ਗੈਸ ਸਿਲੰਡਰ ਲੈਣ ਲਈ ਲਾਈਨ ’ਚ ਖੜ੍ਹੇ 66 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਗੈਸ ਸਿਲੰਡਰ ਲੈਣ ਲਈ ਲਾਈਨ ’ਚ ਖੜ੍ਹੇ 66 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Publish Date: Fri, 13 Mar 2026 04:00 PM (IST)
Updated Date: Sat, 14 Mar 2026 04:01 AM (IST)

ਗੈਸ ਦੀ ਕੋਈ ਕਿੱਲਤ ਨਹੀਂ ਹੈ ਤੇ ਬੁਕਿੰਗ ਤੋਂ ਅਗਲੇ ਦਿਨ ਹੀ ਸਿਲੰਡਰ ਦਿੱਤਾ ਜਾ ਰਿਹਾ : ਸੇਲਜ਼ ਮੈਨੇਜਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਕਸਬਾ ਸ਼ਹਿਣਾ ’ਚ ਸ਼ੁਕਰਵਾਰ ਨੂੰ ਇਕ ਬਹੁਤ ਹੀ ਦੁਖਦਾਈ ਤੇ ਪ੍ਰਸ਼ਾਸਨਿਕ ਨਾਕਾਮੀ ਨੂੰ ਉਜਾਗਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਗੈਸ ਸਿਲੰਡਰ ਲੈਣ ਲਈ ਸਵੇਰੇ 5 ਵਜੇ ਤੋਂ ਕਤਾਰ ’ਚ ਖੜ੍ਹੇ 66 ਸਾਲਾ ਬਜ਼ੁਰਗ ਭੂਸ਼ਣ ਕੁਮਾਰ ਮਿੱਤਲ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਨੇ ਜਿਥੇ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਉਥੇ ਹੀ ਗੈਸ ਏਜੰਸੀਆਂ ਦੀ ਕਾਰਜ ਪ੍ਰਣਾਲੀ ’ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿਤੇ ਹਨ। ਗੈਸ ਲੈਣ ਲਈ ਕਤਾਰ ’ਚ ਖੜ੍ਹੇ ਲੋਕਾਂ ਅਨੁਸਾਰ ਭੂਸ਼ਣ ਕੁਮਾਰ ਆਪਣੇ ਪੁੱਤ ਨਾਲ ਤੜਕਸਾਰ 5 ਵਜੇ ਹੀ ਸਥਾਨਕ ਗੈਸ ਏਜੰਸੀ ਦੇ ਬਾਹਰ ਪਹੁੰਚ ਗਏ ਸਨ। ਕਤਾਰ ’ਚ ਉਨ੍ਹਾਂ ਦਾ 25ਵਾਂ ਨੰਬਰ ਸੀ। ਕਾਫੀ ਦੇਰ ਤਕ ਆਪਣੀ ਵਾਰੀ ਦੀ ਉਡੀਕ ਕਰਦਿਆਂ ਅਚਾਨਕ ਉਨ੍ਹਾਂ ਦੀ ਤਬੀਅਤ ਵਿਗੜ ਗਈ ਤੇ ਉਹ ਜ਼ਮੀਨ ’ਤੇ ਡਿੱਗ ਪਏ। ਕੋਲ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਦਿਲ ਦੇ ਦੌਰੇ ਨੇ ਅਜਿਹਾ ਲਪੇਟ ’ਚ ਲਿਆ ਮੌਕੇ ’ਤੇ ਹੀ ਦਮ ਤੋੜ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਇੰਡੇਨ ਕਾਰਪੋਰੇਸ਼ਨ ਬਠਿੰਡਾ ਦੇ ਸੇਲਜ਼ ਮੈਨੇਜਰ ਸੰਚਿਤ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੈਸ ਦੀ ਕੋਈ ਕਿੱਲਤ ਨਹੀਂ ਹੈ ਤੇ ਬੁਕਿੰਗ ਤੋਂ ਅਗਲੇ ਦਿਨ ਹੀ ਸਿਲੰਡਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਬਜ਼ੁਰਗ ਦੀ ਮੌਤ ਹੋਣ ਦੀ ਘਟਨਾ ਬਾਰੇ ਕਿਹਾ ਕਿ ਉਹ ਏਜੰਸੀ ਮਾਲਕ ਨਾਲ ਗੱਲ ਕਰਨਗੇ ਤੇ ਇਸ ਪੂਰੇ ਮਾਮਲੇ ਦੀ ਤਹਿ ਤਕ ਜਾਣ ਲਈ ਜਾਂਚ ਕਰਵਾਈ ਜਾਵੇਗੀ। ਹਾਲਾਂਕਿ ਜ਼ਮੀਨੀ ਹਕੀਕਤ ਅਧਿਕਾਰੀਆਂ ਦੇ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਗੁੱਸੇ ’ਚ ਆਏ ਖਪਤਕਾਰਾਂ ਸੁਖਦੇਵ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਮਿੱਠੂ ਸਿੰਘ, ਰਾਜ ਸਿੰਘ ਨੇ ਦੋਸ਼ ਲਾਇਆ ਕਿ ਏਜੰਸੀ ਮਾਲਕ ਦਾ ਵਤੀਰਾ ਬੇਹੱਦ ਅੜੀਅਲ ਹੈ। ਉਹ ਨਾ ਤਾਂ ਕਿਸੇ ਦਾ ਫੋਨ ਚੁੱਕਦਾ ਹੈ ਤੇ ਅਕਸਰ ਆਪਣੀ ਉੱਚੀ ਪਹੁੰਚ ਹੋਣ ਦਾ ਜ਼ਿਕਰ ਕਰਦਾ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਆਪਣੇ ਦਫ਼ਤਰਾਂ ’ਚ ਬੈਠ ਕੇ ਬਿਆਨ ਜਾਰੀ ਕਰ ਕੇ ਸਿਰਫ਼ ਖਾਨਾਪੂਰਤੀ ਕਰ ਰਹੇ ਹਨ। ਜਦਕਿ ਆਮ ਜਨਤਾ ਦੀ ਬਾਂਹ ਰੜਨ ਵਾਲਾ ਕੋਈ ਨਹੀਂ ਹੈ। :ਬਾਕਸ ਨਿਊਜ: 25 ਦਿਨਾਂ ਬਾਅਦ ਸਿਲੰਡਰ ਮਿਲੇਗਾ, ਨੂੰ ਕੀਤਾ 45 ਦਿਨ ਖਪਤਕਾਰਾਂ ਨੇ ਖੁਲਾਸਾ ਕੀਤਾ ਕਿ ਪਹਿਲਾਂ ਏਜੰਸੀ ਦੇ ਬਾਹਰ ਲਿਖਿਆ ਹੋਇਆ ਸੀ ਕਿ 25 ਦਿਨਾਂ ਬਾਅਦ ਸਿਲੰਡਰ ਮਿਲੇਗਾ। ਜਿਸ ਕਾਰਨ ਲੋਕ ਪੂਰੇ 25 ਦਿਨਾਂ ਬਾਅਦ ਸਵੇਰੇ 4 ਵਜੇ ਹੀ ਲਾਈਨਾਂ ’ਚ ਲੱਗ ਗਏ ਸਨ। ਪਰ ਅੱਜ ਸਵੇਰੇ 9 ਵਜੇ ਕਰਮਚਾਰੀਆਂ ਨੇ ਚਲਾਕੀ ਨਾਲ ਉਸ ਸਮੇਂ ਨੂੰ ਬਦਲ ਕੇ 45 ਦਿਨ ਕਰ ਦਿੱਤਾ। ਇਸ ਕਾਰਨ ਸੈਂਕੜੇ ਲੋਕ, ਜੋ ਕਈ ਘੰਟਿਆਂ ਤੋਂ ਉਡੀਕ ਕਰ ਰਹੇ ਸਨ। ਉਨ੍ਹਾਂ ਨੂੰ ਦੂਜੇ ਦਿਨ ਵੀ ਖਾਲੀ ਹੱਥ ਮੁੜਨ ਲਈ ਮਜਬੂਰ ਹੋਣਾ ਪਿਆ। :ਬਾਕਸ ਨਿਊਜ: —45 ਦਿਨਾਂ ਬਾਅਦ ਸਿਲੰਡਰ ਦੇਣ ਦਾ ਫੈਸਲਾ ਲੋਕਾਂ ਦੇ ਚੁਲ੍ਹੇ ਠੰਢੇ ਕਰਨ ਵਾਲਾ : ਜਨਤਾ ਲੋਕਾਂ ਨੇ ਦੱਸਿਆ ਕਿ ਅੱਜ ਦੇ ਸਮੇਂ ’ਚ ਹਰ ਘਰ ਦੀ ਰਸੋਈ ਪੂਰੀ ਤਰ੍ਹਾਂ ਗੈਸ ਸਿਲੰਡਰ ’ਤੇ ਨਿਰਭਰ ਹੈ। ਕਿਸੇ ਘਰ ’ਚ ਸਿਲੰਡਰ 20 ਦਿਨ ਚੱਲਦਾ ਹੈ ਤੇ ਵਧ ਤੋਂ ਵਧ 30 ਦਿਨ। ਅਜਿਹੇ ’ਚ 45 ਦਿਨਾਂ ਬਾਅਦ ਸਿਲੰਡਰ ਦੇਣ ਦਾ ਫੈਸਲਾ ਲੋਕਾਂ ਦੇ ਚੁਲ੍ਹੇ ਠੰਢੇ ਕਰਨ ਵਾਲਾ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਦੁਖਦਾਈ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਗੈਸ ਵੰਡ ਪ੍ਰਣਾਲੀ ਨੂੰ ਤੁਰੰਤ ਸੁਧਾਰਿਆ ਜਾਵੇ। ਗੈਸ ਦੀ ਸਪਲਾਈ ਨੂੰ ਸੁਚਾਰੂ ਦੱਸਿਆ ਵਾਲਿਆ ਦੀ ਨਿਕਲੀ ਫੂਕ ਪ੍ਰਸ਼ਾਸਨਿਕ ਅਣਗਹਿਲੀ ਤੇ ਖ਼ਾਨਾਪੂਰਤੀ ਦੇ ਦੋਸ਼ ਇਸ ਘਟਨਾ ਨੇ ਪ੍ਰਸ਼ਾਸਨ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਜਿਨ੍ਹਾਂ ’ਚ ਗੈਸ ਦੀ ਸਪਲਾਈ ਨੂੰ ਸੁਚਾਰੂ ਦੱਸਿਆ ਜਾ ਰਿਹਾ ਸੀ। ਖਪਤਕਾਰਾਂ ਦਾ ਕਹਿਣਾ ਹੈ ਕਿ ਅਧਿਕਾਰੀ ਆਪਣੇ ਏਸੀ ਦਫ਼ਤਰਾਂ ’ਚ ਬੈਠ ਕੇ ਸਿਰਫ਼ ਬਿਆਨਬਾਜ਼ੀ ਕਰਦੇ ਹਨ। ਜਦਕਿ ਹਕੀਕਤ ’ਚ ਆਮ ਲੋਕਾਂ ਨੂੰ ਇਕ ਸਿਲੰਡਰ ਲਈ ਕਈ-ਕਈ ਦਿਨ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਇਸ ਖਾਨਾਪੂਰਤੀ ਦਾ ਨਤੀਜਾ ਅੱਜ ਇਕ ਬੇਗੁਨਾਹ ਬਜ਼ੁਰਗ ਦੀ ਮੌਤ ਦੇ ਰੂਪ ’ਚ ਨਿਕਲਿਆ ਹੈ। ਜਿਸ ਕਾਰਨ ਪੂਰੇ ਪਿੰਡ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਗੈਸ ਦੀ ਕਮੀ ਨਹੀਂ ਹੈ ਤਾਂ ਨਿਯਮਾਂ ’ਚ ਬਦਲਾਵ ਕਿਉਂ ਗੈਸ ਏਜੰਸੀਆਂ ਦੀ ਮਨਮਾਨੀ ਤੇ ਸੈਟਿੰਗ ਦਾ ਖ਼ਦਸ਼ਾ ਪਿੰਡ ਵਾਸੀਆਂ ਰੋਸ਼ਨ ਲਾਲ, ਸੁਨੀਲ ਕੁਮਾਰ, ਗੁਰਦੇਵ ਸਿੰਘ, ਮਲਕੀਤ ਸਿੰਘ ਨੇ ਦੋਸ਼ ਲਾਇਆ ਕਿ ਏਜੰਸੀ ਮਾਲਕਾਂ ਵੱਲੋਂ ਜਾਣਬੁਝ ਕੇ ਕਿੱਲਤ ਪੈਦਾ ਕੀਤੀ ਜਾ ਰਹੀ ਹੈ। ਪਹਿਲਾਂ ਏਜੰਸੀ ਦੇ ਬਾਹਰ 25 ਦਿਨਾਂ ਬਾਅਦ ਸਿਲੰਡਰ ਮਿਲਣ ਦਾ ਨੋਟਿਸ ਲਗਾਇਆ ਗਿਆ ਸੀ। ਪਰ ਜਦੋਂ ਲੋਕ ਸਵੇਰੇ 4 ਵਜੇ ਤੋਂ ਲਾਈਨਾਂ ’ਚ ਲੱਗ ਗਏ ਤਾਂ ਕਰਮਚਾਰੀਆਂ ਨੇ 9 ਵਜੇ ਦੇ ਕਰੀਬ ਇਸ ਸਮੇਂ ਨੂੰ ਬਦਲ ਕੇ 45 ਦਿਨ ਕਰ ਦਿੱਤਾ। ਲੋਕਾਂ ਦਾ ਸਵਾਲ ਹੈ ਕਿ ਜੇਕਰ ਗੈਸ ਦੀ ਕਮੀ ਨਹੀਂ ਹੈ ਤਾਂ ਨਿਯਮਾਂ ’ਚ ਇਹ ਅਚਾਨਕ ਬਦਲਾਅ ਕਿਉਂ ਕੀਤਾ ਗਿਆ? ਖਪਤਕਾਰਾਂ ਨੇ ਸ਼ੱਕ ਜਤਾਇਆ ਹੈ ਕਿ ਆਮ ਲੋਕਾਂ ਦਾ ਹੱਕ ਮਾਰ ਕੇ ਸਿਲੰਡਰਾਂ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਜੇਕਰ ਨਿਯਮ ਨਾ ਬਦਲੇ ਤਾਂ ਕਰਾਂਗੇ •ਸੰਘਰਸ਼ —ਰਸੋਈਆਂ ਦੇ ਚੁੱਲ੍ਹੇ ਹੋਏ ਠੰਢੇ, ਲੋਕਾਂ ’ਚ ਹਾਹਾਕਾਰ ਅੱਜ ਦੇ ਸਮੇਂ ’ਚ ਹਰ ਘਰ ਦੀ ਰਸੋਈ ਪੂਰੀ ਤਰ੍ਹਾਂ ਗੈਸ ਸਿਲੰਡਰ ’ਤੇ ਨਿਰਭਰ ਹੈ। ਪਿੰਡ ਵਾਸੀਆਂ ਅਨੁਸਾਰ ਇਕ ਸਿਲੰਡਰ ਆਮ ਤੌਰ ’ਤੇ 20 ਤੋਂ 30 ਦਿਨ ਹੀ ਚੱਲਦਾ ਹੈ। ਪਰ ਏਜੰਸੀ ਵੱਲੋਂ 45 ਦਿਨਾਂ ਦੀ ਸ਼ਰਤ ਰੱਖਣ ਕਾਰਨ ਕਈ ਘਰਾਂ ’ਚ ਚੁਲ੍ਹੇ ਬਾਲਣੇ ਮੁਸ਼ਕਲ ਹੋ ਗਏ ਹਨ। ਖਪਤਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਗੈਸ ਵੰਡ ਪ੍ਰਣਾਲੀ ’ਚ ਤੁਰੰਤ ਸੁਧਾਰ ਨਾ ਕੀਤਾ ਗਿਆ ਤੇ ਏਜੰਸੀ ਮਾਲਕ ਦੀ ਧੱਕੇਸ਼ਾਹੀ ਨਾ ਰੋਕੀ ਗਈ ਤਾਂ ਉਹ ਆਉਣ ਵਾਲੇ ਦਿਨਾਂ ’ਚ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।