ਮਹਿਲ ਕਲਾਂ ਮਾਰਕੀਟ ਕਮੇਟੀ ਦੇ 24 ਖ਼ਰੀਦ ਕੇਂਦਰ ਕਣਕ ਖ਼ਰੀਦ ਲਈ ਤਿਆਰ
ਮਹਿਲ ਕਲਾਂ ਮਾਰਕੀਟ ਕਮੇਟੀ ਦੇ 24 ਖਰੀਦ ਕੇਂਦਰ ਕਣਕ ਖਰੀਦ ਲਈ ਤਿਆਰ : ਸਕੱਤਰ ਡੀਨਪਾਲ ਸਿੰਘ
Publish Date: Mon, 06 Apr 2026 03:53 PM (IST)
Updated Date: Tue, 07 Apr 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਤੇ ਮੰਡੀਕਰਨ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਮਾਰਕੀਟ ਕਮੇਟੀ ਮਹਿਲ ਕਲਾਂ ਵੱਲੋਂ ਕਣਕ ਦੀ ਸਰਕਾਰੀ ਖ਼ਰੀਦ ਲਈ ਵਿਆਪਕ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਸਕੱਤਰ ਡੀਨਪਾਲ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਅਧੀਨ ਆਉਂਦੇ ਕੁੱਲ 24 ਖਰੀਦ ਕੇਂਦਰਾਂ ’ਚ 1 ਅਪ੍ਰੈਲ ਤੋਂ ਖਰੀਦ ਪ੍ਰਕਿਰਿਆ ਨੂੰ ਸੁਚੱਜੇ ਅਤੇ ਬਿਨਾ ਰੁਕਾਵਟ ਚਲਾਉਣ ਲਈ ਲੋੜੀਂਦੇ ਸਾਰੇ ਪ੍ਰਬੰਧ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਕੱਤਰ ਡੀਨ ਪਾਲ ਸਿੰਘ ਦੀ ਅਗਵਾਈ ਹੇਠ ਖਰੀਦ ਕੇਂਦਰਾਂ ’ਚ ਬਿਜਲੀ, ਪਾਣੀ ਤੇ ਸਫਾਈ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਖ਼ਰੀਦ ਮੌਸਮ ਦੌਰਾਨ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਖ਼ਰੀਦ ਕੇਂਦਰਾਂ ’ਚ ਬੈਠਣ ਲਈ ਢੁਕਵੇਂ ਇੰਤਜ਼ਾਮ ਤੇ ਹੋਰ ਲੋੜੀਂਦੀਆਂ ਸਹੂਲਤਾਂ ਵੀ ਯਕੀਨੀ ਬਣਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੱਖ-ਵੱਖ ਖ਼ਰੀਦ ਏਜੰਸੀਆਂ ਨੂੰ ਸਮੇਂ ਸਿਰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਸਾਰੀਆਂ ਏਜੰਸੀਆਂ ਖ਼ਰੀਦ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਖ਼ਰੀਦ ਪ੍ਰਬੰਧਾਂ ਦੀ ਨਿਗਰਾਨੀ ਲਈ ਪੂਰਾ ਸਟਾਫ ਤਾਇਨਾਤ ਕੀਤਾ ਗਿਆ ਹੈ, ਜਿਸ ਨਾਲ ਖ਼ਰੀਦ ਪ੍ਰਕਿਰਿਆ ਤੇਜ਼ੀ ਤੇ ਪਾਰਦਰਸ਼ੀ ਢੰਗ ਨਾਲ ਚੱਲੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ’ਚ ਲੈ ਕੇ ਆਉਣ ਤੇ ਸਰਕਾਰ ਤੇ ਮੰਡੀਕਰਨ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਮੌਕੇ ਰਜਿੰਦਰ ਪਾਲ ਸਿੰਘ ਛਾਪਾ, ਸੁਖਪਾਲ ਸਿੰਘ ਮਾਂਗੇਵਾਲ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।