ਪਿੰਡ ਵਿਚੋ ਲੰਘ ਰਹੀਆਂ ਓਵਰਲੋਡ ਗੱਡੀਆਂ ਕਾਰਨ ਪਿੰਡ ਵਾਸੀ ਪਰੇਸ਼ਾਨ
ਪਿੰਡ ਵਿਚੋ ਲੰਘ ਰਹੀਆਂ ਓਵਰਲੋਡ ਗੱਡੀਆਂ ਕਾਰਨ ਪਿੰਡ ਵਾਸੀ ਪਰੇਸ਼ਾਨ
Publish Date: Wed, 28 Jan 2026 03:46 PM (IST)
Updated Date: Wed, 28 Jan 2026 03:49 PM (IST)

15 ਟਨ ਦੀ ਗਰੰਟੀ ਵਾਲੇ ਪੁੱਲ ਤੋਂ ਲੰਘ ਰਹੇ ਹਨ 60 ਟਨ ਵਾਲੇ ਟਰੱਕ ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਫਤਿਹਪੁਰ ਬੂੰਗਾ, ਪ੍ਰਿਥੀ ਪੁਰ ਬੂੰਗਾ ਦੇ ਵਸਨੀਕ ਪਿੰਡ ਵਿਚੋਂ ਲੰਘ ਰਹੇ ਓਵਰਲੋਡ ਟਰੱਕਾਂ ਤੋਂ ਪਰੇਸ਼ਾਨ ਹਨ। ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਪਿੰਡ ਵਾਸੀ ਨਾਕੇ ਲਗਾ ਕੇ ਇਹਨਾਂ ਟਰੱਕਾਂ ਨੂੰ ਰੋਕ ਰਹੇ ਹਨ ਅਤੇ ਕਈ ਟਰੱਕ ਡਰਾਈਵਰ ਤਾਂ ਇਹਨਾਂ ਨਾਲ ਲੜ ਵੀ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 35,40 ਸਾਲ ਬਾਅਦ ਇਹ ਪਿੰਡ ਦੀ ਸੜਕ ਬਣੀ ਹੈ। ਰੋਜ਼ਾਨਾ ਲੰਘ ਰਹੇ ਓਵਰਲੋਡ ਟਿੱਪਰ ਅਤੇ ਸੀਮਿੰਟ ਦੀਆਂ ਭਰੀਆਂ ਗੱਡੀਆਂ ਇਹਨਾਂ ਸੜਕਾਂ ਨੂੰ ਤੋੜ ਰਹੀਆਂ ਹਨ। ਕਾਬਲੇ ਗੌਰ ਹੈ ਕੀ ਬੂੰਗਾ ਸਾਹਿਬ ਤੋਂ ਨਹਿਰਾਂ ਪਾਰ ਕਰਕੇ ਇਹ ਸੜਕ ਹਿਮਾਚਲ ਪ੍ਰਦੇਸ਼ ਨਾਲ ਜੁੜਦੀ ਹੈ ਅਤੇ ਕਈ ਪਿੰਡਾਂ ਦੇ ਰਾਹਗੀਰ ਇਸ ਸੜਕ ਰਾਹੀਂ ਆਪਣੇ ਆਪਣੇ ਪਿੰਡਾਂ ਨੂੰ ਜਾਂਦੇ ਹਨ। ਹਿਮਾਚਲ ਪ੍ਰਦੇਸ਼ ਵਿਚ ਲੱਗੀਆਂ ਸੀਮਿੰਟ ਫੈਕਟਰੀਆਂ ਦੀ ਢੋਆ ਢੋਆ ਕਰਨ ਵਾਲੇ ਟਰੱਕ ਹਿਮਾਚਲ ਪ੍ਰਦੇਸ਼ ਟੋਲ ਟੈਕਸ ਬਚਾਉਣ ਲਈ ਇਹ ਰਸਤੇ ਰਾਹੀਂ ਆਪਣੀ ਗੱਡੀਆਂ ਲੈ ਕੇ ਜਾਂਦੇ ਹਨ। ਇਹ ਸੜਕ ਦੋ ਨਹਿਰਾਂ ਨੂੰ ਪਾਰ ਕਰਕੇ ਜੋੜਦੀ ਹੈ, ਭਾਵੇਂ ਕੀ ਭਾਖੜਾ ਨਹਿਰ ’ਤੇ ਚੇਤਾਵਨੀ ਬੋਰਡ ਵੀ ਲੱਗਿਆ ਹੋਇਆ ਹੈ ਕਿ ਇਸ ਪੁਲ ਤੋਂ 15 ਟਨ ਤੋਂ ਜਿਆਦਾ ਵਜਨੀ ਵਾਹਨ ਨਾ ਲੰਘਾਏ ਜਾਣ ਪਰ ਟਿੱਪਰ ਅਤੇ ਟਰੱਕ ਚਾਲਕ ਇਹਨਾਂ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਓਵਰਲੋਡ ਵਾਹਨ ਭਾਖੜਾ ਨਹਿਰ ’ਤੇ ਬਣੇ ਪੁਲ ਤੋਂ ਲੰਘਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਘਰ ਚੰਗਰ ਵਿਚ ਪੈਂਦੇ ਹਨ, ਪਰ ਸਾਡੀਆਂ ਜਮੀਨਾਂ ਅਤੇ ਪਸ਼ੂ ਨਹਿਰ ਦੇ ਉਸ ਪਾਰ ਹਨ ਜੇਕਰ ਇਹਨਾਂ ਓਵਰਲੋਡ ਵਾਹਨਾ ਕਰਕੇ ਪੁਲ ਟੁੱਟ ਜਾਂਦਾ ਹੈ ਤਾਂ ਉਹਨਾਂ ਲਈ ਬਹੁਤ ਮੁਸ਼ਕਿਲ ਹੋ ਜਾਵੇਗਾ। ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਵਸਨੀਕ ਆਪਣੇ ਪੱਧਰ ’ਤੇ ਰਾਤ ਸਮੇਂ ਨਾਕੇਬੰਦੀ ਕਰਕੇ ਇਹਨਾਂ ਟਰੱਕਾਂ ਨੂੰ ਜਾਣ ਤੋਂ ਰੋਕਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਗੱਡੀਆਂ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਾ ਟਿੱਪਰਾਂ ਅਤੇ ਟਰੱਕਾਂ ਨੂੰ ਲੰਘਣ ਤੋਂ ਰੋਕਿਆ ਜਾਵੇ, ਪਰ ਉਹਨਾਂ ਦੀਆਂ ਅਪੀਲਾਂ ਕਾਗਜਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਸੀਮਿੰਟ ਤੋਂ ਇਲਾਵਾ ਰਾਤ ਸਮੇਂ ਮਾਈਨਿੰਗ ਵਾਲੇ ਓਵਰਲੋਡ ਟਿੱਪਰ ਵੀ 60, 70 ਟਨ ਲੈ ਕੇ ਪੁਲ ਉਤੋਂ ਦੀ ਲੰਘਦੇ ਹਨ, ਜਦੋਂ ਇਹਨਾਂ ਗੱਡੀਆਂ ਨੂੰ ਰੋਕਿਆ ਜਾਂਦਾ ਹੈ ਤਾਂ ਡਰਾਈਵਰ ਝਗੜਾ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਪਰਚੀ ਬਚਾਉਣ ਦੇ ਚੱਕਰ ਵਿਚ ਇਹ ਟਰੱਕ ਡਰਾਈਵਰ ਸਾਡੇ ਪਿੰਡ ਦੀ ਸੜਕ ਤੋੜ ਦੇਣਗੇ ਜਿਸ ਨਾਲ ਹਿਮਾਚਲ ਪ੍ਰਦੇਸ਼ ਦਾ ਸੰਪਰਕ ਰਸਤਾ ਵੀ ਟੁੱਟ ਜਾਵੇਗਾ, ਕਿਉਂਕਿ ਇਹ ਰਸਤਾ ਦਰਜਨ ਪਰ ਪੰਜਾਬ ਦੇ ਪਿੰਡਾਂ ਨੂੰ ਜੋੜਦਾ ਹੋਇਆ ਹਿਮਾਚਲ ਪ੍ਰਦੇਸ਼ ਨੂੰ ਜਾਂਦਾ ਹੈ ਅਤੇ ਰੋਜਾਨਾ ਸਕੂਲੀ ਬੱਚੇ ਅਤੇ ਡਿਊਟੀ ’ਤੇ ਜਾਣ ਵਾਲੇ ਕਰਮਚਾਰੀ ਰਸਤੇ ਰਾਹੀਂ ਜਾਂਦੇ ਹਨ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਸਖਤੀ ਨਾਲ ਇਹਨਾਂ ਗੱਡੀਆਂ ਨੂੰ ਰੋਕਿਆ ਜਾਵੇ ਤਾਂ ਜੋ ਸੜਕਾਂ ਅਤੇ ਭਾਖੜਾ ਨਹਿਰ ’ਤੇ ਬਣੇ ਪੁਲ ਨੂੰ ਬਚਾਇਆ ਜਾ ਸਕੇ।