ਅਨਾਜ ਮੰਡੀ ਤਖਤਗੜ੍ਹ ਵਿਖੇ ਕਣਕ ਦੀ ਆਮਦ ਸ਼ੁਰੂ
ਅਨਾਜ ਮੰਡੀ ਤਖਤਗੜ੍ਹ ਵਿਖੇ ਕਣਕ ਦੀ ਆਮਦ ਸ਼ੁਰੂ
Publish Date: Sat, 11 Apr 2026 04:13 PM (IST)
Updated Date: Sat, 11 Apr 2026 04:14 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਅੱਜ ਅਨਾਜ ਮੰਡੀ ਤਖਤਗੜ੍ਹ ਵਿਖੇ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਕਿਸਾਨ ਆਪਣੀ ਕਣਕ ਦੀ ਫਸਲ ਟ੍ਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਰਾਹੀਂ ਮੰਡੀ ਵਿਚ ਲੈ ਕੇ ਪਹੁੰਚਣ ਲੱਗ ਪਏ। ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਰਹੇ। ਇਸ ਮੌਕੇ ਆੜਤੀਆਂ ‘ਤੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਮੌਸਮ ਵਿਚ ਹੋਈ ਤਬਦੀਲੀ ਅਤੇ ਬਾਰਿਸ਼ ਦੇ ਕਾਰਨ ਫਸਲ ਵੱਢਣ ‘ਚ ਕੁਝ ਦੇਰੀ ਹੋਈ ਹੈ। ਮੰਡੀ ਵਿਚ ਆਈ ਕਣਕ ਦੀ ਸਫਾਈ ਅਤੇ ਤੋਲ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਮੰਡੀ ਵਿਚ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਦੀ ਸਹੂਲਤ ਲਈ ਲੋਡਿੰਗ-ਅਨਲੋਡਿੰਗ ਅਤੇ ਬੋਰੀਆਂ ਦੀ ਉਪਲਬਧਤਾ ਵੀ ਕਰਵਾਈ ਗਈ ਹੈ। ਖਰੀਦ ਏਜੰਸੀਆਂ ਵੱਲੋਂ ਵੀ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਜਲਦ ਅਤੇ ਪਾਰਦਰਸ਼ੀ ਢੰਗ ਨਾਲ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੀ ਫਸਲ ਦੀ ਖਰੀਦ ਸਮੇਂ ਸਿਰ ਕੀਤੀ ਜਾਵੇਗੀ ਅਤੇ ਭੁਗਤਾਨ ਵੀ ਨਿਰਧਾਰਿਤ ਸਮੇਂ ਵਿਚ ਕਰ ਦਿੱਤਾ ਜਾਵੇਗਾ। ਕੁੱਲ ਮਿਲਾ ਕੇ ਅਨਾਜ ਮੰਡੀ ਤਖਤਗੜ੍ਹ ਵਿਚ ਕਣਕ ਦੀ ਆਮਦ ਦੇ ਸ਼ੁਰੂ ਹੋਣ ਨਾਲ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਹੈ। ਅਗਰ ਹੁਣ ਦੁਬਾਰਾ ਬਾਰਿਸ਼ ਨਾ ਪਈ ਤਾਂ ਜਲਦ ਹੀ ਕਣਕ ਦੀ ਫਸਲ ਭਾਰੀ ਤਦਾਦ ਵਿਚ ਮੰਡੀਆਂ ‘ਚ ਪਹੁੰਚਣੀ ਸ਼ੁਰੂ ਹੋ ਜਾਵੇਗੀ।