ਸੰਤ ਰਾਮ ਸਿੰਗਲਾ ਦੀ 21ਵੀਂ ਬਰਸੀ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ
ਸਵ: ਸੰਤ ਰਾਮ ਸਿੰਗਲਾ ਦੀ 21ਵੀਂ ਬਰਸੀ ਮੌਕੇ ਸੰੰਗਰੂਰ ’ਚ ਵੱਡਾ ਸ਼ਰਧਾਂਜਲੀ ਸਮਾਗਮ
Publish Date: Wed, 08 Apr 2026 04:11 PM (IST)
Updated Date: Wed, 08 Apr 2026 04:14 PM (IST)

- ਸੰਗਰੂਰ ਦੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਸਮਰਪਿਤ ਰਹਾਂਗਾ : ਵਿਜੈ ਇੰਦਰ ਸਿੰਗਲਾ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ ਸੰਗਰੂਰ : ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਵ. ਸੰਤ ਰਾਮ ਸਿੰਗਲਾ ਦੀ 21ਵੀਂ ਬਰਸੀ ਉਨ੍ਹਾਂ ਦੇ ਪੁੱਤਰ ਵਿਜੈ ਇੰਦਰ ਸਿੰਗਲਾ ਤੇ ਸਮੂਹ ਸਿੰਗਲਾ ਪਰਿਵਾਰ ਵੱਲੋਂ ਮਨਾਈ ਗਈ। ਸੰਗਰੂਰ ਦੇ ਸਿੰਗਲਾ ਨਿਵਾਸ ਵਿਖੇ ਹੋਏ ਵੱਡੇ ਬਰਸੀ ਸਮਾਗਮ ਵਿੱਚ ਜਿੱਥੇ ਪੰਜਾਬ ਕਾਂਗਰਸ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ, ਆਮ ਲੋਕ ਅਤੇ ਸਿੰਗਲਾ ਪਰਿਵਾਰ ਦੇ ਰਿਸ਼ਤੇਦਾਰ ਪੁੱਜੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸਵ. ਸੰਤ ਰਾਮ ਸਿੰਗਲਾ ਕਾਂਗਰਸ ਪਾਰਟੀ ਦੇ ਰੌਸ਼ਨ ਦਿਮਾਗ ਲੀਡਰ ਸਨ ਅਤੇ ਉਨ੍ਹਾਂ ਨੇ ਗਿਆਨੀ ਜ਼ੈਲ ਸਿੰਘ ਦੇ ਨਾਲ ਸਮੁੱਚੇ ਦੇਸ਼ ਦੀ ਰਾਜਨੀਤੀ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਈ। ਅੱਜ ਉਨ੍ਹਾਂ ਦੇ ਪੁੱਤਰ ਵਿਜੈ ਇੰਦਰ ਸਿੰਗਲਾ ਉਸੇ ਰਾਹ ’ਤੇ ਚੱਲ ਕੇ ਲੋਕ ਸੇਵਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਆਖਿਆ ਕਿ ਵਿਜੈ ਇੰਦਰ ਸਿੰਗਲਾ ਨੇ ਆਪਣੀ ਕਾਬਲੀਅਤ ਦੇ ਸਹਾਰੇ ਕਾਂਗਰਸ ਪਾਰਟੀ ਵਿੱਚ ਸੂਬੇ ਹੀ ਨਹੀਂ ਸਗੋਂ ਨੈਸ਼ਨਲ ਪੱਧਰ ਤੇ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਜਦੋਂ ਛੋਟੇ ਹੁੰਦੇ ਸਨ ਤਾਂ ਉਨ੍ਹਾਂ ਨੇ ਸਵ. ਸੰਤ ਰਾਮ ਸਿੰਗਲਾ ਜੀ ਦੇ ਕਾਰਜਸ਼ੈਲੀ ਵੇਖੀ ਹੈ। ਉਨ੍ਹਾਂ ਕਿਹਾ ਕਿ ਸਿੰਗਲਾ ਪਰਿਵਾਰ ਮੁੱਢ ਤੋਂ ਆਮ ਲੋਕਾਂ ਦਾ ਹਮਾਇਤੀ ਰਿਹਾ ਹੈ। ਉਨਾਂ ਸਮੂਹ ਕਾਂਗਰਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਸਵ. ਸੰਤ ਰਾਮ ਸਿੰਗਲਾ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਆਪਾਂ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਕਾਂਗਰਸ ਪਾਰਟੀ ਦੀ ਸੇਵਾ ਲਈ ਇਕਜੁਟ ਹੋ ਜਾਈਏ। ਉਨ੍ਹਾਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਬੋਲਦਿਆਂ ਵੀ ਕਿਹਾ ਕਿ ਇਸ ਪਾਰਟੀ ਨੂੰ ਚਾਰ ਸਾਲਾਂ ਵਿੱਚ ਪੰਜਾਬ ਨੂੰ ਕਰਜ਼ਾਈ ਬਣਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹਨ। ਉਨਾਂ ਸੰਗਰੂਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸੂਪੜਾ ਸਾਫ਼ ਕਰ ਦਿਓ। ਸ਼ਰਧਾਂਜਲੀ ਸਮਾਗਮ ਨੂੰ ਲੋਕ ਸਭਾ ਹਲਕਾ ਫਤਹਿਗੜ ਸਾਹਿਬ ਦੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਭੂਮਿਕਾ ਸਾਬਕਾ ਵਿਧਾਇਕ ਸੁਰਿੰਦਰਪਾਲ ਸਿਬੀਆ ਵੱਲੋਂ ਨਿਭਾਈ ਗਈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿਸਾਡੇ ਬਜ਼ੁਰਗਾਂ ਨੇ ਸਮਾਜ ਸੇਵਾ ਦੀ ਗੁੜਤੀ ਦਿੱਤੀ ਹੈ। ਉਹ ਅੱਜ ਸਮੂਹ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਉਨ੍ਹਾਂ ਦੇ ਖੂਨ ਦਾ ਕਤਰਾ-ਕਤਰਾ ਵੀ ਲੋਕ ਸੇਵਾ ਦੇ ਲੇਖੇ ਲਾ ਦਿਆਂਗੇ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੰਘਾਵਾਂਗੇ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ, ਜਸਵੀਰ ਡਿੰਪਾ, ਕੁਲਜੀਤ ਨਾਗਰਾ, ਆਦਿਤਿਆ ਸੁਰਜੇਵਾਲਾ, ਗੁਰਕੀਰਤ ਕੋਟਲੀ, ਤਿਰਪਤ ਰਾਜਿੰਦਰ ਸਿੰਘ ਬਾਜਵਾ, ਰਾਹੁਲ ਸਿੱਧੂ ਭੱਟਲ, ਦੁਰਲੱਭ ਸਿੱਧੂ, ਗੁਰਸ਼ਰਨ ਕੌਰ ਰੰਧਾਵਾ, ਸੁਰਿੰਦਰਪਾਲ ਸਿਬੀਆ, ਅਨਿਲ ਦੱਤੀ, ਅਮਿਤ ਵਿਜ, ਕਮਲ ਧਾਲੀਵਾਲ, ਦਲਬੀਰ ਸਿੰਘ ਗੋਲਡੀ, ਜਸਵਿੰਦਰ ਸਿੰਘ ਧੀਮਾਨ, ਮਮਤਾ ਦੱਤਾ, ਕੁਲਦੀਪ ਕਾਲਾ ਢਿੱਲੋਂ, ਬਲਕੌਰ ਸਿੰਘ ਸਿੱਧੂ ਮੂਸੇਵਾਲਾ ਆਦਿ ਮੌਜੂਦ ਸਨ।