ਸ਼ੇਰੋਂ ’ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਤਿੱਖੀ ਬਹਿਸ

- ਪੁਲਿਸ ਨੇ ਦਰਜਨਾਂ ਕਿਸਾਨਾਂ ਨੂੰ ਲਿਆ ਹਿਰਾਸਤ ’ਚ
- ਕਿਸਾਨ ਬਠਿੰਡਾ ਧਰਨੇ ’ਚ ਜਾਣ ਲਈ ਸਨ ਬਜਿੱਦ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਚਾਉਕੇ ਆਦਰਸ਼ ਸਕੂਲ ਵਿੱਚ ਕਥਿਤ ਘਪਲਿਆਂ ਖ਼ਿਲਾਫ਼ ਵਿੱਢੇ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲਦੇਵ ਸਿੰਘ ਚਾਉਕੇ ਅਤੇ ਸਗਨਦੀਪ ਸਿੰਘ ਜਿਉਂਦ ਦੀ ਰਿਹਾਈ ਨੂੰ ਲੈ ਕੇ ਬੁੱਧਵਾਰ ਨੂੰ ਬਠਿੰਡਾ ਧਰਨੇ ਵਿੱਚ ਸ਼ਮੂਲੀਅਤ ਕਰਨ ਜਾ ਰਹੇ ਕਿਸਾਨਾਂ ਦੀ ਸੁਨਾਮ ਨੇੜਲੇ ਪਿੰਡ ਸ਼ੇਰੋਂ ਵਿਖੇ ਪੁਲਿਸ ਨਾਲ ਤਿੱਖੀ ਬਹਿਸ ਹੋਈ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਸੁਖਪਾਲ ਸਿੰਘ ਮਾਣਕ, ਜਗਤਾਰ ਸਿੰਘ ਲੱਡੀ, ਰਣਜੀਤ ਸਿੰਘ ਲੌਂਗੋਵਾਲ ਅਤੇ ਹਰਪਾਲ ਸਿੰਘ ਹੈਪੀ ਸ਼ੇਰੋਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨ ਪਿੰਡ ਸ਼ੇਰੋਂ ਦੀ ਸਰਬ ਸਾਂਝੀ ਧਰਮਸ਼ਾਲਾ ਵਿੱਚ ਇਕੱਠੇ ਹੋਏ। ਪੁਲਿਸ ਨੇ ਕਿਸਾਨਾਂ ਨੂੰ ਪਹਿਲਾਂ ਧਰਮਸ਼ਾਲਾ ਵਿੱਚ ਰੋਕੀ ਰੱਖਿਆ ਪਰ ਜਦੋਂ ਕਿਸਾਨ ਬਠਿੰਡਾ ਧਰਨੇ ਵਿੱਚ ਸ਼ਾਮਲ ਹੋਣ ਲਈ ਜਾਣ ਲੱਗੇ ਤਾਂ ਧਰਮਸ਼ਾਲਾ ਤੋਂ ਬਾਹਰ ਆਉਂਦਿਆਂ ਹੀ ਪੁਲਿਸ ਨਾਲ ਤਿੱਖੀ ਬਹਿਸ ਹੋਈ। ਖ਼ਾਸ ਗੱਲ ਇਹ ਰਹੀ ਕੁੱਝ ਇੱਕ ਕਿਸਾਨ ਆਗੂ ਭੇਸ ਬਦਲ ਕੇ ਆਏ ਸਨ, ਉਹ ਸ਼ੇਰੋਂ ਤੋਂ ਪੁਲਿਸ ਨੂੰ ਝਕਾਨੀ ਦੇਕੇ ਨਿਕਲਣ ਵਿੱਚ ਸਫ਼ਲ ਰਹੇ ਅਤੇ ਫਿਰ ਜਖੇਪਲ ਵਿਖੇ ਦਿੱਤੇ ਧਰਨੇ ਵਿੱਚ ਜਾ ਕੇ ਸ਼ਾਮਲ ਹੋ ਗਏ।
ਬੀਕੇਯੂ ਉਗਰਾਹਾਂ ਦੇ ਨੌਜਵਾਨ ਆਗੂ ਗਗਨਦੀਪ ਸਿੰਘ ਚੱਠਾ ਨਨਹੇੜਾ ਨੇ ਦੱਸਿਆ ਕਿ ਪੁਲਿਸ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਬਹਾਲ ਸਿੰਘ ਢੀਂਡਸਾ, ਗੁਰਸ਼ਰਨਦੀਪ ਸਿੰਘ ਰਟੋਲਾਂ, ਜਸਵੀਰ ਕੌਰ ਉਗਰਾਹਾਂ, ਰਣਦੀਪ ਕੌਰ ਰਟੋਲਾਂ, ਸੁਖਵਿੰਦਰ ਕੌਰ ਚੱਠਾ ਸਮੇਤ ਦਰਜਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਵੱਖ-ਵੱਖ ਥਾਣਿਆਂ ਵਿੱਚ ਲੈ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਸੁਖਪਾਲ ਸਿੰਘ ਮਾਣਕ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਤਾਨਾਸ਼ਾਹੀ ’ਤੇ ਉਤਰ ਆਈ ਹੈ। ਕਿਸਾਨ ਆਗੂਆਂ ਦੀ ਰਿਹਾਈ ਲਈ ਸੰਘਰਸ਼ ਜਾਰੀ ਰੱਖੇਗੀ।
ਬਠਿੰਡਾ ਵਿਖੇ ਦਿੱਤੇ ਜਾਣ ਵਾਲੇ ਧਰਨੇ ਨੂੰ ਅਸਫ਼ਲ ਬਣਾਉਣ ਲਈ ਬੁੱਧਵਾਰ ਨੂੰ ਤੜਕਸਾਰ ਪੁਲਿਸ ਦੀਆਂ ਟੀਮਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਮੇਤ ਦਰਜਨਾਂ ਹੋਰ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਪਰ ਕੋਈ ਵੀ ਆਗੂ ਪੁਲਿਸ ਦੇ ਹੱਥ ਨਹੀਂ ਆਇਆ। ਦੱਸਿਆ ਗਿਆ ਹੈ ਕਿ ਕਿਸਾਨ ਪਹਿਲਾਂ ਹੀ ਆਪਣੇ ਘਰ ਛੱਡਕੇ ਕਿਤੇ ਹੋਰ ਰੂਪੋਸ਼ ਹੋ ਗਏ, ਅੱਧੀ ਦਰਜਨ ਤੋਂ ਵਧੇਰੇ ਜਥੇਬੰਦੀ ਦੇ ਕੱਦਾਵਰ ਆਗੂ ਸ਼ੇਰੋਂ ਪਹੁੰਚਣ ਵਿੱਚ ਸਫ਼ਲ ਰਹੇ।