ਸ਼ਰਾਬ ਦੇ ਠੇਕੇ ’ਤੇ ਲੁੱਟ, ਨਕਦੀ, ਸ਼ਰਾਬ ਦੀਆਂ ਪੇਟੀਆਂ ਤੇ ਮੋਬਾਈਲ ਲੈ ਕੇ ਫ਼ਰਾਰ
ਚੰਨਣਵਾਲ ਰੋਡ ਪਿੰਡ ਰਾਏਸਰ ਵਿਖੇ ਦਿਨ ਦਿਹਾੜੇ ਸ਼ਰਾਬ ਦੇ ਠੇਕੇ ’ਤੇ ਲੁੱਟ, ਨਕਦੀ, ਸ਼ਰਾਬ ਦੀਆਂ ਪੇਟੀਆਂ ਤੇ ਮੋਬਾਇਲ ਲੈ ਕੇ ਫਰਾਰ
Publish Date: Tue, 03 Feb 2026 04:58 PM (IST)
Updated Date: Wed, 04 Feb 2026 04:05 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਚੰਨਣਵਾਲ ਰੋਡ ’ਤੇ ਪਿੰਡ ਰਾਏਸਰ ਨੇੜੇ ਸਥਿਤ ਜਿੰਦਲ ਵਾਇਨ ਗਰੁੱਪ ਨਾਲ ਸਬੰਧਿਤ ਸ਼ਰਾਬ ਦੇ ਠੇਕੇ ’ਤੇ ਦਿਨ ਦਿਹਾੜੇ ਹਥਿਆਰਬੰਦ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤਿੰਨ ਨੌਜਵਾਨ ਇਕ ਗੱਡੀ ’ਚ ਸਵਾਰ ਹੋ ਕੇ ਠੇਕੇ ’ਤੇ ਪਹੁੰਚੇ ਅਤੇ ਹਥਿਆਰਾਂ ਦੇ ਜ਼ੋਰ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਠੇਕੇ ਦੇ ਮਾਲਕ ਬੱਬੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੁਪਹਿਰ ਕਰੀਬ ਤਿੰਨ ਵਜੇ ਦੇ ਆਸਪਾਸ ਪਿੰਡ ਰਾਏਸਰ ਵਾਲੀ ਸਾਈਡ ਤੋਂ ਇੱਕ ਗੱਡੀ ’ਚ ਸਵਾਰ ਤਿੰਨ ਨੌਜਵਾਨ ਠੇਕੇ ’ਤੇ ਆਏ। ਜਦੋਂ ਸੇਲਜ਼ਮੈਨ ਕੱਪੜੇ ਸੁੱਕਣੇ ਪਾ ਕੇ ਠੇਕੇ ਅੰਦਰ ਜਾਣ ਲੱਗਾ ਤਾਂ ਇੱਕ ਨੌਜਵਾਨ ਉਸ ਦੇ ਮਗਰ ਹੀ ਅੰਦਰ ਦਾਖਲ ਹੋ ਗਿਆ, ਜਦਕਿ ਦੂਜਾ ਵਿਅਕਤੀ ਠੇਕੇ ਤੋਂ ਬਾਹਰ ਖੜਾ ਰਿਹਾ ਅਤੇ ਤੀਜਾ ਨੌਜਵਾਨ ਗੱਡੀ ’ਚ ਬੈਠਾ ਰਿਹਾ। ਉਨ੍ਹਾਂ ਦੱਸਿਆ ਕਿ ਅੰਦਰ ਦਾਖਲ ਹੋਏ ਨੌਜਵਾਨ ਨੇ ਅਚਾਨਕ ਦਾਹ ਕੱਢ ਕੇ ਸੇਲਜ਼ਮੈਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਇਸ ਤੋਂ ਬਾਅਦ ਲੁੱਟੇਰਿਆਂ ਨੇ ਸੇਲਜ਼ਮੈਨ ਨਾਲ ਡੰਡਿਆਂ ਨਾਲ ਕੁੱਟਮਾਰ ਕੀਤੀ ,9 ਹਜ਼ਾਰ ਰੁਪਏ ਨਕਦੀ, ਗੱਲੇ ਸਮੇਤ ਲਗਭਗ 24 ਹਜ਼ਾਰ ਰੁਪਏ ਦੀ ਕੀਮਤ ਦੀਆਂ ਦੋ ਪੇਟੀਆਂ ਬਰੈਂਡਿਡ ਸ਼ਰਾਬ ਅਤੇ ਕਰੀਬ 10 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਇਲ ਫ਼ੋਨ ਲੁੱਟ ਕੇ ਫਰਾਰ ਹੋ ਗਏ। ਠੇਕੇਦਾਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਦਿਨ ਦਿਹਾੜੇ ਠੇਕਿਆਂ ਨੂੰ ਨਿਸ਼ਾਨਾ ਬਣਾਇਆ ਜਾਣ ਕਾਰਨ ਠੇਕੇਦਾਰਾਂ ਅਤੇ ਕਰਮਚਾਰੀਆਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਥਾਣਾ ਮਹਿਲ ਕਲਾਂ ਨੂੰ ਤੁਰੰਤ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ । ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਸੰਪਰਕ ਕਰਨ ਤੇ ਕਿਹਾ ਇਸ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।