ਪੇਪਰ ’ਚ ਨਾ ਬੈਠਨ ਦੇਣ ਕਾਰਨ ਬੱਚੀ ਧਾਹਾਂ ਮਾਰ ਕੇ ਰੋਈ
8ਵੀਂ ਦੀ ਵਿਦਿਆਰਥਣ ਨੂੰ ਨਾਂ ਦਿੱਤਾ ਰੋਲ ਨੰਬਰ, ਤੇ ਨਾ ਬਿਠਾਇਆ ਪੇਪਰ ’ਚ
Publish Date: Tue, 17 Feb 2026 06:55 PM (IST)
Updated Date: Wed, 18 Feb 2026 04:10 AM (IST)

ਪਿੰਡ ਠੀਕਰੀਵਾਲਾ ਦੀ 8ਵੀਂ ਦੀ ਵਿਦਿਆਰਥਣ ਨੂੰ ਪ੍ਰਿੰਸੀਪਲ ਨੇ ਨਹੀਂ ਦਿੱਤਾ ਰੋਲ ਨੰਬਰ ਤੇ ਨਾ ਬਿਠਾਇਆ ਪੇਪਰ ’ਚ ਬੋਰਡ ਵੱਲੋਂ ਭੇਜੇ ਰੋਲ ਨੰਬਰ ’ਤੇ ਪ੍ਰਿੰਸੀਪਲ ਨੇ ਲਾਈ ਰੋਕ, ਵਿਦਿਆਰਥਣ ਦੇ ਪੇਪਰ ਦਵਾਉਣ ਲਈ ਗੱਲ ਕਰਾਂਗੇ : ਡੀਈਓ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤੇ ਕੁੜੀਆਂ ਨੂੰ ਪੜ੍ਹਾਉਣ ਦੇ ਕੀਤੇ ਜਾ ਰਹੇ ਪ੍ਰਚਾਰ ਤੇ ਦਾਅਵੇ ਉਸ ਵਕਤ ਠੁੱਸ ਹੋ ਗਏ, ਜਦੋਂ ਸਰਕਾਰੀ ਸਕੂਲ ਕੰਨਿਆ ਦੀ 8ਵੀਂ ਕਲਾਸ ਦੀ ਵਿਦਿਆਰਥਣ ਨੂੰ ਸਕੂਲ ਦੇ ਪ੍ਰਿੰਸੀਪਲ ਵੱਲੋਂ ਰੋਲ ਨੰਬਰ ਨਾ ਦੇਣ ਤੇ ਬੋਰਡ ਦੇ ਪੱਕੇ ਪੇਪਰਾਂ ’ਚ ਬੈਠਣ ’ਤੇ ਸਖ਼ਤ ਪਾਬੰਦੀ ਲਗਾ ਦਿੱਤੀ। ਇਸ ਕਾਰਨ ਬੱਚੀ ਧਾਹਾਂ ਮਾਰ ਕੇ ਰੋ ਰਹੀ ਸੀ ਪਰ ਉਸ ਨੂੰ ਪੇਪਰ ’ਚ ਨਹੀਂ ਬੈਠਣ ਦਿੱਤਾ ਗਿਆ•। ਹੋਇਆ ਇੰਝ ਕਿ ਬਰਨਾਲਾ ਦੇ ਇਤਿਹਾਸਕ ਪਿੰਡ ਠੀਕਰੀਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ’ਚ 16 ਸਾਲਾਂ ਦੀ ਦਿਲਪ੍ਰੀਤ ਕੌਰ ਪੁੱਤਰ ਸੁਖਵਿੰਦਰ ਸਿੰਘ ਨੂੰ ਸਕੂਲ ਦੇ ਪ੍ਰਿੰਸੀਪਲ ਨੇ ਕਈ ਦਿਨ ਲਾਰੇ ਲਾ ਕੇ ਪੇਪਰਾਂ ਤੋਂ ਇਕ ਦਿਨ ਪਹਿਲਾਂ ਰੋਲ ਨੰਬਰ ਨਹੀਂ ਦਿੱਤਾ। ਉਥੇ ਹੀ ਪੇਪਰਾਂ ਵਾਲੇ ਦਿਨ ਵੀ ਵਿਦਿਆਰਥਣ ਆਪਣੀ ਮਾਸੀ ਨਾਲ ਸਕੂਲ ’ਚ ਪ੍ਰਿੰਸੀਪਲ ਦੀ ਗੈਰ ਹਾਜ਼ਰੀ ਹੋਣ ਕਾਰਨ ਬਾਕੀ ਅਧਿਆਪਕਾਂ ਦੇ ਕੋਲ ਰੋਲ ਨੰਬਰ ਲਈ ਹਾੜੇ ਕੱਢਦੀ ਰਹੀ, ਪਰ ਰੋਲ ਨੰਬਰ ਨਾ ਮਿਲਣ ਕਾਰਨ ਉਸਨੂੰ ਪੇਪਰਾਂ ਦੇ ਵਿਚ ਪੇਪਰ ਦੇਣ ਲਈ ਬੈਠਣ ਨਹੀਂ ਦਿੱਤਾ ਗਿਆ। ਇਸ ਕਾਰਨ ਵਿਦਿਆਰਥਣ ਨੇ ਆਪਣੀ ਪੜ੍ਹਾਈ ਦਾ ਇਕ ਸਾਲ ਬਰਬਾਦ ਹੋਣ ਕਾਰਨ ਘਰ ਜਾ ਕੇ ਫੁੱਟ-ਫੁੱਟ ਰੋਣਾ ਸ਼ੁਰੂ ਕਰ ਦਿੱਤਾ, ਤਾਂ ਵਿਦਿਆਰਥਣ ਦੇ ਮਾਪਿਆਂ ਵੱਲੋਂ ਆਪਣੀ ਧੀ ਨਾਲ ਵਿੱਦਿਆ ਲੈਣ ਲਈ ਹੋਏ ਪੱਖਪਾਤ ਤੇ ਧੱਕੇਸ਼ਾਹੀ ਖ਼ਿਲਾਫ਼ ਜਿਥੇ ਇਸ ’ਚ ਸਬੰਧਤ ਅਧਿਕਾਰੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਹੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਲੈ ਕੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਤੱਕ ਮੰਗ ਕੀਤੀ ਹੈ ਕਿ ਉਸਨੂੰ ਰੋਲ ਨੰਬਰ ਜਾਰੀ ਕਰ ਕੇ ਉਸਦੇ ਪੇਪਰ ਲਏ ਜਾਣ, ਤਾਂਕਿ ਉਸਦਾ ਸਾਲ ਖ਼ਰਾਬ ਨਾ ਹੋਵੇ। :ਬਾਕਸ ਨਿਊਜ: ਮਾਪਿਆਂ ਨੇ ਪ੍ਰਿੰਸੀਪਲ ’ਤੇ ਲਾਏ ਰੰਜਿਸ਼ ਦੇ ਦੋਸ਼ ਵਿਦਿਆਰਥਣ ਦਿਲਪ੍ਰੀਤ ਕੌਰ ਦੇ ਪਿਤਾ ਸੁਖਵਿੰਦਰ ਸਿੰਘ ਤੇ ਮਾਤਾ ਸੁਮਨਦੀਪ ਕੌਰ ਨੇ ਪੰਜਾਬੀ ਜਾਗਰਣ ਦੇ ਦਫ਼ਤਰ ਪੁੱਜਕੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਨਾਲ ਨਿੱਜੀ ਰੰਜਿਸ਼ ਰੱਖੀ ਜਾ ਰਹੀ ਹੈ। ਪਿਛਲੇ ਸਾਲ ਵੀ ਉਨ੍ਹਾਂ ਦੀ ਦੂਸਰੀ ਬੇਟੀ ਦੇ ਪੇਪਰ ਲੈਣ ਤੋਂ ਮਨਾ ਕਰ ਦਿੱਤਾ ਸੀ। ਇਸ ਸਾਲ ਵੀ ਉਹ ਸਾਡੀ ਇਸ ਬੇਟੀ ਦੇ ਪੇਪਰ ਨਾ ਦਿਵਾਉਣ ਦਾ ਮੁੱਢੋਂ ਹੀ ਹਵਾਲਾ ਦੇ ਰਿਹਾ ਸੀ। ਉਹ ਖੁਦ ਸਕੂਲ ’ਚ ਨਿਰੰਤਰ ਜਾਂਦੇ ਰਹਿੰਦੇ ਹਨ, ਕਦੇ ਵੀ ਪ੍ਰਿੰਸੀਪਲ ਜਾਂ ਕਿਸੇ ਹੋਰ ਅਧਿਆਪਕ ਨੇ ਉਨ੍ਹਾਂ ਦੀ ਧੀ ਦੀਆਂ ਗੈਰ ਹਾਜ਼ਰੀਆਂ ਸਬੰਧੀ ਨਾ ਤਾਂ ਕਦੇ ਜਿਕਰ ਕੀਤਾ ਹੈ, ਤੇ ਨਾ ਹੀ ਕਦੇ ਕੋਈ ਲਿਖਤੀ ਨੋਟਿਸ ਕੱਢਿਆ ਹੈ। ਉਨ੍ਹਾਂ ਦੱਸਿਆ ਕਿ ਉਹ 13 ਫਰਵਰੀ ਨੂੰ ਵੀ ਸਕੂਲ ’ਚ ਪ੍ਰਿੰਸੀਪਲ ਨਾਲ ਮਿਲਕੇ ਆਏ ਸਨ, ਜਿਸਦੀ ਤਸਦੀਕ ਸਕੂਲ ’ਚ ਲੱਗੇ ਕੈਮਰਿਆਂ ਦੀ ਫੁਟੇਜ ਤੋਂ ਕੀਤੀ ਜਾ ਸਕਦੀ ਹੈ। ਸਕੂਲ ਦੇ ਪ੍ਰਿੰਸੀਪਲ ਨੇ ਉਸ ਦਿਨ ਵੀ ਉਨ੍ਹਾਂ ਦੀ ਧੀ ਦੀਆਂ ਗੈਰਹਾਜ਼ਰੀਆਂ ਸਬੰਧੀ ਕੋਈ ਜ਼ਿਕਰ ਨਹੀਂ ਕੀਤਾ। ਜਦ ਬੀਤੇ ਕੱਲ੍ਹ 16 ਫਰਵਰੀ ਤਕ ਵੀ ਉਨ੍ਹਾਂ ਦੀ ਧੀ ਨੂੰ ਰੋਲ ਨੰਬਰ ਨਹੀਂ ਦਿੱਤਾ ਗਿਆ ਤਾਂ ਉਹ ਖੁਦ ਪ੍ਰਿੰਸੀਪਲ ਨੂੰ ਮਿਲਣ ਗਏ ਸੀ, ਤਦ ਮੌਕੇ ’ਤੇ ਪ੍ਰਿੰਸੀਪਲ ਨੇ ਉਨ੍ਹਾਂ ਦੇ ਹੱਥ ਇਕ ਪੱਤਰ ਦੇ ਦਿੱਤਾ, ਜਿਸ ’ਤੇ ਜਾਰੀ ਸਮਾਂ 22 ਜਨਵਰੀ ਲਿਖਿਆ ਹੋਇਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦ ਇਹ ਪੱਤਰ 22 ਜਨਵਰੀ ਨੂੰ ਕੱਢਿਆ ਗਿਆ ਸੀ, ਤਾਂ ਉਨ੍ਹਾਂ ਨੂੰ ਕਿਉਂ ਨਹੀਂ ਭੇਜਿਆ ਗਿਆ, ਇਸੇ ਸਕੂਲ ’ਚ ਹੀ ਉਨ੍ਹਾਂ ਦੀ ਦੂਜੀ ਧੀ ਪੜ੍ਹਦੀ ਹੈ, ਉਹ ਉਸਦੇ ਹੱਥ ’ਚ ਵੀ ਭੇਜ ਸਕਦੇ ਸਨ। ਵਿਦਿਆਰਥਣ ਦੇ ਮਾਪਿਆਂ ਨੇ ਕਿਹਾ ਕਿ ਪ੍ਰਿੰਸੀਪਲ ਸਾਡੇ ਖ਼ਿਲਾਫ਼ ਰੰਜਿਸ਼ ਰੱਖਦਾ ਹੈ ਤੇ ਉਨ੍ਹਾਂ ਦੀ ਧੀ ਦਾ ਪੜ੍ਹਾਈ ਪੱਖ ਤੋਂ ਇਕ ਸਾਲ ਬਰਬਾਦ ਕਰ ਰਿਹਾ ਹੈ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਜੇਕਰ ਉਨ੍ਹਾਂ ਦੀ ਧੀ ਨੂੰ ਕੁੱਝ ਹੋ ਜਾਂਦਾ ਹੈ, ਤਾਂ ਉਸਦਾ ਜਿੰਮੇਵਾਰ ਪ੍ਰਿੰਸੀਪਲ ਹੋਵੇਗਾ। :ਬਾਕਸ ਨਿਊਜ: ਸਕੂਲ ਵੈਨ ਦੇ 480 ਰੁਪਏ ਨਕਦ ਲੈ ਰਿਹਾ ਪ੍ਰਿੰਸੀਪਲ ਵਿਦਿਆਰਥਣ ਦੇ ਮਾਪਿਆਂ ਨੇ ਖੁਦ ਰੋਂਦੇ ਕੁਰਲਾਉਂਦੇ ਦੱਸਿਆ ਕਿ ਉਹ ਪੰਜ ਧੀਆਂ ਦੇ ਮਾਂ-ਬਾਪ ਹਨ, ਉਹ ਆਪਣੀਆਂ ਧੀਆਂ ਨੂੰ ਪੜ੍ਹਾਉਣ ਚਾਹੁੰਦੇ ਹਨ, ਜਿਸ ਲਈ ਉਹ ਦਿਨ-ਰਾਤ ਮਜ਼ਦੂਰੀ ਕਰ ਰਹੇ ਹਨ, ਪਰ ਪ੍ਰਿੰਸੀਪਲ ਉਨ੍ਹਾਂ ਦੀਆਂ ਧੀਆਂ ਨੂੰ ਪੜ੍ਹਣ ’ਚ ਰੁਕਾਵਟ ਬਣਦਾ ਜਾ ਰਿਹਾ ਹੈ। ਵਿਦਿਆਰਥਣ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਖੁਦ ਆਪਣੀਆਂ ਦੋਵੇਂ ਧੀਆਂ ਨੂੰ ਪੱਤੀ ਰੋਡ ਤੋਂ ਠੀਕਰੀਵਾਲ ਸਕੂਲ ’ਚ ਆਉਣ-ਜਾਣ ਲਈ 480 ਰੁਪਏ ਨਕਦ ਹਰ ਮਹੀਨੇ ਪ੍ਰਿੰਸੀਪਲ ਨੂੰ ਜਮ੍ਹਾਂ ਕਰਵਾਉਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਦੂਸਰੀ ਧੀ ਦੇ 240 ਰੁਪਏ ਬੱਸ ਦੇ ਜਮ੍ਹਾਂ ਕਰਵਾਕੇ ਆਏ ਹਨ। ਜਿਕਰਯੋਗ ਹੈ ਕਿ ਇਹ ਸਕੂਲ ਵਾਲੀ ਬੱਸ ਸਰਕਾਰੀ ਸਕੂਲ ਦੀ ਹੈ ਜਾਂ ਨਿੱਜੀ ਬੰਦੇ ਵੱਲੋਂ ਸਕੂਲ ’ਚ ਚਲਾਈ ਜਾ ਰਹੀ ਹੈ, ਜੇਕਰ ਇਹ ਕਿਸੇ ਵਿਅਕਤੀ ਦੀ ਹੈ, ਤਾਂ ਉਸਦੇ ਪੈਸੇ ਸਰਕਾਰੀ ਸਕੂਲ ਦੇ ਮੁਖੀ ਵੱਲੋਂ ਲੈਣੇ ਕੀ ਵਾਜਬ ਹਨ। ਇਹ ਪਹਿਲੂ ਵੀ ਸਿੱਖਿਆ ਕ੍ਰਾਂਤੀ ’ਤੇ ਇਕ ਵੱਡਾ ਸਵਾਲੀਆ ਚਿੰਨ ਹੈ। :ਬਾਕਸ ਨਿਊਜ: ਬੋਰਡ ਵੱਲੋਂ ਭੇਜੇ ਰੋਲ ਨੰਬਰ ’ਤੇ ਪ੍ਰਿੰਸੀਪਲ ਦੀ ਕਲਮ ਨੇ ਲਾਈ ਰੋਕ ਹੈਰਾਨੀ ਦੀ ਗੱਲ ਹੈ ਕਿ ਵਿਦਿਆਰਥਣ ਦੇ ਮਾਪਿਆਂ ਨੇ ਆਪਣੇ ਮੋਬਾਈਲ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੇ ਰੋਲ ਨੰਬਰ ਦਾ ਉਹ ਪੱਤਰ ਦਿਖਾਇਆ ਜਿਸ ’ਤੇ ਹੇਠਾਂ ਪੈਨ ਨਾਲ ਪ੍ਰਿੰਸੀਪਲ ਵੱਲੋਂ ਇਹ ਲਿਖਿਆ ਗਿਆ ਕਿ ਵਿਦਿਆਰਥਣ ਦੀ ਹਾਜ਼ਰੀ ਘੱਟ ਹੈ, ਇਸ ਲਈ ਇਸ ਵਿਦਿਆਰਥਣ ਨੂੰ ਇਹ ਰੋਲ ਨੰਬਰ ਜਾਰੀ ਨਾ ਕੀਤਾ ਜਾਵੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿਲਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ, ਮਾਤਾ ਦਾ ਨਾਮ ਸੁਮਨਦੀਪ ਕੌਰ, ਕਲਾਸ 8ਵੀਂ ਰੋਲ ਨੰਬਰ 8026223832 ਜਾਰੀ ਕੀਤਾ ਗਿਆ ਸੀ। ਜਿਸ ਨੂੰ ਪ੍ਰਿੰਸੀਪਲ ਦੀ ਕਲਮ ਨੇ ਅਜਿਹੀ ਰੋਕ ਲਗਾਈ ਕਿ ਵਿਦਿਆਰਥਣ ਨੂੰ ਇਹ ਰੋਲ ਨੰਬਰ ਨਾ ਮਿਲ ਸਕਿਆ। ਮੰਗਲਵਾਰ 17 ਫਰਵਰੀ ਨੂੰ ਪ੍ਰਿੰਸੀਪਲ ਵੱਲੋਂ ਕੋਈ ਘਰੇਲੂ ਰੁਝੇਵੇਂ ਕਾਰਨ ਛੁੱਟੀ ਲੈ ਲਈ ਗਈ, ਸਕੂਲ ਦੇ ਕਿਸੇ ਵੀ ਅਧਿਆਪਕ ਨੇ ਇਸ ਵਿਦਿਆਰਥਣ ਨੂੰ ਰੋਲ ਨੰਬਰ ਜਾਰੀ ਨਹੀਂ ਕੀਤਾ, ਜਿਸ ਕਾਰਨ ਉਹ 8ਵੀਂ ਦੇ ਬੋਰਡ ਪੇਪਰਾਂ ’ਚ ਆਪਣਾ ਪੇਪਰ ਦੇਣ ਲਈ ਨਾ ਬੈਠ ਸਕੀ, ਸਿੱਖਿਆ ਵਿਭਾਗ ਵੱਲੋਂ ਉਸ ਨਾਲ ਹੋਈ ਧੱਕੇਸ਼ਾਹੀ ਖ਼ਿਲਾਫ਼ ਉਹ ਸਾਰਾ ਦਿਨ ਰੋਂਦੀ ਰਹੀ। :ਬਾਕਸ ਨਿਊਜ: ਬੋਰਡ ਦੇ ਚੇਅਰਮੈਨ ਦੇ ਪੀਏ ਨਾਲ ਕਰੋ ਗੱਲ : ਪ੍ਰਿੰਸੀਪਲ ਜਦ ਇਸ ਮਾਮਲੇ ਸਬੰਧੀ ਸਰਕਾਰੀ ਸੀਨੀ.ਸੈਕੰਡਰੀ ਸਕੂਲ ਲੜਕੀਆਂ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੋ ਟੁੱਕ ਗੱਲ ਮੁਕਾਉਂਦਿਆਂ ਕਿਹਾ ਕਿ ਤੁਸੀਂ ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੇ ਪੀਏ ਨਾਲ ਗੱਲ ਕਰੋ। ਇਹ ਮਾਮਲਾ ਸਾਰਾ ਉਨ੍ਹਾਂ ਦੇ ਧਿਆਨ ’ਚ ਹੈ। ਜਦ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਚੇਅਰਮੈਨ ਦੇ ਪੀਏ ਜਾਂ ਚੇਅਰਮੈਨ ਨਾਲ ਨਾਮ ਜਾਂ ਮੋਬਾਈਲ ਨੰਬਰ ਦੱਸ ਦਿਓ, ਤਾਂਕਿ ਉਨ੍ਹਾਂ ਨਾਲ ਗੱਲ ਹੋ ਸਕੇ, ਤਾਂ ਪ੍ਰਿੰਸੀਪਲ ਸੰਜੇ ਸਿੰਗਲਾ ਨੇ ਚੇਅਰਮੈਨ ਜਾਂ ਉਨ੍ਹਾਂ ਦੇ ਪੀਏ ਦਾ ਨਾਮ ਤੇ ਸੰਪਰਕ ਨੰਬਰ ਨਾ ਹੋਣ ਦੀ ਸੂਰਤ ’ਚ ਹਾਸੋਹੀਣਾ ਜਵਾਬ ਦਿੱਤਾ। :ਬਾਕਸ ਨਿਊਜ: ਫੀਸ ਦੀ ਟੋਕਾ ਟਾਕੀ ਨੂੰ ਲੈ ਕੇ ਠੀਕਰੀਵਾਲ ਦੀ ਵਿਦਿਆਰਥਣ ਨੇ ਕੀਤੀ ਸੀ ਖੁਦਕੁਸ਼ੀ ਇਸੇ ਹੀ ਇਤਿਹਾਸਕ ਪਿੰਡ ’ਚ ਇਕ ਦਲਿਤ ਗਰੀਬ ਪਰਿਵਾਰ ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਸੀ, ਉਸਦਾ ਵੀ ਕਾਰਨ ਇਹ ਸੀ ਕਿ ਉਹ ਵਿਦਿਆਰਥਣ ਘਰੇਲੂ ਆਰਥਿਕ ਤੰਗੀ ਕਾਰਨ ਆਪਣੀ ਫੀਸ ਨਹੀਂ ਸੀ ਭਰ ਸਕੀ। ਜਿਸਨੂੰ ਫੀਸ ਲਈ ਪ੍ਰਿੰਸੀਪਲ ਜਾਂ ਪ੍ਰਬੰਧਕੀ ਟੀਮ ਵੱਲੋਂ ਨਿੱਤ ਦਿਨ ਟੋਕਾ ਕੀਤੀ ਜਾ ਰਹੀ ਸੀ, ਜਿਸਤੋਂ ਤੰਗ ਪਰੇਸ਼ਾਨ ਹੋ ਕੇ ਉਸ ਲੜਕੀ ਨੇ ਆਪਣੇ ਹੀ ਘਰ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਸੀ। ਪਰ ਉਸ ਪਰਿਵਾਰ ਦੀ ਕਿਸੇ ਵੀ ਸਮਾਜ ਸੇਵੀ ਸੰਸਥਾ ਜਾਂ ਸਿਆਸੀ ਆਗੂ ਨੇ ਫੀਸ ਦੀ ਟੋਕਾ ਟਾਕੀ ਤੋਂ ਤੰਗ ਹੋ ਕੇ ਕੀਤੀ ਖੁਦਕੁਸ਼ੀ ਦੇ ਹੱਕ ’ਚ ਖੜ੍ਹਦਿਆਂ ਉਸਨੂੰ ਖੁਦਕੁਸ਼ੀ ਦੇ ਰਾਹ ਪਾਉਣ ਵਾਲਿਆਂ ਖ਼ਿਲਾਫ਼ ਕੋਈ ਵੀ ਕਾਰਵਾਈ ਦਾ ਹੰਭਲਾ ਨਹੀਂ ਸੀ ਮਾਰਿਆ, ਗੌਰ ਹੋਵੇ ਕਿ ਇਕ ਪਾਸੇ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਖਾਸ ਕਰਕੇ ਧੀਆਂ ਨੂੰ ਪੜ੍ਹਾਉਣ ਲਈ ਜਾਗਰੂਕ ਕੈਂਪ ਲਾ ਰਹੀ ਹੈ, ਜੋ ਕਿ ਅਜਿਹੇ ਮਾਹੌਲ ’ਚ ਸਿਰਫ਼ ਡਰਾਮਾ ਜਾਪ ਰਿਹਾ ਹੈ, ਜਦਕਿ ਜ਼ਮੀਨੀ ਪੱਧਰ ’ਤੇ ਪੜ੍ਹਣ ਦੀਆਂ ਚਾਹਵਾਨ ਧੀਆਂ ਲਈ ਤਾਂ ਅੱਜ ਵੀ ਔਕੜਾਂ ਦਾ ਵੱਡਾ ਘੇਰਾ ਹੈ। ਮੈਂ ਖੁਦ ਕਰਾਂਗਾ ਜਾਂਚ : ਡੀਈਓ ਜਦੋਂ ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿੱ ਸੁਨੀਤਇੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੁਣੇ ਹੀ ਲਿਆਂਦਾ ਗਿਆ ਹੈ, ਉਹ ਇਸ ਸਬੰਧੀ ਖੁਦ ਜਾਂਚ ਕਰ ਕੇ ਸਕੂਲ ਦੇ ਪ੍ਰਿੰਸੀਪਲ ਤੋਂ ਸਾਰਾ ਰਿਕਾਰਡ ਮੰਗਵਾ ਕੇ ਜਾਂਚਣਗੇ ਕਿ ਵਿਦਿਆਰਥਣ ਦੇ ਮਾਪਿਆਂ ਨੂੰ ਉਨ੍ਹਾਂ ਪਹਿਲਾਂ ਕੋਈ ਲਿਖਤੀ ਪੱਤਰ ਕੱਢਿਆ ਹੈ ਜਾਂ ਇਸ ਮਾਮਲੇ ਸਬੰਧੀ ਉੱਪਰ ਬੋਰਡ ਤੋਂ ਕੋਈ ਮਨਜੂਰੀ ਲੈਣ ਲਈ ਈਮੇਲ ਭੇਜੀ ਹੈ ਜੇਕਰ ਭੇਜੀ ਹੈ ਤਾਂ ਉਹ ਕਿਸ ਦਿਨ ਭੇਜੀ ਹੈ ਤੇ ਬੋਰਡ ਦਾ ਉਸ ਸਬੰਧੀ ਕੀ ਜਵਾਬ ਹੈ ਉਹ ਖੁਦ ਵੀ ਬੋਰਡ ਨਾਲ ਗੱਲਬਾਤ ਕਰ ਕੇ ਇਸ ਵਿਦਿਆਰਥਣ ਦੇ ਪੇਪਰ ਦਵਾਉਣ ਲਈ ਗੱਲ ਕਰਨਗੇ। : ਪ੍ਰਿੰਸੀਪਲ ਖ਼ਿਲਾਫ਼ ਹੋਵੇਗੀ ਕਾਰਵਾਈ : ਵਿਧਾਇਕ ਹਲਕਾ ਮਹਿਲਕਲਾਂ ਦੇ ਵਿਧਾਇਕ ਤੇ ਵਿਸ਼ੇ਼ਸ ਅਧਿਕਾਰ ਕਮੇਟੀ ਵਿਧਾਨ ਸਭਾ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਨਾਲ ਗੱਲਬਾਤ ਕੀਤੀ ਕਿ ਉਨ੍ਹਾਂ ਦੇ ਹਲਕੇ ਅਧੀਨ ਆਉਂਦੇ ਪਿੰਡ ਠੀਕਰੀਵਾਲਾ ਦੇ ਸਰਕਾਰੀ ਸਕੂਲ ਲੜਕੀਆਂ ’ਚੋਂ ਇੱਕ 8ਵੀਂ ਕਲਾਸ ਦੀ ਵਿਦਿਆਰਥਣ ਨੂੰ ਰੋਲ ਨੰਬਰ ਨਾਂ ਦੇ ਕੇ ਪੇਪਰ ’ਚ ਬੈਠਣ ਤੋਂ ਰੋਕ ਦਿੱਤਾ ਗਿਆ ਹੈ, ਜਿਸ ਕਾਰਨ ਉਹ ਵਿਦਿਆਰਥਣ ਤੇ ਉਸ ਦੇ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ ਤਾਂ ਹਲਕਾ ਵਿਧਾਇਕ ਨੇ ਉਸ ਟਾਇਮ ਮੌਕੇ ’ਤੇ ਕਿਹਾ ਕਿ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਹਰ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਦੇਣਾ ਸਰਕਾਰ ਦਾ ਮੁੱਢਲਾ ਫ਼ਰਜ ਹੈ। ਉਨ੍ਹਾਂ ਪਰਿਵਾਰ ਨਾਲ ਗੱਲ ਕਰਦਿਆਂ ਵਿਸ਼ਵਾਸ਼ ਦਿੱਤਾ ਕਿ ਉਹ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਵੀ ਕਰਨਗੇ ਤੇ ਵਿਦਿਆਰਥਣ ਦੇ ਪੇਪਰਾਂ ਲਈ ਵੀ ਹੰਭਲਾ ਕਰਨਗੇ।