- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਫ਼ਰਵਾਹੀ ਵਿਖੇ ਜੈੱਕਾਂ ਰਾਹੀ ਉੱਚਾ ਚੁੱਕਿਆ ਜਾ ਰਿਹਾ ਮਕਾਨ ਹੋਇਆ ਢਹਿ ਢੇਰੀ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਜਿਲ੍ਹੇ ਦੇ ਪਿੰਡ ਫ਼ਰਵਾਹੀ ’ਚ ਮੂੰਹ ਹਨੇਰੇ ਹੀ ਜੈੱਕਾਂ ਰਾਹੀ ਉੱਚਾ ਚੁੱਕੇ ਜਾ ਰਹੇ ਮਕਾਨ ਦੇ ਅਚਾਨਕ ਡਿੱਗ ਜਾਣ ਕਾਰਨ ਮਕਾਨ ਦੇ ਮਲਬੇ ’ਚ ਦੱਬੇ ਜਾਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਘਟਨਾ ਵਾਪਰਨ ’ਤੇ ਸਾਰਾ ਪਿੰਡ ਘਟਨਾ ਵਾਲੀ ਥਾਂ ’ਤੇ ਪੁੱਜਿਆ ਤੇ ਮਲਬੇ ’ਚ ਦੱਬੇ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ ਕਰਨ ਲੱਗੇ। ਘਟਨਾ ਨੂੰ ਲੈ ਕੇ ਪੁਲਿਸ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ।
: ਕੀ ਹੈ ਮਾਮਲਾ
ਜਾਣਕਾਰੀ ਅਨੁਸਾਰ ਪਿੰਡ ਫ਼ਰਵਾਹੀ ਦੇ ਵਸਨੀਕ ਵਿਸ਼ਾਲ ਪੁੱਤਰ ਜੀਵਨ ਕੁਮਾਰ ਵਾਸੀ ਫਰਵਾਹੀ ਦੇ ਮਕਾਨ ਨੂੰ ਉੱਚਾ ਚੁੱਕਣ ਤੇ ਰਿਪੇਅਰ ਕਰਨ ਦਾ ਠੇਕਾ ਠੇਕੇਦਾਰ ਰਣਜੀਤ ਸਿੰਘ ਵਾਸੀ ਮੋਗਾ ਵਲੋ. ਲਿਆ ਗਿਆ ਸੀ। ਜਿਸ ਵਲੋਂ ਆਪਣੇ ਕੰਮ ’ਤੇ ਮਜ਼ਦੂਰ ਲਗਾਏ ਗਏ ਸਨ। ਪਰ ਐਤਵਾਰ ਕਰੀਬ 4:00 ਕੁ ਵਜੇ ਦੇ ਕਰੀਬ ਉਕਤ ਮਕਾਨ ਦੀ ਕੰਧ ’ਚ ਸੀਵਰੇਜ ਦਾ ਪਾਣੀ ਪੈਣ ਕਾਰਨ ਮਕਾਨ ਇੱਕ ਸਾਇਡ ਤੋਂ ਝੁਕ ਗਿਆ । ਜਿਸ ਕਾਰਨ ਮਕਾਨ ਪੂਰਾ ਦਾ ਪੂਰਾ ਢਹਿ ਢੇਰੀ ਹੋ ਗਿਆ। ਇਸ ਘਟਨਾ ’ਚ ਦੌਰਾਨ ਮਕਾਨ ਹੇਠਾਂ ਸੁੱਤੇ ਪਏ ਤਿੰਨ ਮਜ਼ਦੂਰ ਮਲਬੇ ਹੇਠ ਦੱਬ ਗਏ ਤੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ। ਮ
ਲਬੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਮਲਬੇ ’ਚੋਂ ਕੱਢਣ ਲਈ ਵੱਡੀ ਗਿਣਤੀ ’ਚ ਪਿੰਡ ਵਾਸੀ ਇਕੱਤਰ ਹੋਏ। ਘਰ ਡਿੱਗਣ ਦਾ ਖੜਾਕ ਬਹੁਤ ਦੂਰ ਤੱਕ ਸੁਣਾਈ ਦਿੱਤਾ। ਪਿੰਡ ਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਤੇ ਡੇਰਾ ਬਾਬਾ ਥੰਮਣ ਸਿੰਘ ਵਿਖੇ ਇਸ ਘਟਨਾ ਦੀ ਅਨਾਊਂਸਮੈਂਟ ਕਰਵਾਈ ਤਾਂ ਜੋ ਫੌਰੀ ਮਦਦ ਬੁਲਾਈ ਜਾ ਸਕੇ ਤੇ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਡਿਊਟੀ ਅਫਸਰ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੀ ਮੌਕੇ ’ਤੇ ਪਹੁੰਚ ਗਏ ਤੇ ਜਿਨ੍ਹਾਂ ਲੋਕਾਂ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕੰਮ ਸ਼ੁਰੂ ਕਰ ਦਿੱਤਾ। ਮਲਬੇ ਹੇਠਾਂ ਦੱਬੇ ਮਜ਼ਦੂਰਾਂ ’ਚੋਂ ਇੱਕ ਮਜ਼ਦੂਰ ਜ਼ਖ਼ਮੀ ਹਾਲਤ ’ਚ ਮਲਬੇ ਹੇਠੋਂ ਬਾਹਰ ਕੱਢਣ ਲਈ ਆਵਾਜ਼ ਲਗਾ ਰਿਹਾ ਸੀ। ਭਾਰੀ ਮੁਸ਼ੱਕਤ ਦੇ ਬਾਅਦ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਕੇ ਵੱਖ ਵੱਖ ਐਂਬੂਲੈਂਸਾਂ ਰਾਹੀ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਜੋ ਬੇਹੋਸ਼ੀ ਦੀ ਹਾਲਤ ’ਚ ਸਨ। ਪਰ ਹਸਪਤਾਲ ’ਚ ਜਾ ਕੇ ਉਕਤ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕਾਂ ਦੀ ਪਛਾਣ ਬੌਬੀ ਸਿੰਘ ਉਰਫ ਵਰਿੰਦਰ ਸਿੰਘ (40) ਵਾਸੀ ਦੁਸਾਂਝ ਜ਼ਿਲ੍ਹਾ ਮੋਗਾ, ਪ੍ਰਿੰਸ ਵਾਸੀ ਮੋਗਾ (24) ਤੇ ਗੁਰਜੀਤ ਸਿੰਘ ਉਰਫ ਗੰਜਾ (35) ਪਿੰਡ ਡਾਲਾ (ਮੋਗਾ) ਵਜੋਂ ਹੋਈ ਹੈ। ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਇਹ ਮਕਾਨ ਢਹਿ-ਢੇਰੀ ਹੋ ਗਿਆ। ਹਾਦਸੇ ਦੇ ਵੇਲੇ ਮਕਾਨ ਵਿੱਚ ਕੰਮ ਕਰਨ ਵਾਲੇ 3 ਮਜ਼ਦੂਰ ਸੌਂ ਰਹੇ ਸਨ। ਇਸ ਘਟਨਾ ਨੇ ਮਕਾਨਾਂ ਦੀ ਮੁਰੰਮਤ ਦੌਰਾਨ ਵਰਤੀ ਜਾਣ ਵਾਲੀ ਲਾਪਰਵਾਹੀ ’ਤੇ ਵੀ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਉੱਧਰ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਵੀ ਘਟਨਾ ਸਥਾਨ ਤੇ ਪਹੁੰਚ ਗਏ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਇਸ ਦੁਖ ਦੀ ਘੜੀ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ। ਇਸ ਢਾਅ ਢੇਰੀ ਹੋਈ ਕੋਠੀ ਦੀ ਜਿੱਥੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਹੈ ਉੱਥੇ ਇਸ ਕੋਠੀ ਡਿੱਗਣ ਨਾਲ ਕੋਠੀ ਦੇ ਮਾਲਕ ਦਾ ਜਿੱਥੇ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਉੱਥੇ ਨੇੜਲੀਆਂ ਕੋਠੀਆਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਇਸ ਮੌਕੇ ਕੋਈ ਵੀ ਸਿਵਲ ਅਧਿਕਾਰੀ ਨਹੀਂ ਪਹੁੰਚਿਆ ਸਿਰਫ ਪੁਲਿਸ ਪ੍ਰਸ਼ਾਸਨ ਅਤੇ ਪਿੰਡ ਵਾਸੀ ਮੌਜੂਦ ਰਹੇ । ਇਸ ਘਟਨਾ ਦਾ ਪਤਾ ਲੱਗਣ ’ਤੇ ਆਮ ਆਦਮੀ ਪਾਰਟੀ ਦੇ ਆਗੂ ਹਰਿੰਦਰ ਸਿੰਘ ਧਾਲੀਵਾਲ, ਕਾਂਗਰਸ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋ, ਗੁਰਦੀਪ ਸਿੰਘ ਬਾਠ, ਕੁਲਵੰਤ ਸਿੰਘ ਕੰਤਾ, ਤੋਂ ਇਲਾਵਾ ਵੱਖੋ ਵੱਖਰੀਆਂ ਰਾਜਨੀਤਿਕ ਪਾਰਟੀਆਂ ਕਿਸਾਨ ਜਥੇਬੰਦੀਆਂ ਪਿੰਡ ਪੰਚਾਇਤਾਂ ਨੇ ਵੀ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।
-----
ਮ੍ਰਿਤਕ ਬੌਬੀ ਦੀ ਰੋਂਦੀ ਕਰਾਉਂਦੀ ਮਾਂ ਨੇ ਪੰਜਾਬ ਸਰਕਾਰ ਤੋਂ ਲਾਈ ਗੁਹਾਰ
ਮ੍ਰਿਤਕ ਵਰਿੰਦਰ ਸਿੰਘ ਦੀ ਰੋਂਦੀ ਕੁਰਲਾਉਂਦੀ ਮਾਂ ਨੇ ਕਿਹਾ ਕਿ ਉਸਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਹੁਣ ਇਹ ਘਰ ’ਚ ਇਕੱਲਾ ਵਰਿੰਦਰ ਸਿੰਘ ਇਕਲੌਤਾ ਕਮਾਊ ਵਾਲਾ ਪੁੱਤ ਸੀ। ਜੋ ਅੱਜ ਇਸ ਦੁਨੀਆ ਤੋਂ ਚਲਾ ਗਿਆ। ਉਨ੍ਹਾਂ ਬਿਲਡਿੰਗ ਠੇਕੇਦਾਰ ’ਤੇ ਵੀ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਸ ਦੇ ਪੁੱਤ ਨੂੰ ਨਸ਼ੇ ਦੀ ਆੜ ’ਚ ਇੱਥੇ ਕੰਮ ’ਤੇ ਲਿਆਂਦਾ ਗਿਆ ਸੀ। ਜੋ ਚਿੱਟੇ ਦਾ ਨਸ਼ਾ ਤੇ ਮੈਡੀਕਲ ਕੈਪਸੂਲ ਦਾ ਲਾਲਚ ਦੇ ਕੇ ਨੌਜਵਾਨਾਂ ਤੋਂ ਕੰਮ ਕਰਵਾਉਂਦਾ ਹੈ। ਇਸ ਮਾਮਲੇ ’ਚ ਮ੍ਰਿਤਕ ਦੀ ਮਾਂ ਨੇ ਰੋਂਦੇ ਕਰਵਾਉਂਦੇ ਕਿਹਾ ਕਿ ਉਹ ਪਹਿਲਾ ਆਪ ਹੀ ਵਿਧਵਾ ਹੋ ਗਈ ਸੀ ਉਸ ਤੋਂ ਬਾਅਦ ਉਸਦੀ ਨੂੰਹ ਵੀ ਹੁਣ ਵਿਧਵਾ ਹੋ ਗਈ ਹੁਣ ਘਰ ’ਚ ਇਕੱਲੀਆਂ ਦੋ ਵਿਧਵਾ ਔਰਤਾਂ ਰਹਿ ਗਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਪਰਿਵਾਰ ’ਚ ਹੋਰ ਕੋਈ ਵੀ ਕਮਾਊ ਵਾਲਾ ਨਹੀਂ ਰਿਹਾ। ਮ੍ਰਿਤਕ ਵਰਿੰਦਰ ਸਿੰਘ ਉਰਫ ਵੀ ਆਪਣੇ ਪਿੱਛੇ ਤਿੰਨ ਬੱਚੇ 12 ਸਾਲਾਂ ਦੀ ਲੜਕੀ , 11 ਸਾਲਾਂ ਦਾ ਲੜਕਾ ਦੇ ਚਾਰ ਸਾਲ ਦੀ ਲੜਕੀ ਛੱਡ ਗਿਆ। ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਦੀ ਮਾਤਾ ਰੋਂਦੀ ਕੁਰਲਾਉਂਦੀ ਨਜ਼ਰ ਆਈ ਅਤੇ ਪੁੱਤ ਦੀ ਮੌਤ ਤੋਂ ਬਾਅਦ ਘਰ ਦੇ ਗੁਜਾਰੇ ਦੀ ਝਾਕ ਕਰ ਰਹੀ ਹੈ ਕੀ ਸਰਕਾਰਾਂ ਉਹਦੇ ਪਰਿਵਾਰ ਦੀ ਮਦਦ ਕਰਨਗੀਆਂ ਜਾਂ ਨਹੀਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਮੰਦਭਾਗੀ ਘਟਨਾ ਨੇ ਤਿੰਨ ਪਰਿਵਾਰਾਂ ’ਚ ਮਾਤਮ ਛਾ ਗਿਆ।
------
ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ’ਤੇ ਹੋਵੇਗੀ ਕਾਰਵਾਈ: ਐੱਸਐੱਚਓ
ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰਖਵਾਇਆ ਗਿਆ ਹੈ, ਇਸ ਮਾਮਲੇ ’ਚ ਪਰਿਵਾਰਕ ਮੈਂਬਰਾਂ ਵਲੋਂ ਜੋ ਬਿਆਨ ਦਿੱਤੇ ਜਾਣੇ ਉਸ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵਲੋਂ ਰਾਹਤ ਕਾਰਜ ਜਾਰੀ ਰੱਖੇ ਜਾ ਰਹੇ ਹਨ।
-----
ਵਿਧਾਇਕ ਢਿੱਲੋਂ ਨੇ ਪ੍ਰਸ਼ਾਸਨ ਪਾਸੋਂ ਯੋਗ ਮੁਆਵਜ਼ੇ ਦੀ ਕੀਤੀ ਮੰਗ
ਘਟਨਾ ਸਥਾਨ ਸਬੰਧੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਇਸ ਘਟਨਾ ਨਾਲ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਹੁਤ ਗਹਿਰਾ ਸਦਮਾ ਲੱਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਮ੍ਰਿਤਕ ਦੇ ਵਾਰਸਾਂ ਨੂੰ ਬਣਦਾ ਯੋਗ ਮੁਆਜਵਾ ਦਿੱਤਾ ਜਾਵੇ।
----
ਕੇਵਲ ਸਿੰਘ ਢਿੱਲੋਂ ਨੇ ਘਟਨਾ ’ਤੇ ਪ੍ਰਗਟਾਈ ਹਮਦਰਦੀ
ਸਾਬਕਾ ਵਿਧਾਇਕ ਤੇ ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਸ ਘਟਨਾ ’ਤੇ ਗਹਿਰਾ ਦੁੱਖ ਜਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਕੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਮੁਆਵਜ਼ਾ ਰਾਸੀ ਜਾਰੀ ਕਰਨ ਲਈ ਕਿਹਾ ਗਿਆ। ਉਨ੍ਹਾਂ ਨੂੰ ਡੀਸੀ ਬਰਨਾਲਾ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਐਸਡੀਐਮ ਬਰਨਾਲਾ ਨੂੰ ਘਟਨਾ ਸਥਾਨ ਦਾ ਜਾਇਜਾ ਲੈ ਕੇ ਇਸ ਘਟਨਾ ਦੀ ਰਿਪੋਰਟ ਦੇਣ ਲਈ ਕਹਿ ਦਿੱਤਾ ਹੈ। ਢਿੱਲੋਂ ਨੇ ਕਿਹਾ ਕਿ ਬੇਸੱਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ, ਪਰ ਫਿਰ ਵੀ ਪੀੜਤ ਪਰਿਵਾਰਾਂ ਨੂੰ ਸਮੇਂ ਸਿਰ ਮੁਹੱਈਆ ਕਰਵਾਈ ਆਰਥਿਤ ਮੱਦਦ ਦੁੱਖ ਨੂੰ ਥੋੜ੍ਹਾ ਘੱਟ ਜ਼ਰੂਰੀ ਕਰਦੀ ਹੈ।