ਨੂਰਪੁਰਬੇਦੀ ਤੋਂ ਚੰਡੀਗੜ੍ਹ ਸੀਟੀਯੂ ਬੱਸ ਸੇਵਾ ਮੁੜ ਸ਼ੁਰੂ
ਭਾਜਪਾ ਆਗੂ ਇਸ਼ੂਪਾਲ ਚੌਧਰੀ ਦੀ ਕੋਸ਼ਿਸ਼ ਨਾਲ ਨੂਰਪੁਰਬੇਦੀ ਤੋਂ ਚੰਡੀਗੜ੍ਹ ਸੀਟੀਯੂ ਬੱਸ ਸੇਵਾ ਮੁੜ ਸ਼ੁਰੂ
Publish Date: Mon, 16 Feb 2026 04:50 PM (IST)
Updated Date: Mon, 16 Feb 2026 04:54 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਇਲਾਕੇ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਭਾਜਪਾ ਆਗੂ ਇਸ਼ੂਪਾਲ ਚੌਧਰੀ ਦੀ ਸਫਲ ਕੋਸ਼ਿਸ਼ ਸਦਕਾ ਨੂਰਪੁਰਬੇਦੀ ਤੋਂ ਚੰਡੀਗੜ੍ਹ ਜਾਣ ਵਾਲੀ ਬੰਦ ਪਈ ਸੀਟੀਯੂ ਬੱਸ ਸੇਵਾ ਮੁੜ ਤੋਂ ਸ਼ੁਰੂ ਹੋ ਗਈ ਹੈ। ਲੰਬੇ ਸਮੇਂ ਤੋਂ ਇਹ ਰੂਟ ਬੰਦ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਾਣਕਾਰੀ ਅਨੁਸਾਰ ਬੀਤੇ ਲੰਬੇ ਸਮੇਂ ਤੋਂ ਨੂਰਪੁਰਬੇਦੀ ਤੋਂ ਚੰਡੀਗੜ੍ਹ ਤੱਕ ਚੱਲਣ ਵਾਲੀ ਸੀਟੀਯੂ ਬੱਸ ਬੰਦ ਹੋਣ ਨਾਲ ਖ਼ਾਸ ਕਰਕੇ ਚੰਡੀਗੜ੍ਹ ਵਿੱਚ ਨੌਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਸਮੇਂ ’ਤੇ ਡਿਊਟੀ ਪਹੁੰਚਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ਤੋਂ ਇਲਾਵਾ ਪੀਜੀਆਈ ਚੰਡੀਗੜ੍ਹ ਇਲਾਜ ਲਈ ਜਾਣ ਵਾਲੇ ਮਰੀਜ਼ਾਂ ਅਤੇ ਚੰਡੀਗੜ੍ਹ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੀ ਵੱਡੀ ਦਿਕ਼ਤ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕ ਲੰਬੇ ਸਮੇਂ ਤੋਂ ਇਸ ਬੱਸ ਸੇਵਾ ਨੂੰ ਮੁੜ ਚਾਲੂ ਕਰਨ ਦੀ ਮੰਗ ਕਰ ਰਹੇ ਸਨ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਜਪਾ ਆਗੂ ਇਸ਼ੂਪਾਲ ਚੌਧਰੀ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਇਸ ਮਸਲੇ ਸਬੰਧੀ ਜਾਣੂ ਕਰਵਾਇਆ। ਜਿਸ ਤੇ ਰਾਜਪਾਲ ਵਲੋਂ ਸੀਟੀਯੂ ਦੇ ਡਾਇਰੈਕਟਰ ਪ੍ਰਦਿਊਮਨ ਸਿੰਘ ਨੂੰ ਨੂਰਪੁਰਬੇਦੀ-ਚੰਡੀਗੜ੍ਹ ਰੂਟ ਨੂੰ ਤੁਰੰਤ ਮੁੜ ਸ਼ੁਰੂ ਕਰਨ ਤੇ ਨਿਰਦੇਸ਼ ਜਾਰੀ ਕੀਤੇ। ਇਸ ਤਰ੍ਹਾਂ ਚੌਧਰੀ ਵੱਲੋਂ ਕੀਤੇ ਗਏ ਲਗਾਤਾਰ ਯਤਨਾਂ ਤੋਂ ਬਾਅਦ ਸੰਬੰਧਤ ਵਿਭਾਗ ਨੇ ਇਸ ਮੰਗ ਨੂੰ ਮਨਜ਼ੂਰ ਕਰਦਿਆਂ ਬੱਸ ਸੇਵਾ ਦੁਬਾਰਾ ਚਾਲੂ ਕਰ ਦਿੱਤੀ। ਬੀਤੀ ਦੇਰ ਸ਼ਾਮ ਪਿੰਡ ਟਿੱਬਾ ਟੱਪਰੀਆਂ ਵਿਖੇ ਇਲਾਕੇ ਦੇ ਲੋਕਾਂ ਦੀ ਹਾਜ਼ਰੀ ਵਿੱਚ ਇਸ਼ੂਪਾਲ ਚੌਧਰੀ ਵੱਲੋਂ ਬੱਸ ਦਾ ਵਿਸ਼ੇਸ਼ ਸਵਾਗਤ ਕੀਤਾ ਗਿਆ ਅਤੇ ਇਸਨੂੰ ਲੋਕਾਂ ਦੀ ਸਹੂਲਤ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਚੌਧਰੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਸੀਟੀਯੂ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬੱਸ ਸੇਵਾ ਮੁੜ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਦੇ ਅਧਾਰ ’ਤੇ ਉਠਾਉਂਦੇ ਰਹਿਣਗੇ ਅਤੇ ਲੋਕ ਹਿੱਤ ਵਿੱਚ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਮੌਜੂਦ ਵੱਖ-ਵੱਖ ਪਿੰਡਾਂ ਦੇ ਨਿਵਾਸੀਆਂ ਨੇ ਇਸ਼ੂਪਾਲ ਚੌਧਰੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ।