ਵੇਨੇਜ਼ੁਏਲਾ ਦੇ ਲੋਕਾਂ ਦੇ ਹੱਕ ’ਚ ਕੀਤੀ ਇਕਜੁੱਟਤਾ
ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਵੇਨੇਜ਼ੁਏਲਾ ਦੇ ਲੋਕਾਂ ਦੇ ਹੱਕ ’ਚ ਇੱਕਜੁੱਟਤਾ
Publish Date: Mon, 12 Jan 2026 04:11 PM (IST)
Updated Date: Tue, 13 Jan 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ਼ਾਰੇ ਤੇ ਅਮਰੀਕੀ ਫ਼ੌਜ ਵੱਲੋਂ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਸਦੀ ਪਤਨੀ ਨੂੰ ਅਗਵਾ ਕਰਕੇ ਗ੍ਰਿਫਤਾਰ ਕਰਨ ਖ਼ਿਲਾਫ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵੱਲੋਂ ਕਚਹਿਰੀ ਚੌਂਕ ’ਚ ਅਮਰੀਕੀ ਸਾਮਰਾਜਵਾਦ ਮੁਖੀ ਟਰੰਪ ਦੀ ਅਰਥੀ ਸਾੜੀ ਗਈ ਅਤੇ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਵੇਨੇਜ਼ੁਏਲਾ ਦੇ ਲੋਕਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਆਗੂ ਡਾਕਟਰ ਰਾਜਿੰਦਰ ਸਿੰਘ, ਹਰਮਨਦੀਪ ਸਿੰਘ ਹਿੰਮਤਪੁਰਾ, ਗੁਰਪ੍ਰੀਤ ਰੂੜੇਕੇ,ਖੁਸ਼ੀਆਂ ਸਿੰਘ,ਚਰਨਜੀਤ ਕੌਰ,ਮਨੋਰ ਲਾਲ, ਇਕਬਾਲ ਕੌਰ ਉਦਾਸੀ ਅਤੇ ਸਮੂਹ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੇ ਆਗੂਆ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੀਤਾ ਗਿਆ ਇਹ ਹਮਲਾ ਮਹਿਜ਼ ਵਿਅਕਤੀਗਤ ਹਮਲਾ ਨਹੀਂ ਬਲਕਿ ਸਾਮਰਾਜੀ ਨੀਤੀਆਂ ਦੇ ਉਲਟ ਚੱਲਣ ਵਾਲੇ ਦੇਸ਼ ਖਿਲਾਫ਼ ਸਾਮਰਾਜਵਾਦੀ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਵੇਨੇਜ਼ੁਏਲਾ ਦੇ ਤੇਲ ਅਤੇ ਹੋਰ ਕੁਦਰਤੀ ਸੋਮਿਆਂ ਤੇ ਕਬਜ਼ੇ ਲਈ ਹਮਲਾ ਹੈ।ਇਸ ਮੌਕੇ ਆਗੂਆਂ ਨੇ ਕਿਹਾ ਕਿ 1960 ਤੋਂ ਲੈਕੇ ਅਮਰੀਕੀ ਸਾਮਰਾਜਵਾਦ ਦਾ ਇਤਿਹਾਸ ਦੂਜੇ ਦੇਸ਼ਾਂ ਦੀਆਂ ਚੁਣੀਆਂ ਹੋਈਆਂ ਲੋਕ ਪੱਖੀ ਸਰਕਾਰਾਂ ਨੂੰ ਉਲਟਾਉਣ ਅਤੇ ਉੱਥੋਂ ਦੇ ਮਾਲ ਖਜ਼ਾਨਿਆਂ ਤੇ ਕਬਜ਼ਾ ਕਰਨ ਦਾ ਕਾਲਾ ਇਤਿਹਾਸ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮਕਸਦ ਮਹਿਜ਼ ਇੱਕ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਗ੍ਰਿਫਤਾਰ ਕਰਨਾ ਹੀ ਨਹੀਂ ਬਲਕਿ ਦੁਨੀਆਂ ਭਰ ’ਚ ਅਮਰੀਕੀ ਚੌਧਰ ਨੂੰ ਕਾਇਮ ਕਰਦੇ ਹੋਏ ਦੁਨੀਆਂ ਭਰ ਦੀਆਂ ਸਰਕਾਰਾਂ ਅਤੇ ਆਮ ਲੋਕਾਂ ’ਚ ਦਹਿਸ਼ਤ ਫੈਲਾਉਣਾ ਹੈ। ਪਰ ਇਸਦੇ ਬਾਵਜੂਦ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਵੇਨੇਜ਼ੁਏਲਾ ਦੇ ਲੋਕਾਂ ’ਚ ਅਮਰੀਕੀ ਸਾਮਰਾਜਵਾਦ ਦੇ ਖ਼ਿਲਾਫ਼ ਭਾਰੀ ਰੋਹ ਹੈ, ਵੇਨੇਜ਼ੁਏਲਾ ਦੀ ਜਨਤਾ ਸਮੇਤ ਪੂਰੀ ਦੁਨੀਆ ਦੇ ਇਨਸਾਫ਼ ਪਸੰਦ ਅਤੇ ਜਮਹੂਰੀ ਤਾਕਤਾਂ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਅਤੇ ਵੇਨੇਜ਼ੁਏਲਾ ਦੀ ਬਹਾਦਰ ਜਨਤਾ ਨਾਲ ਹਨ। ਇਸ ਮੌਕੇ ਆਗੂਆਂ ਨੇ ਕਿਹਾ ਕਿ ਭਾਰਤ ਦੀ ਯੂਨੀਅਨ ਸਰਕਾਰ ਨੂੰ ਵੀ ਅਮਰੀਕੀ ਸਾਮਰਾਜਵਾਦ ਦੇ ਖ਼ਿਲਾਫ਼ ਵੇਨੇਜ਼ੁਏਲਾ ਦੀ ਰਾਸ਼ਟਰਪਤੀ ਅਤੇ ਉਸਦੀ ਪਤਨੀ ਨੂੰ ਰਿਹਾਅ ਕਰਵਾਏ ਜਾਣ ਅਤੇ ਦੂਜੇ ਦੇਸ਼ਾਂ ਦੇ ਕੁਦਰਤੀ ਸੋਮਿਆਂ ਤੋਂ ਉਸਦਾ ਹੱਥ ਪਿਛਾਂਹ ਖਿੱਚੇ ਜਾਣ ਲਈ ਸਪੱਸ਼ਟ ਸਟੈਂਡ ਲੈਣਾ ਚਾਹੀਦਾ ਹੈ।