ਦੁੱਧ ਉਤਪਾਦਕਾਂ ਦੀ ਜਿੱਤ, 1 ਮਾਰਚ ਤੋਂ ਰੇਟ ’ਚ 2 ਰੁਪਏ ਦਾ ਵਾਧਾ
ਦੁੱਧ ਉਤਪਾਦਕਾਂ ਦੀ ਜਿੱਤ: 1 ਮਾਰਚ ਤੋਂ ਦੁੱਧ ਦੇ ਰੇਟਾਂ ਵਿੱਚ 2 ਰੁਪਏ ਵਾਧਾ
Publish Date: Thu, 26 Feb 2026 06:20 PM (IST)
Updated Date: Thu, 26 Feb 2026 06:22 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ: ਮਿਲਕਫੈਡ ਪੰਜਾਬ ਵੱਲੋਂ ਬੀਤੇ ਦਿਨੀਂ ਦੁੱਧ ਦੇ ਰੇਟ ਘਟਾਏ ਜਾਣ ਦੇ ਫੈਸਲੇ ਖਿਲਾਫ ਕਿਸਾਨਾਂ ਅਤੇ ਪੰਜਾਬ ਰਾਜ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਸਕੱਤਰ ਪੰਜਾਬ ਵੱਲੋਂ ਤੇ ਹੋਰ ਪਸ਼ੂ ਪਾਲਕਾਂ ਕਿਸਾਨਾਂ ਅਤੇ ਭਾਈਚਾਰਕ ਜਥੇਬੰਦੀਆਂ ਵੱਲੋਂ ਚੱਲ ਰਹੇ ਤਿੱਖੇ ਸੰਘਰਸ਼ ਨੂੰ ਆਖ਼ਿਰਕਾਰ ਵੱਡੀ ਕਾਮਯਾਬੀ ਮਿਲੀ ਹੈ। ਮਸਲੇ ਦੀ ਗੰਭੀਰਤਾ ਨੂੰ ਦੇਖਦਿਆਂ ਯੂਨੀਅਨ ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਮਿਲਕਫੈਡ ਦੇ ਉੱਚ ਅਧਿਕਾਰੀਆਂ ਨਾਲ ਹੋਈ। ਮੀਟਿੰਗ ਦੌਰਾਨ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿਲ ਅਤੇ ਹੋਰ ਅਧਿਕਾਰੀਆਂ ਨੇ ਯੂਨੀਅਨ ਨੂੰ ਭਰੋਸਾ ਦਵਾਇਆ ਕਿ 1 ਮਾਰਚ 2026 ਤੋਂ ਦੁੱਧ ਦੇ ਰੇਟਾਂ ਵਿੱਚ ਪ੍ਰਤੀ ਲੀਟਰ 2 ਰੁਪਏ ਦਾ ਵਾਧਾ ਕੀਤਾ ਜਾਵੇਗਾ। ਨਾਲ ਹੀ ਆਉਣ ਵਾਲੇ ਸਮੇਂ ਵਿੱਚ ਹੋਰ ਵਾਧੇ ਬਾਰੇ ਵੀ ਸਕਾਰਾਤਮਕ ਵਿਚਾਰ ਕਰਨ ਦੀ ਗੱਲ ਕਹੀ ਗਈ। ਯੂਨੀਅਨ ਆਗੂਆਂ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਚੇਅਰਮੈਨ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ, ਪਰ ਨਾਲ ਹੀ ਹੋਰ ਲੰਬਿਤ ਮੰਗਾਂ ਨੂੰ ਵੀ ਜ਼ੋਰਦਾਰ ਢੰਗ ਨਾਲ ਰੱਖਿਆ। ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਮਿਲ ਰਹੀ ਕਮਿਸ਼ਨ ਦਰ ਮੌਜੂਦਾ ਖਰਚਿਆਂ ਮੁਤਾਬਕ ਨਾਕਾਫ਼ੀ ਹੈ, ਇਸ ਲਈ 3 ਪ੍ਰਤੀਸ਼ਤ ਤੋਂ ਵਧਾ ਕੇ 5 ਪ੍ਰਤੀਸ਼ਤ ਕੀਤੀ ਜਾਵੇ। ਇਸ ਤੋਂ ਇਲਾਵਾ ਦੁੱਧ ਦੀ ਫੈਟ ਜਾਂਚ ਅਤੇ ਐਸ.ਐਨ.ਐਫ. ਐਂਟਰੀ ਦੌਰਾਨ ਸਿਸਟਮ ਦੀ ਹੌਲੀ ਰਫ਼ਤਾਰ ਕਾਰਨ ਆ ਰਹੀਆਂ ਤਕਨੀਕੀ ਦਿੱਕਤਾਂ ਦਾ ਮਸਲਾ ਵੀ ਉਠਾਇਆ ਗਿਆ। ਯੂਨੀਅਨ ਨੇ ਮੰਗ ਕੀਤੀ ਕਿ ਸੀਐਨਐਫ ਸਿਸਟਮ ਵਿੱਚ ਮੈਨੂਅਲ ਐਂਟਰੀ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਕੰਮਕਾਜ ਪ੍ਰਭਾਵਿਤ ਨਾ ਹੋਵੇ। ਆਗੂਆਂ ਨੇ ਇਹ ਵੀ ਦੱਸਿਆ ਕਿ ਸਾਲ 2017 ਵਿੱਚ ਬੰਦ ਕੀਤਾ ਗਿਆ ਸੀਐਮ ਐਸਐਨਐਫ ਪ੍ਰੀਮੀਅਮ 2019 ਵਿੱਚ ਕਿਸਾਨਾਂ ਲਈ ਦੁਬਾਰਾ ਸ਼ੁਰੂ ਹੋ ਗਿਆ ਸੀ, ਪਰ ਸਹਿਕਾਰੀ ਸਭਾਵਾਂ ਨੂੰ ਅਜੇ ਤੱਕ ਇਸਦਾ ਲਾਭ ਨਹੀਂ ਮਿਲਿਆ। ਇਸ ਸਬੰਧੀ ਵੀ ਮੰਗ ਪੱਤਰ ਚੇਅਰਮੈਨ ਨੂੰ ਸੌਂਪਿਆ ਗਿਆ ਅਤੇ ਜਲਦ ਨਿਪਟਾਰੇ ਦੀ ਅਪੀਲ ਕੀਤੀ ਗਈ।ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਾਕੀ ਮੰਗਾਂ ‘ਤੇ ਵੀ ਜਲਦ ਕਾਰਵਾਈ ਨਾ ਹੋਈ ਤਾਂ ਸੰਘਰਸ਼ ਨੂੰ ਮੁੜ ਤੇਜ਼ ਕੀਤਾ। ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਸਿੰਘ, ਵੀਰ ਸਿੰਘ ਬੜਵਾ (ਪ੍ਰਧਾਨ, ਏਰੀਆ ਮਿਲਕ ਪਲਾਂਟ ਮੁਹਾਲੀ), ਭੁਪਿੰਦਰ ਸਿੰਘ (ਪ੍ਰਧਾਨ ਅੰਮ੍ਰਿਤਸਰ), ਸਤਨਾਮ ਸਿੰਘ ਮੁਹਾਲੀ, ਗੁਰਸਾਗਰ ਪ੍ਰੀਤ ਸਿੰਘ, ਮਨਦੀਪ ਸਿੰਘ ਸਮੇਤ ਹੋਰ ਕਈ ਆਗੂ ਮੌਜੂਦ ਰਹੇ।