18 ਮਾਰਚ ਨੂੰ ਜਲ ਸਪਲਾਈ ਵਿਭਾਗ ਦਾ ਕੀਤਾ ਜਾਵੇਗਾ ਘਿਰਾਓ : ਵਾਹਿਦਪੁਰੀ
18 ਮਾਰਚ ਨੂੰ ਜਲ ਸਪਲਾਈ ਵਿਭਾਗ ਦੇ ਮੁਹਾਲੀ ਦਫਤਰ ਦਾ ਕੀਤਾ ਜਾਵੇਗਾ ਘਿਰਾਓ : ਵਾਹਿਦਪੁਰੀ
Publish Date: Thu, 19 Feb 2026 04:55 PM (IST)
Updated Date: Thu, 19 Feb 2026 04:57 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੀ.ਡਬਲਯੂ.ਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੀ ਇੱਕ ਅਹਿਮ ਅਤੇ ਰਣਨੀਤਿਕ ਮੀਟਿੰਗ ਜਲ ਸਪਲਾਈ ਮੁੱਖ ਦਫਤਰ ਪਟਿਆਲਾ ਵਿਖੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਜਲ ਸਪਲਾਈ ਵਿਭਾਗ ਦੇ ਮੁੱਖੀ ਵੱਲੋਂ ਜਾਰੀ ਕੀਤੇ ਗਏ ਉਸ ਪੱਤਰ ’ਤੇ ਗੰਭੀਰ ਚਰਚਾ ਹੋਈ ਜਿਸ ਅਧੀਨ 320 ਆਊਟਸੋਰਸ ਅਤੇ ਇਨਲਿਸਟਡ ਕਾਮਿਆਂ ਨੂੰ ਵਿਭਾਗ ਤੋਂ ਬਾਹਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਨੇ ਤਿੱਖੇ ਸ਼ਬਦਾਂ ਵਿਚ ਕਿਹਾ ਕਿ ਇਹ ਫੈਸਲਾ ਮੁਲਾਜ਼ਮ ਵਿਰੋਧੀ ਹੈ ਅਤੇ ਸਾਲਾਂ ਤੋਂ ਸੇਵਾ ਨਿਭਾ ਰਹੇ ਕਾਮਿਆਂ ਨਾਲ ਸਿੱਧੀ ਨਿਆਂਹੀਨਤਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਇਕਤਰਫ਼ਾ ਫੈਸਲੇ ਨਾ ਸਿਰਫ਼ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਝਟਕਾ ਦੇਣਗੇ, ਸਗੋਂ ਵਿਭਾਗੀ ਕੰਮਕਾਜ ਨੂੰ ਵੀ ਪ੍ਰਭਾਵਿਤ ਕਰਨਗੇ। ਮੀਟਿੰਗ ਦੌਰਾਨ ਹੋਰ ਅਹਿਮ ਮਸਲੇ ਵੀ ਚਰਚਾ ਵਿੱਚ ਲਿਆਂਦੇ ਗਏ, ਜਿਵੇਂ ਕਿ ਵਿਭਾਗ ਨੂੰ ਪੰਚਾਇਤਾਂ ਦੇ ਹਵਾਲੇ ਕਰਨ ਦੀ ਪ੍ਰਕਿਰਿਆ, ਕੱਚੇ ਕਾਮਿਆਂ ਨੂੰ ਪੱਕਾ ਨਾ ਕਰਨਾ, ਹਜ਼ਾਰਾਂ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਨਾ ਕਰਨਾ, ਆਊਟਸੋਰਸ ਅਤੇ ਇਨਲਿਸਟਡ ਕਾਮਿਆਂ ਲਈ 30,000 ਰੁਪਏ ਤਨਖਾਹ ਲਾਗੂ ਨਾ ਕਰਨਾ, ਦਰਜਾ ਚਾਰ ਮੁਲਾਜ਼ਮਾਂ ਦੀ ਪ੍ਰਮੋਸ਼ਨ ਰੋਕਣਾ, ਪੁਰਾਣੇ ਜੂਨੀਅਰ ਇੰਜੀਨੀਅਰਾਂ ਨੂੰ ਰਿਵਰਟ ਕਰਨਾ ਅਤੇ ਨਵੇਂ ਜੂਨੀਅਰ ਇੰਜੀਨੀਅਰ ਨਾ ਬਣਾਉਣਾ। ਇਸ ਤੋਂ ਇਲਾਵਾ ਰੂਲਾਂ ਵਿਚ ਲੋੜੀਂਦੀ ਸੋਧ ਨਾ ਕਰਨਾ, ਸੀਵਰੇਜ ਬੋਰਡ ਵਿਚ ਪੈਨਸ਼ਨ ਲਾਗੂ ਨਾ ਕਰਨਾ, ਕਰੀਬ 90 ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਨਾ ਦੇਣਾ, 16 ਫੀਸਦੀ ਡੀ.ਏ. ਜਾਰੀ ਨਾ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨਾ ਅਤੇ ਕੱਟੇ ਭੱਤੇ ਮੁੜ ਜਾਰੀ ਨਾ ਕਰਨ ਵਰਗੇ ਮਸਲਿਆਂ ’ਤੇ ਵੀ ਗੰਭੀਰ ਅਸੰਤੋਸ਼ ਪ੍ਰਗਟਾਇਆ ਗਿਆ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ 1 ਮਾਰਚ ਤੋਂ 10 ਮਾਰਚ ਤੱਕ ਪੂਰੇ ਪੰਜਾਬ ਵਿਚ ਮੰਡਲ ਅਤੇ ਉਪ-ਮੰਡਲ ਇੰਜੀਨੀਅਰ ਦਫਤਰਾਂ ਅੱਗੇ ਭਰਵੀਂ ਰੋਸ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ। ਜੇਕਰ ਇਸ ਦੇ ਬਾਵਜੂਦ ਮੰਗਾਂ ਦਾ ਕੋਈ ਸੰਤੋਸ਼ਜਨਕ ਹੱਲ ਨਾ ਨਿਕਲਿਆ ਤਾਂ 18 ਮਾਰਚ ਨੂੰ ਸੂਬੇ ਭਰ ਤੋਂ ਹਜ਼ਾਰਾਂ ਮੁਲਾਜ਼ਮ ਇਕੱਠੇ ਹੋ ਕੇ ਜਲ ਸਪਲਾਈ ਵਿਭਾਗ ਦੇ ਮੁੱਖੀ ਦੇ ਮੋਹਾਲੀ ਸਥਿਤ ਦਫਤਰ ਦਾ ਘੇਰਾਓ ਕਰਨਗੇ। ਵਾਹਿਦਪੁਰੀ ਨੇ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਜੇਕਰ ਸਰਕਾਰ ਅਤੇ ਉੱਚ ਅਧਿਕਾਰੀ ਹੁਣ ਵੀ ਗੰਭੀਰਤਾ ਨਾ ਦਿਖਾਉਣ ਤਾਂ ਮੋਹਾਲੀ ਵਿਚ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਨਾਲ ਪੈਦਾ ਹੋਣ ਵਾਲੀ ਸਥਿਤੀ ਦੀ ਪੂਰੀ ਜ਼ਿੰਮੇਵਾਰੀ ਵਿਭਾਗੀ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਮੀਟਿੰਗ ਵਿਚ ਪੰਜਾਬ ਦੇ ਜਨਰਲ ਸਕੱਤਰ ਫੁਮਣ ਸਿੰਘ ਕਾਠਗੜ੍ਹ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਮੌੜ, ਮੀਤ ਪ੍ਰਧਾਨ ਰਾਜਪਾਲ, ਆਗੂ ਜਸਵੀਰ ਸਿੰਘ ਖੋਖਰ, ਹਰਜੀਤ ਸਿੰਘ ਮੋਗਾ, ਸੁਰਿੰਦਰ ਕੁਮਾਰ ਨਵਾਂ ਸ਼ਹਿਰ, ਸਤਿੰਦਰ ਪਾਲ ਲੁਧਿਆਣਾ, ਦਰਸ਼ਨ ਸਿੰਘ ਅਤੇ ਜਸਵੰਤ ਸਿੰਘ ਫਤਿਹਗੜ੍ਹ ਸਾਹਿਬ, ਕੁਲਵੰਤ ਸਿੰਘ ਬਠਿੰਡਾ, ਧਰਮਪਾਲ ਸਿੰਘ ਲੋਟ, ਦੀਪਕ ਕੁਮਾਰ ਪਟਿਆਲਾ, ਮਲਕੀਤ ਸਿੰਘ, ਸਵਰਨ ਸਿੰਘ, ਕੁਲਦੀਪ ਵਰਮਾ, ਹਰਵਿੰਦਰ ਕੁਮਾਰ ਲੁਧਿਆਣਾ, ਜਸਮੀਤ ਸਿੰਘ, ਗੁਰਦੀਪ ਸਿੰਘ ਅਤੇ ਨਿਰੰਜਨ ਸਿੰਘ ਅਨੰਦਪੁਰ ਸਾਹਿਬ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਵਿਰਕ ਅਤੇ ਸੂਬਾ ਜੁਆਇੰਟ ਸਕੱਤਰ ਰਾਮ ਲੁਭਾਇਆ ਦਿਵੇਦੀ ਸਮੇਤ ਹੋਰ ਕਈ ਜ਼ਿਲ੍ਹਾ ਅਤੇ ਮੰਡਲ ਆਗੂ ਮੌਜੂਦ ਰਹੇ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਇਹ ਸੰਘਰਸ਼ ਮੁਲਾਜ਼ਮਾਂ ਦੇ ਹੱਕਾਂ ਅਤੇ ਰੋਜ਼ਗਾਰ ਦੀ ਸੁਰੱਖਿਆ ਲਈ ਹੈ ਅਤੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।