਦੀ ਮੌਤ ਤੇ ਡੂੰਘੇ ਦੁੱਖ ਦਾ ਇਜਹਾਰ ਕੀਤਾ।