ਸਕੂਲ ਦੀ ਵਰਦੀ ’ਚ 8ਵੀਂ ਕਲਾਸ ਦੀ ਵਿਦਿਆਰਥਣ ਨੇ ਸਾਰਾ ਦਿਨ ਗੁਜਾਰਿਆ ਡੀਸੀ ਦੇ ਦਰਾਂ ’ਤੇ
ਸਕੂਲ ਦੀ ਵਰਦੀ ’ਚ 8ਵੀਂ ਕਲਾਸ ਦੀ ਵਿਦਿਆਰਥਣ ਨੇ ਸਾਰਾ ਦਿਨ ਗੁਜਾਰਿਆ ਡੀਸੀ ਦੇ ਦਰਾਂ ’ਤੇ
Publish Date: Thu, 19 Feb 2026 07:26 PM (IST)
Updated Date: Fri, 20 Feb 2026 04:10 AM (IST)

: ਨਾਂ ਮਿਲਿਆ ਰੋਲ ਨੰਬਰ, ਨਾ ਹੀ ਹੋਇਆ ਪੇਪਰ : ‘ਕੁੱਝ ਪੱਲੇ ਨਹੀਂ ਪਾਇਆ ਦਰ ਦਰ ਗੁਹਾਰ ਨੇ, ਰੱਜ ਕੇ ਰਵਾਇਆ ਪ੍ਰਿੰਸੀਪਲ ਦੀ ਕਲਮ ਵਾਲੀ ਮਾਰ ਨੇ’ ਕੈਪਸ਼ਨ: : ਜਾਣਕਾਰੀ ਦੇਣ ਸਮੇਂ ਪਰਿਵਾਰਕ ਮੈਂਬਰ ਤੇ ਵਿਦਿਆਰਥਣ। : ਭਾਈ ਲਾਲੋ ਮੰਚ ਪੰਜਾਬ ਦੇ ਆਗੂ ਵਿਦਿਆਰਥਣ ਦੇ ਹੱਕ ’ਚ ਧਰਨਾ ਦੇਣ ਸਮੇਂ। : ਪ੍ਰਿੰਸੀਪਲ ਵਲੋਂ ਰੋਲ ਨੰਬਰ ’ਤੇ ਆਪਣੀ ਕਲਮ ਨਾਲ ਲਗਾਈ ਰੋਕ ਦੀ ਕਾਪੀ। ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਪਿੰਡ ਪਿੰਡ, ਸਹਿਰ ਸਹਿਰ ਸਰਵੇ ਕਰਕੇ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਮੜ੍ਹ ਸਰਕਾਰੀ ਸਕੂਲਾਂ ਦੇ ਦਾਖਲੇ ਵਧਾਉਣ ਤਹਿਤ ਈਜੀਐਸ ਅਧਿਆਪਕਾਂ ਨੂੰ ਵਿਸ਼ੇਸ਼ ਤਾਇਨਾਤ ਕੀਤਾ ਜਾਂਦਾ ਹੈ। ਉੱਧਰ ਦੂਸਰੇ ਪਾਸੇ ਵੀਰਵਾਰ ਨੂੰ ਸਵੇਰੇ 11:00 ਵਜੇ ਤੋ. ਲੈ ਕੇ ਦੇਰ ਸ਼ਾਮ 6:00 ਵਜੇ ਤੋ. ਬਾਅਦ ਵੀ ਅੱਠਵੀਂ ਕਲਾਸ ਦੀ ਵਿਦਿਆਰਥਣ ਰੋਲ ਨੰਬਰ ਲੈਣ ਲਈ ਤੇ 8ਵੀਂ ਕਲਾਸ ਦੇ ਪੇਪਰ ਦੇਣ ਲਈ ਡੀਸੀ ਦਫ਼ਤਰ ਅੱਗੇ ਸਕੂਲ ਦੀ ਵਰਦੀ ਪਾ ਹੱਥ ’ਚ ਪੇਪਰ ਦੇਣ ਵਾਲਾ ਫੱਟਾ ਫੜ ਹੁਬਕੀ ਹੁਬਕੀ ਰੋਦੀ ਰਹੀ। ਜਿਸ ਦੀ ਨਾਂ ਤਾਂ ਸਾਰ ਜਿਲ੍ਹਾ ਸਿੱਖਿਆ ਵਿਭਾਗ, ਨਾਂ ਹੀ ਜਿਲ੍ਹਾ ਬਾਲ ਸੁਰੱਖਿਆ ਵਿਭਾਗ, ਨਾਂ ਹੀ ਐਸਸੀ ਕਮਿਸ਼ਨ ਦੇ ਬਰਨਾਲਾ ਤੋਂ ਮੈਂਬਰ, ਨਾਂ ਹੀ ਉਸ ਵਿਦਿਆਰਥਣ ਦੇ ਹਲਕੇ ਦੇ ਵਿਧਾਇਕ, ਨਾਂ ਹੀ ਵਿਸ਼ੇਸ਼ ਅਧਿਕਾਰ ਕਮੇਟੀ ਵਿਧਾਨ ਸਭਾ ਦੇ ਚੇਅਰਮੈਨ, ਨਾਂ ਹੀ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ, ਨਾਂ ਹੀ ਮੈਂਬਰ ਪਾਰਲੀਮੈਂਟ ਦੇ ਕਿਸੇ ਦਫ਼ਤਰੀ ਕਾਮੇ ਵਲੋਂ ਤੇ ਨਾਂ ਹੀ ਜਿਲ੍ਹਾ ਪ੍ਰਸਾਸ਼ਨ ਦੇ ਕਿਸੇ ਹੋਰ ਅਧਿਕਾਰੀ ਨੇ ਉਸ ਦਲਿਤ ਗਰੀਬ ਲੋੜਵੰਦ ਪਰਿਵਾਰ ਦੀ ਧੀ ਦੀ ਬਾਹ ਫੜਦਿਆਂ ਕਿਸੇ ਨੇ ਉਸ ਨੂੰ ਅੱਠਵੀਂ ਦੇ ਪੇਪਰ ਦਵਾਉਣ ਦਾ ਤਹੱਈਆ ਕੀਤਾ। ਇਹ ਮਾਮਲਾ ਭਾਵੇਂ ਪਿਛਲੇ ਚਾਰ ਦਿਨ ਤੋਂ ਪੀੜ੍ਹਤ ਪਰਿਵਾਰ ਵਲੋਂ ਦਰ ਦਰ ਜਾ ਕੇ ਉਛਾਲਿਆ ਜਾ ਰਿਹਾ ਹੈ, ਪਰ 5 ਧੀਆਂ ਦੇ ਮਾਪਿਆਂ ਦੀ ਕਿਸੇ ਨੇ ਵੀ ਇਨਸਾਫ਼ ਦਵਾਉਣ ਤੇ ਵਿਦਿਆਰਥਣ ਨੂੰ 8ਵੀਂ ਕਲਾਸ ਦੇ ਪੇਪਰ ਦਵਾਉਣ ਲਈ ਚਾਰਾਜੋਈ ਨਹੀਂ ਕੀਤੀ। ਬਰਨਾਲਾ ਇੱਕ ਇਨਸਾਫ਼ਪਸੰਦ ਲੋਕਾਂ ਦੀ ਧਰਤੀ ਹੈ, ਇਸੇ ਧਰਤੀ ਤੋਂ ਅਨੇਕਾਂ ਜਥੇਬੰਦੀਆਂ ਨੇ ਅਨੇਕਾਂ ਸੰਘਰਸ਼ ਲੜੇ ਹੀ ਨਹੀਂ ਬਲਕਿ ਜਿੱਥੇ ਹਨ। ਦੇਰ ਸ਼ਾਮ ਕੁੱਝ ਸਮਾਜਸੇਵੀ ਲੋਕਾਂ ਨੇ ਇਸ ਪਰਿਵਾਰ ਦਾ ਸਾਥ ਦਿੰਦਿਆਂ ਵੀ ਉਨ੍ਹਾਂ ਨਾਲ ਜਿੱਥੇ ਧਰਨੇ ’ਚ ਸਮੂਲੀਅਤ ਕੀਤੀ, ਉੱਥੇ ਹੀ ਵਿਦਿਆਥਣ ਨੂੰ ਰੋਲ ਨੰਬਰ ਦੇਣ ਤੇ ਪੇਪਰ ਦਵਾਉਣ ਦੀ ਸਿੱਖਿਆ ਵਿਭਾਗ ਤੇ ਡਿਪਟੀ ਕਮਿਸਨਰ ਬਰਨਾਲਾ ਅੱਗੇ ਮੰਗ ਰੱਖੀ। : ਬੋਰਡ ਵੱਲੋਂ ਭੇਜੇ ਰੋਲ ਨੰਬਰ ’ਤੇ ਪ੍ਰਿੰਸੀਪਲ ਦੀ ਕਲਮ ਨੇ ਲਾਈ ਸੀ ਰੋਕ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਸਰਕਾਰ ਤੇ ਸਿੱਖਿਆ ਵਿਭਾਗ ਦਾ ਫ਼ਰਮਾਨ ਹੈ ਕਿ 8ਵੀਂ ਤੱਕ ਦੇ ਕਿਸੇ ਵਿਦਿਆਰਥੀ ਨੂੰ ਫੇਲ੍ਹ ਨਹੀਂ ਕਰਨਾ, ਪਰ ਦੂਸਰੇ ਪਾਸੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਠੀਕਰੀਵਾਲਾ ਦੇ ਪ੍ਰਿੰਸੀਪਲ ਵਲੋਂ 8ਵੀਂ ਕਲਾਸ ਦੀ ਵਿਦਿਆਰਥਣ ਦਾ ਬੋਰਡ ਵਲੋਂ ਜਾਰੀ ਕੀਤਾ ਰੋਲ ਨੰਬਰ ’ਤੇ ਆਪਣੀ ਕਲਮ ਨਾਲ ਰੋਕ ਲਗਾ ਦਿੱਤੀ। ਪੰਜਾਬੀ ਜਾਗਰਣ ਦੀ ਟੀਮ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਭੇਜੇ ਰੋਲ ਨੰਬਰ ਦਾ ਉਹ ਪੱਤਰ ਵੀ ਹਾਸਲ ਕਰ ਲਿਆ ਜਿਸ ’ਤੇ ਹੇਠਾਂ ਪੈਨ ਨਾਲ ਪ੍ਰਿੰਸੀਪਲ ਵੱਲੋਂ ਇਹ ਲਿਖਿਆ ਗਿਆ ਕਿ ਵਿਦਿਆਰਥਣ ਦੀ ਹਾਜਰੀ ਘੱਟ ਹੈ, ਇਸ ਲਈ ਇਸ ਵਿਦਿਆਰਥਣ ਨੂੰ ਇਹ ਰੋਲ ਨੰਬਰ ਜਾਰੀ ਨਾ ਕੀਤਾ ਜਾਵੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਿਲਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ, ਮਾਤਾ ਦਾ ਨਾਮ ਸੁਮਨਦੀਪ ਕੌਰ, ਕਲਾਸ 8ਵੀਂ ਰੋਲ ਨੰਬਰ 8026223832 ਜਾਰੀ ਕੀਤਾ ਗਿਆ ਸੀ। ਜਿਸ ਨੂੰ ਪ੍ਰਿੰਸੀਪਲ ਦੀ ਮਜਬੂਤ ਕਲਮ ਨੇ ਅਜਿਹੀ ਰੋਕ ਲਗਾਈ, ਕਿ ਵਿਦਿਆਰਥਣ ਨੂੰ ਇਹ ਰੋਲ ਨੰਬਰ ਨਾ ਮਿਲ ਸਕਿਆ। ਮੰਗਲਵਾਰ 17 ਫਰਵਰੀ ਨੂੰ ਪ੍ਰਿੰਸੀਪਲ ਵੱਲੋਂ ਕੋਈ ਘਰੇਲੂ ਰੁਝੇਵੇਂ ਕਾਰਣ ਛੁੱਟੀ ਲੈ ਲਈ ਗਈ, ਸਕੂਲ ਦੇ ਕਿਸੇ ਵੀ ਅਧਿਆਪਕ ਨੇ ਇਸ ਵਿਦਿਆਰਥਣ ਨੂੰ ਰੋਲ ਨੰਬਰ ਜਾਰੀ ਨਹੀਂ ਕੀਤਾ, ਜਿਸ ਕਾਰਣ ਉਹ 8ਵੀਂ ਦੇ ਬੋਰਡ ਪੇਪਰਾਂ ’ਚ ਆਪਣਾ ਪੇਪਰ ਦੇਣ ਲਈ ਨਾ ਬੈਠ ਸਕੀ, ਸਿੱਖਿਆ ਵਿਭਾਗ ਵੱਲੋਂ ਉਸ ਨਾਲ ਹੋਈ ਧੱਕੇਸ਼ਾਹੀ ਖਿਲਾਫ਼ ਉਹ ਸਾਰਾ ਦਿਨ ਫੁੱਟ ਫੁੱਟ ਕੇ ਰੋਂਦੀ ਰਹੀ। 18 ਫ਼ਰਵਰੀ ਨੂੰ ਵੀ ਉਹ ਸਿੱਖਿਆ ਵਿਭਾਗ ਤੇ ਸਰਕਾਰ ਦੇ ਨੁਮਾਇੰਦਿਆਂ ਦੇ ਹਾੜੇ ਕੱਢਦੀ ਰਹੀ ਪਰ 19 ਫ਼ਰਵਰੀ ਨੂੰ ਵੀ ਉਸ ਨੂੰ ਦੂਸਰੇ ਪੰਜਾਬੀ ਦੇ ਪੇਪਰ ’ਚ ਵੀ ਬੈਠਣ ਤੋਂ ਮਨਾ ਕਰ ਦਿੱਤਾ ਗਿਆ ਤਾਂ ਵਿਦਿਆਰਥਣ ਨੇ ਸਕੂਲ ਦੀ ਵਰਦੀ ਤੇ ਪੇਪਰ ਦੇਣ ਲਈ ਲਿਆਂਦੇ ਨਵੇ ਫੱਟੇ ਸਣੇ 11:00 ਵਜੇ ਦੇ ਕਰੀਬ ਡੀਸੀ ਦਫ਼ਤਰ ਆ ਕੇ ਆਪਣੇ ਪਰਿਵਾਰ ਸਣੇ ਧਰਨਾ ਦੇ ਦਿੱਤਾ। : ਵਿਦਿਆਰਥਣ ਦੇ ਹੱਕ ’ਚ ਜਮਾਤਨਾਂ ਨੇ ਡੀਸੀ ਦਫਤਰ ਦਿੱਤਾ ਧਰਨਾ ਵਿਦਿਆਰਥਣ ਨੂੰ ਰੋਲ ਨੰਬਰ ਨਾਂ ਦੇਣ ਤੇ ਪੇਪਰ ’ਚ ਨਾਂ ਬੈਠਣ ਦਾ ਦਿੱਤਾ ਘੱਟ ਹਾਜ਼ਰੀਆਂ ਦਾ ਪ੍ਰਿੰਸੀਪਲ ਵਲੋਂ ਹਵਾਲਾ ਉਸ ਵਖਤ ਹਾਸੋ ਹੀਣਾ ਹੋ ਗਿਆ ਜਦ ਉਸ ਵਿਦਿਆਰਥਣ ਦੇ ਸਕੂਲ ਦੀਆਂ ਹੋਰ ਵਿਦਿਆਰਥਣਾਂ ਨੇ ਸਕੂਲ ਸਮੇਂ ਤੋਂ ਬਾਅਦ ਸ਼ਾਮ ਨੂੰ ਵਿਦਿਆਰਥਣ ਦੇ ਹੱਕ ‘ਚ ਧਰਨੇ ’ਚ ਸ਼ਾਮਲ ਹੋ ਕੇ ਮੀਡੀਆ ਦੇ ਰੂਬਰੂ ਹੋ ਇਹ ਬਿਆਨ ਦਿੱਤੇ ਕਿ ਅਸੀ ਤਿੰਨੇ ਵਿਦਿਆਰਥਣਾਂ ਇੱਕੋ ਸਕੂਟਰੀ ’ਤੇ ਸਕੂਲ ’ਚ ਜਾਂਦੀਆਂ ਸੀ। ਸਾਡੇ ਨਾਲ ਦਿਲਪ੍ਰੀਤ ਕੌਰ ਵੀ ਸਕੂਲ ’ਚ ਰੋਜਾਨਾ ਵਾਂਗ ਜਾਂਦੀ ਸੀ। ਅਸੀ ਖੁਦ ਸਿੱਖਿਆ ਵਿਭਾਗ ਤੇ ਜਿਲ੍ਹਾ ਪ੍ਰਸਾਸ਼ਨ ਅੱਗ ਆਪਣੇ ਬਿਆਨ ਕਲਮਬੰਦ ਕਰਵਾਉਣ ਲਈ ਤਿਆਰ ਹਾਂ। ਉਨ੍ਹਾਂ ਦੱਸਿਆ ਕਿ ਪ੍ਰਿੰਸੀਪਲ ਵਲੋਂ ਸਾਡੀ ਸਹੇਲੀ ਨੂੰ ਜਾਨ ਬੁੱਝ ਕੇ ਰੋਲ ਨੰਬਰ ਨਹੀਂ ਦਿੱਤਾ। ਇਹ ਵੀ ਗੱਲ ਦੇਖਣ ਵਾਲੀ ਹੈ ਕਿ ਜਦ ਉਸ ਦੇ ਨਾਲ ਸਕੂਲ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਰੋਲ ਨੰਬਰ ਪ੍ਰਿੰਸੀਪਲ ਵਲੋਂ ਦੇ ਦਿੱਤਾ ਜਾਂਦਾ ਹੈ ਤੇ ਬੋਰਡ ਵਲੋਂ ਦਿਲਪ੍ਰੀਤ ਕੌਰ ਦਾ ਜਾਰੀ ਹੋਇਆ ਰੋਲ ਨੰਬਰ ਰੋਕਣਾ ਵੀ ਸਿੱਖਿਆ ਕ੍ਰਾਂਤੀ ’ਤੇ ਸੱਕ ਦੇ ਬੱਦਲਾਂ ਸਮਾਨ ਹੈ। : ਅਸੀ ਪਿ੍ੰਸੀਪਲ ਨੂੰ ਘਰੇ ਆਉਣੋ ਰੋਕਿਆ, ਉਸਨੇ ਧੀ ਦਾ ਰੋਲ ਨੰਬਰ ਰੋਕਿਆ ਰੋਲ ਨੰਬਰ ਲੈਣ ਤੋਂ ਖੂੰਝੀ ਵਿਦਿਆਰਥਣ ਦੇ ਪਿਤਾ ਸੁਖਵਿੰਦਰ ਸਿੰਘ ਤੇ ਮਾਤਾ ਸੁਮਨਦੀਪ ਕੌਰ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਸੰਜੇ ਸਿੰਗਲਾ ਨੂੰ ਉਨ੍ਹਾਂ ਨੇ ਉਨ੍ਹਾਂ ਦੇ ਘਰੇ ਰੋਜ ਵਾਂਗ ਆਉਣ ਤੋਂ ਰੋਕ ਦਿੱਤਾ ਸੀ। ਜਿਸ ਦਾ ਵਿਰੋਧ ਆਂਡ ਗੁਆਢ ਦੇ ਲੋਕ ਤੇ ਉਹ ਖੁਦ ਵੀ ਕਰਦੇ ਸਨ। ਜਿਸ ਨੂੰ ਲੈ ਕੇ ਉਨ੍ਹਾਂ ਦੀ ਤੂੰ ਤੂੰ ਮੈਂ ਮੈਂ ਵੀ ਹੋਈ ਸੀ। ਜਿਸ ਦੀ ਖੁੰਦਕ ਕੱਢਦਿਆਂ ਪ੍ਰਿੰਸੀਪਲ ਨੇ ਸਾਡੀ ਧੀ ਦਾ ਰੋਲ ਨੰਬਰ ਨਹੀਂ ਦਿੱਤਾ। ਜੋ ਕਿ ਬੋਰਡ ਵਲੋਂ ਜਾਰੀ ਹੋਇਆ ਹੈ। ਸਾਡੀ ਧੀ ਦਿਲਪ੍ਰੀਤ ਕੌਰ ਦਾ ਰੋਲ ਨੰਬਰ 8026223832 ਬੋਰਡ ਵਲੋਂ ਭੇਜਿਆ ਗਿਆ ਸੀ। ਜਿਸ ਨੂੰ ਪ੍ਰਿੰਸੀਪਲ ਨੇ ਸਾਨੂੰ ਨਹੀਂ ਦਿੱਤਾ ਸਗੋਂ ਉਸ ’ਤੇ ਸਾਡੀ ਧੀ ਦੀਆਂ ਵਾਧੂ ਗੈਰ ਹਾਜ਼ਰੀਆਂ ਭਰ ਕੇ ਉੱਪਰਲੇ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਿੰਸੀਪਲ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ। : ਭਾਈ ਲਾਲੋ ਮੰਚ ਦੇ ਆਗੂ ਵਿਦਿਆਰਥਣ ਦੇ ਹੱਕ ’ਚ ਨਿੱਤਰੇ ਸਵੇਰ ਤੋਂ ਸ਼ਾਮ ਤੱਕ ਡੀਸੀ ਦਫ਼ਤਰ ਰੋਲ ਨੰਬਰ ਲੈਣ ਲਈ ਆਪਣੇ ਮਾਪਿਆਂ ਨਾਲ ਧਰਨੇ ’ਤੇ ਬੈਠੀ ਵਿਦਿਆਰਥਣ ਦਿਲਪ੍ਰੀਤ ਕੌਰ ਦੇ ਹੱਕ ‘ਚ ਸ਼ਾਮ ਨੂੰ ਹਰਦੀਪ ਸਿੰਘ ਖਿਆਲੀ ਮਹਿਲ ਕਲਾਂ ਤੋਂ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਆਪਣੇ ਸਾਥੀਆਂ ਸਮੇਤ ਪੁੱਜੇ, ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਲਈ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਵੀ ਮਿਲ ਰਹੇ ਹਨ। ਉਹ ਇਸ ਇਨਸਾਫ਼ ਲਈ ਧੀ ਦੇ ਹੱਕ ’ਚ ਹਨ ਜੋ ਵੀ ਇਸ ਪੀੜ੍ਹਤ ਪਰਿਵਾਰ ਦਾ ਫੈਸਲਾ ਹੋਵੇਗਾ ਉਸ ਦੇ ਉਹ ਪਹਿਰਾ ਦੇਣਗੇ। ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ 4 ਦਿਨਾਂ ਤੋਂ ਇੱਕ ਦਲਿਤ ਪਰਿਵਾਰ ਦੀ ਧੀ ਪੜ੍ਹਨਾ ਚਾਹੁੰਦੀ ਹੈ ਪਰ ਕੋਈ ਵੀ ਪ੍ਰਸਾਸ਼ਨਿਕ ਅਧਿਕਾਰੀ ਉਸ ਨੂੰ ਰੋਲ ਨੰਬਰ ਦਵਾਉਣ ਤੇ ਪੇਪਰ ’ਚ ਬਠਾਉਣ ਲਈ ਅੱਗੇ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਉਹ ਇਸ ਸੰਘਰਸ਼ ’ਚ ਵਿਦਿਆਰਥਣ ਦਾ ਡਟਕੇ ਸਾਥ ਦੇਣਗੇ। ਉਨ੍ਹਾਂ ਦੱਸਿਆ ਕਿ ਸਰਬ ਸਿੱਖਿਆ ਅਭਿਆਨ ਦੇ ਵਿੱਦਿਅਕ ਰੂਲ ਤਹਿਤ ਅੱਠਵੀਂ ਦਾ ਕੋਈ ਵੀ ਵਿਦਿਆਰਥੀ ਜਦ ਸਰਕਾਰ ਨੇ ਫੇਲ੍ਹ ਹੀ ਨਹੀਂ ਕਰਨਾ ਤਾਂ ਇਸ ਲੜਕੀ ਨਾਲ ਧੱਕੇਸ਼ਹੀ ਉਹ ਬਰਦਸਾਤ ਨਹੀਂ ਕਰਨਗੇ। : ਮੈ ਅੱਜ ਜਾਵਾਂਗੀ ਜਾਂਚ ਲਈ: ਬਾਲ ਸੁਰੱਖਿਆ ਅਧਿਕਾਰੀ :ਜਦ ਇਸ ਸਬੰਧੀ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਗੁਰਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਸੁੱਕਰਵਾਰ ਨੂੰ ਸਕੂਲ ਜਾਣਗੇ। ਸਕੂਲ ਦਾ ਸਾਰਾ ਰਿਕਾਰਡ ਚੈੱਕ ਕਰਨਗੇ। ਜਿਸ ’ਚ ਉਹ ਹਰ ਪਹਿਲੂ ਦੀ ਡੂੰਘਾਈਂ ਨਾਲ ਜਾਂਚ ਕਰਨਗੇ। ਉਸ ਉਪਰੰਤ ਹੀ ਉਹ ਮੀਡੀਆ ਦੇ ਰੂਬਰੂ ਹੋ ਕੇ ਆਪਣਾ ਪੱਖ ਰੱਖਣਗੇ। ਗੌਰ ਹੋਵੇ ਕਿ ਪਿਛਲੇ 4 ਦਿਨ ਤੋਂ ਭਖ ਰਹੇ ਇਸ ਮਾਮਲੇ ਨੂੰ ਜਿੱਥੇ ਕਿਸੇ ਵੀ ਅਧਿਕਾਰੀ ਨੇ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ’ਤੇ ਪਹਿਰਾ ਦਿੰਦਿਆਂ ਇਸ 16 ਸਾਲਾ ਦਲਿਤ ਪਰਿਵਾਰ ਦੀ ਧੀ ਨੂੰ ਇਨਸਾਫ਼ ਦੇਣ ਦੀ ਕਾਹਲ ਨਹੀਂ ਕੀਤੀ ਸਗੋਂ ਫਾਇਲਾਂ ਦਾ ਢਿੱਡ ਕਰਨ ਲਈ ਕਾਗਜੀ ਕਾਰਵਾਈ ਨੂੰ ਹੀ ਪਹਿਲ ਦਿੱਤੀ। ਜਦ ਤੱਕ ਅਧਿਕਾਰੀਆਂ ਦੀ ਜਾਂਚ ਮੁਕੰਮਲ ਹੋਣੀ ਹੈ ਤਦ ਤੱਕ 8ਵੀਂ ਕਲਾਸ ਦੇ ਪੇਪਰ ਵੀ ਖਤਮ ਹੋ ਜਾਣਗੇ ਤੇ ਹੋਰ ਪੜ੍ਹਨ ਦੀ ਲਾਲਸਾ ਰੱਖਣ ਵਾਲੀ ਇਸ ਧੀ ਦੇ ਸਾਇਦ ਸੁਪਨੇ ਵੀ ਟੁੱਟ ਚੁੱਕੇ ਹੋਣਗੇ।