ਬਾਬਾ ਗਾਂਧਾ ਸਿੰਘ ਸਕੂਲ ’ਚ ਮੌਕ ਡਰਿੱਲ ਕਰਵਾਈ
7ਵੀਂ ਬਟਾਲੀਅਨ ਐਨ.ਡੀ.ਆਰ.ਐਫ਼ ਵੱਲੋਂ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ’ਚ ਮੌਕ ਡਰਿੱਲ
Publish Date: Tue, 20 Jan 2026 05:27 PM (IST)
Updated Date: Wed, 21 Jan 2026 04:07 AM (IST)

ਭੂਚਾਲ ਜਿਹੀ ਕੁਦਰਤੀ ਆਫਤ ਮੌਕੇ ਸਥਿਤੀ ’ਤੇ ਕਾਬੂ ਪਾਉਣ ਬਾਰੇ ਕੀਤੀ ਜਾਗਰੂਕ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਐੱਨਡੀਆਰਐੱਫ ਦੀ 7ਵੀਂ ਬਟਾਲੀਅਨ ਨੇ ਸਿਵਲ ਡਿਫ਼ੈਂਸ ਬਰਨਾਲਾ ਦੀ ਟੀਮ ਦੇ ਸਹਿਯੋਗ ਨਾਲ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ’ਚ ਭੂਚਾਲ ਵਰਗੀ ਕੁਦਰਤੀ ਆਫਤ ਨਾਲ ਨਜਿੱਠਨ ਸਬੰਧੀ ਮੌਕ ਡਰਿੱਲ ਕੀਤੀ। ਐੱਸ.ਡੀ.ਐੱਮ ਬਰਨਾਲਾ ਡਾ. ਅਜੀਤਪਾਲ ਸਿੰਘ ਅਤੇ ਕਮਾਂਡੈਂਟ ਐੱਨਡੀਆਰਐੱਫ ਗੁਰਕੰਵਲਜੀਤ ਸਿੰਘ ਦੀ ਅਗਵਾਈ ’ਚ ਐੱਨਡੀਆਰਐੱਫ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਮੌਕ ਡਰਿੱਲ ਦੌਰਾਨ ਐੱਨਡੀਆਰਐੱਫ਼ ਦੀ ਟੀਮ ਨੇ ਸਕੂਲ ਦੇ ਸਟਾਫ਼ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਭੂਚਾਲ ਵਰਗੀ ਕੁਦਰਤੀ ਆਫ਼ਤ ਮੌਕੇ ਸਥਿਤੀ ’ਤੇ ਕਾਬੂ ਪਾਉਣ ਦਾ ਅਭਿਆਸ ਕਰਵਾਇਆ। ਇਸ ਦੌਰਾਨ ਟੀਮ ਵੱਲੋਂ ਭੂਚਾਲ ਵਰਗੀ ਸਥੀਤੀ ਬਣਾਕੇ ਸਕੂਲ ਦੀ ਇਮਾਰਤ ’ਚ ਫ਼ਸੇ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਐੱਨਡੀਆਰਐੱਫ ਨੇ ਤਬਾਹੀ ਵਾਲੀ ਥਾਂ ਤੋਂ ਵਿਦਿਆਰਥੀਆਂ ਨੂੰ ਬਚਾਉਣ ਲਈ ਆਪਣੇ ਉਪਕਰਨਾਂ ਦੀ ਵਰਤੋਂ ਕੀਤੀ। ਇਸ ਮੌਕੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਐੱਸਡੀਐੱਮ ਡਾ. ਅਜੀਤਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ, ਸਕੂਲ ਮੈਨੇਜਮੈਂਟ, ਅਧਿਕਾਰੀਆਂ, ਕਰਮਚਾਰੀਆਂ ਅਤੇ ਐਨ.ਡੀ.ਆਰ.ਐਫ ਨੇ ਇਸ ਮੌਕ ਡਰਿੱਲ ਦੌਰਾਨ ਭੂਮਿਕਾ ਬਾਖੂਬੀ ਨਿਭਾਈ ਹੈ। ਉਨ੍ਹਾਂ ਨੇ ਅਜਿਹੀਆਂ ਔਕੜਾਂ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਤਿਆਰ ਰਹਿਣ ਦੀ ਲੋੜ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਜਿਹੀਆਂ ਮੌਕ ਡਰਿੱਲਾਂ ਹਰ ਕਿਸੇ ਨੂੰ ਅਨਿਸ਼ਚਿਤ ਭਵਿੱਖ ਦੀ ਆਫ਼ਤ ਨਾਲ ਨਜਿੱਠਣ ਲਈ ਤਿਆਰ ਕਰਦੀਆਂ ਹਨ। ਇਸ ਦੌਰਾਨ ਵਿਦਿਆਰਥੀਆਂ ਨੇ ਐਨ.ਡੀ.ਆਰ.ਐਫ. ਨੂੰ ਭੂਚਾਲ ਜਿਹੀ ਸਥਿਤੀ ਮੌਕੇ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਪੁੱਛਿਆ ਅਤੇ ਜਾਣਕਾਰੀ ਹਾਸਲ ਕੀਤੀ। ਐਨਡੀਆਰਐਫ ਬਟਾਲੀਅਨ ਨੇ ਆਪਣੇ ਉਪਕਰਣ ਵੀ ਪ੍ਰਦਰਸ਼ਿਤ ਕੀਤੇ ਜੋ ਕੁਦਰਤੀ ਆਫ਼ਤਾਂ ਅਤੇ ਹੋਰ ਆਫ਼ਤਾਂ ਦੀਆਂ ਸਥਿਤੀਆਂ ’ਚ ਵਰਤੇ ਜਾਂਦੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸੁਨੀਤਇੰਦਰ ਸਿੰਘ, ਨੈਬ ਤਹਿਸੀਲਦਾਰ ਅਸ਼ਵਨੀ ਜੈਨ, ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਤੋਂ ਇਲਾਵਾ ਸਿਵਲ ਡਿਫ਼ੈਂਸ ਟੀਮ ਦੇ ਮੈਂਬਰ ਹਾਜ਼ਰ ਸਨ।