ਜੰਗ ਦਾ ਅਸਰ: ਪੰਜਾਬ ’ਚ ਡੀਜਲ ਸਪਲਾਈ ਬੰਦ ਦੀਆਂ ਅਫ਼ਵਾਹਾਂ
ਜੰਗ ਦਾ ਅਸਰ: ਪੰਜਾਬ ’ਚ ਡੀਜਲ ਸਪਲਾਈ ਬੰਦ ਦੀਆਂ ਅਫ਼ਵਾਹਾਂ
Publish Date: Fri, 06 Mar 2026 03:53 PM (IST)
Updated Date: Sat, 07 Mar 2026 04:00 AM (IST)

:: ਪੈਟਰੋਲ ਪੰਪਾਂ ’ਤੇ ਤੇਲ ਪਵਾਉਣ ਲਈ ਲੰਮੀਆਂ ਕਤਾਰਾਂ ਲੱਗੀਆਂ :: ਕਿਸਾਨਾਂ ਵੱਲੋਂ ਮੱਕੀ, ਮੂੰਗੀ ਤੇ ਝੋਨੇ ਦੀ ਲਵਾਈ ਲਈ ਡੀਜ਼ਲ ਸਟੋਰ ਕਰਨਾ ਸ਼ੁਰੂ ਜਸਵੀਰ ਸਿੰਘ ਵਜੀਦਕੇ,ਪੰਜਾਬੀ ਜਾਗਰਣ, ਮਹਿਲ ਕਲਾਂ : ਇਜ਼ਰਾਈਲ-ਅਮਰੀਕਾ ਤੇ ਇਰਾਨ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਜੰਗ ਦਾ ਅਸਰ ਹੁਣ ਪੰਜਾਬ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜੰਗ ਦੇ ਅਸਰ ਕਾਰਨ ਆਉਣ ਵਾਲੇ ਦਿਨਾਂ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਤੇ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਬੰਦ ਹੋਣ ਜਾਣ ’ਤੇ ਆਮ ਲੋਕਾਂ ਤੇ ਕਿਸਾਨਾਂ ਵੱਲੋਂ ਪੈਟਰੋਲ ਪੰਪਾਂ ਵੱਲ ਵਹੀਰਾਂ ਘੱਤ ਦਿੱਤਾ ਹੈ। ਸ਼ੁੱਕਰਵਾਰ ਨੂੰ ਸਵੇਰ ਤੋਂ ਕਸਬਾ ਮਹਿਲਕਲਾਂ ਦੇ ਖੇਤਰ ਅਧੀਨ ਪੈਂਦੇ ਪੈਟਰੋਲ ਪੰਪਾਂ ਉਪਰ ਭਾਰੀ ਭੀੜ ਦੇਖਣ ਨੂੰ ਮਿਲੀ। ਜਿਥੇ ਕਿਸਾਨ ਆਪਣੇ ਟਰੈਕਟਰਾਂ ਤੇ ਡਰੰਮ ਲੱਦ ਕੇ ਡੀਜ਼ਲ ਭਰਾਉਣ ਲਈ ਲਾਈਨਾਂ ’ਚ ਖੜ੍ਹੇ ਦੇਖੇ ਗਏ, ਉਥੇ ਆਮ ਰਾਹਗੀਰ ਵੀ ਤੇਲ ਦੀ ਸਪਲਾਈ ਬੰਦ ਹੋਣ ਦੇ ਡਰੋ ਆਪਣੇ ਵਾਹਨਾਂ ਦੀ ਟੈਂਕੀ ਫੁੱਲ ਕਰਾਉਂਦੇ ਦੇਖੇ ਗਏ। ਬਹੁਤ ਸਾਰੇ ਪੈਟਰੋਲ ਪੰਪਾਂ ’ਤੇ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਖ਼ਤਮ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਕ ਪੈਟਰੋਲ ਪੰਪ ਉਪਰ 5 ਗੱਡੀਆਂ ਤੇਲ ਦੀ ਸਪਲਾਈ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਪੂਰਾ ਤੇਲ ਨਹੀਂ ਮਿਲਿਆ। ਲੋਕਾਂ ਵੱਲੋਂ ਡੀਜ਼ਲ ਡਰੰਮਾਂ ਤੋਂ ਇਲਾਵਾ ਪਾਣੀ ਵਾਲੀਆਂ ਟੈਂਕੀਆਂ ’ਚ ਵੀ ਸਟੋਰ ਕੀਤਾ ਜਾ ਰਿਹਾ ਹੈ। ਇਸ ਮੌਕੇ ਪਿੰਡ ਵਜੀਦਕੇ ਖੁਰਦ ਕਿਸਾਨ ਸੁਰਜੀਤ ਸਿੰਘ ਵਿਰਕ ਨੇ ਕਿਹਾ ਕਿ ਆਲੂਆਂ ਦੀ ਪੁਟਾਈ ਤੋਂ ਬਾਅਦ ਮੂੰਗੀ ਤੇ ਮੱਕੀ ਲਈ ਵਾਹਨ ਤਿਆਰ ਕਰਨ ਲਈ ਡੀਜ਼ਲ ਦੀ ਲੋੜ ਹੈ। ਤੇਲ ਦੀ ਸਪਲਾਈ ਘਟਣ ਦੇ ਡਰੋ ਕਿਸਾਨ ਤੇਲ ਸਟੋਰ ਕਰਨ ਨੂੰ ਤਰਜੀਹ ਦੇ ਰਹੇ ਹਨ। ਝੋਨੇ ਦੀ ਲਵਾਈ ਲਈ ਅਜੇ ਸਮਾਂ ਪਿਆ ਹੈ,ਪਰ ਕਿਸਾਨਾਂ ਨੂੰ ਸਪਲਾਈ ਬੰਦ ਹੋਣ ਦਾ ਡਰ ਹੈ। ਪਿੰਡ ਹਮੀਦੀ ਦੇ ਕਿਸਾਨ ਏਕਮ ਸਿੰਘ ਦਿਓਲ ਤੇ ਪਿੰਡ ਅਮਲਾ ਸਿੰਘ ਵਾਲਾ ਦੇ ਕਿਸਾਨ ਨਾਨਕ ਸਿੰਘ ਨੇ ਕਿਹਾ ਕਿ ਜੰਗ ਕਾਰਨ ਤੇਲ ਸਪਲਾਈ ਬੰਦ ਹੋਣ ਦੀਆਂ ਅਫਵਾਹਾਂ ਕਾਰਨ ਪੈਟਰੋਲ ਪੰਪਾਂ ਉਪਰ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਦਾ ਵੱਡੀਆਂ ਕੰਪਨੀਆਂ ਨੂੰ ਮੁਨਾਫ਼ਾ ਹੋਵੇਗਾ ਜਦਕਿ ਕਿਸਾਨ ਭਰਾ ਲੁੱਟ ਦਾ ਸ਼ਿਕਾਰ ਹੋਣਗੇ। ਪਿੰਡ ਵਜੀਦਕੇ ਖੁਰਦ ਦੇ ਕਿਸਾਨ ਐਸਲਵਪ੍ਰੀਤ ਸਿੰਘ ਨੇ ਕਿਹਾ ਕਿਹਾ ਕਿ ਤੇਲ ਖ਼ਤਮ ਹੋਣ ਦੀਆਂ ਅਫ਼ਵਾਹਾਂ ਹਨ, ਕਿਸਾਨਾਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਪਾਲ ਸਿੰਘ ਸਹਿਜੜਾ,ਬਲਾਕ ਆਗੂ ਗਿਆਨ ਸਿੰਘ ਛਾਪਾ,ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ,ਬਲਾਕ ਪ੍ਰਧਾਨ ਪਰਮਜੀਤ ਸਿੰਘ ਢੀਂਡਸਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ,ਬਲਾਕ ਪ੍ਰਧਾਨ ਜੱਜ ਸਿੰਘ ਗਹਿਲ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਜਗਰਾਜ ਸਿੰਘ ਹਰਦਾਸਪੁਰਾ ਤੇ ਸਾਥੀ ਗੁਰਦੇਵ ਸਿੰਘ ਮਾਂਗੇਵਾਲ ਨੇ ਕਿਹਾ ਕਿ ਕਿਸਾਨਾਂ ਦੀ ਲੁੱਟ ਕਰਨ ਨੂੰ ਲੈ ਕੇ ਤੇਲ ਬੰਦ ਹੋਣ ਸਬੰਧੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ । ਅਜੇ ਤੱਕ ਤੇਲ ਦੀ ਸਪਲਾਈ ਬੰਦ ਹੋਣ ਸਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ। ਕਿਸਾਨ ਭਰਾਵਾਂ ਨੂੰ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਪੈਟਰੋਲ ਪੰਪ ਦੇ ਮੈਨੇਜਰ ਗੁਰਪ੍ਰੀਤ ਸਿੰਘ ਬਿੱਟੂ ਨੇ ਕਿਹਾ ਕਿ ਜੰਗ ਦੀਆਂ ਅਫ਼ਵਾਹਾਂ ਕਾਰਨ ਤੇਲ ਦੀ ਸਪਲਾਈ ਦੀ ਮੰਗ ਜਰੂਰ ਵਧ ਗਈ ਹੈ,ਪਰ ਫਿਰ ਦੀ ਤੇਲ ਦੀ ਸਪਲਾਈ ਨਿਰਵਿਘਨ ਜਾਰੀ ਹੈ। ਕੀ ਕਹਿੰਦੇ ਨੇ ਐੱਸਡੀਐੱਮ ਮਹਿਲ ਕਲਾਂ ਇਸ ਸਬੰਧੀ ਐੱਸਡੀਐੱਮ ਮਹਿਲ ਕਲਾਂ ਕ੍ਰਿਤਿਕਾ ਗੋਇਲ (ਆਈਏਐਸ) ਨੇ ਕਿਹਾ ਕਿ ਤੇਲ ਦੀ ਸਪਲਾਈ ਘਟਣ ਸਬੰਧੀ ਅਜੇ ਤੱਕ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਪਰ ਫਿਰ ਵੀ ਉਹ ਇਸ ਸਬੰਧੀ ਪੜਤਾਲ ਕਰਵਾਉਣਗੇ।