ਦੋ ਰੋਜ਼ਾ ਵਿਰਾਸਤੀ ਖੇਡਾਂ ਚਰਨ ਗੰਗਾ ਸਟੇਡੀਅਮ ’ਚ ਸ਼ਾਨੋ-ਸ਼ੌਕਤ ਨਾਲ ਸੰਪੰਨ
ਹੋਲਾ ਮਹੱਲਾ 2026 ਦੌਰਾਨ ਦੋ ਰੋਜ਼ਾ ਵਿਰਾਸਤੀ ਖੇਡਾਂ ਚਰਨ ਗੰਗਾ ਸਟੇਡੀਅਮ ਵਿਚ ਸ਼ਾਨੋ-ਸ਼ੌਕਤ ਨਾਲ ਸੰਪੰਨਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ ਵੱਲੋਂ
Publish Date: Mon, 02 Mar 2026 06:46 PM (IST)
Updated Date: Mon, 02 Mar 2026 06:46 PM (IST)

ਡੀਸੀ ਅਦਿੱਤਿਆ ਡਚਲਵਾਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਪੰਜਾਬੀ ਜਾਗਰਣ ਟੀਮ,ਸ਼੍ਰੀ ਅਨੰਦਪੁਰ ਸਾਹਿਬ, ਹੋਲਾ ਮਹੱਲਾ 2026 ਦੇ ਪਾਵਨ ਤਿਉਹਾਰ ਮੌਕੇ ਦੋ ਰੋਜ਼ਾ ਵਿਰਾਸਤੀ ਖੇਡਾਂ ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈਆਂ। ਇਸ ਮੇਲੇ ਨੇ ਪੰਜਾਬ ਦੀ ਅਮੀਰ ਵਿਰਾਸਤ, ਰਵਾਇਤੀ ਖੇਡਾਂ ਅਤੇ ਲੋਕ ਕਲਾਵਾਂ ਨੂੰ ਇੱਕ ਮੰਚ ‘ਤੇ ਲਿਆ ਕੇ ਦਰਸ਼ਕਾਂ ਲਈ ਯਾਦਗਾਰ ਤਜਰਬਾ ਬਣਾਇਆ। ਦੂਰ-ਦੁਰਾਡੇ ਤੋਂ ਪਹੁੰਚੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੇ ਵਿਰਾਸਤੀ ਰੰਗਾਂ ਵਿਚ ਰੰਗੀ ਇਸ ਪ੍ਰਸਤੁਤੀ ਨੂੰ ਖੁੱਲ੍ਹੇ ਦਿਲ ਨਾਲ ਸਰਾਹਿਆ। ਇਸ ਮੌਕੇ ਡਿਪਟੀ ਕਮਿਸ਼ਨਰ ਅਦਿੱਤਿਆ ਡਚਲਵਾਲ ਨੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਰਾਸਤੀ ਖੇਡਾਂ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਸਾਧਨ ਹਨ। ਪ੍ਰਸ਼ਾਸਨ ਵੱਲੋਂ ਖਿਡਾਰੀਆਂ ਲਈ ਸੁਚਾਰੂ ਪ੍ਰਬੰਧ, ਸੁਰੱਖਿਆ ਅਤੇ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਜਿਸ ਨਾਲ ਮੁਕਾਬਲੇ ਸੁਚੱਜੇ ਢੰਗ ਨਾਲ ਸੰਪੰਨ ਹੋਏ। ਇਸ ਦੋ ਰੋਜ਼ਾ ਸਮਾਗਮ ਵਿਚ 60 ਸਾਲ ਤੱਕ ਦੀ ਉਮਰ ਦੇ ਖਿਡਾਰੀਆਂ ਨੇ ਭਾਗ ਲਿਆ। ਦਸਤਾਰਬੰਦੀ ਮੁਕਾਬਲੇ, ਢਾਡੀ ਦਰਬਾਰ, ਮਾਰਚ ਪਾਸਟ, ਮਸਾਲ ਪ੍ਰਦਰਸ਼ਨ, ਗਿੱਧਾ ਤੇ ਭੰਗੜਾ, ਗੱਤਕਾ ਪ੍ਰਦਰਸ਼ਨੀ ਮੈਚ, ਘੋੜ ਡਾਂਸ ਅਤੇ ਟੈਂਟ ਪੈਗਿੰਗ ਵਰਗੀਆਂ ਵਿਰਾਸਤੀ ਖੇਡਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਵਿਸ਼ੇਸ਼ ਮਾਰਸ਼ਲ ਆਰਟਸ ਸਕਿੱਲਜ਼ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਖਾਸ ਆਕਰਸ਼ਣ ਵਜੋਂ ਮਾਰਚ ਪਾਸਟ ਦੌਰਾਨ ਹਾਥੀਆਂ ਦੇ ਜੋੜੇ ਦੀ ਸ਼ਮੂਲੀਅਤ ਸਮਾਗਮ ਦੀ ਸ਼ਾਨ ਹੋਰ ਵਧਾ ਦਿੱਤੀ। ਗਿੱਧੇ ਅਤੇ ਭੰਗੜੇ ਦੀ ਨਾਲ ਸਟੇਡੀਅਮ ਪੰਜਾਬੀ ਰੰਗਾਂ ਵਿਚ ਰੰਗਿਆ ਨਜ਼ਰ ਆਇਆ। ਲੋਕ ਕਲਾਵਾਂ ਦੀ ਇਸ ਪ੍ਰਸਤੁਤੀ ਨੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀ ਰੰਗੀਨ ਤਸਵੀਰ ਪੇਸ਼ ਕੀਤੀ। ਵਿਰਾਸਤੀ ਖੇਡਾਂ ਦੇ ਮੰਚ ਰਾਹੀਂ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਸਮਾਜ ਸਿਰਜਣ ਦੇ ਸੰਦੇਸ਼ ਨੂੰ ਵੀ ਉਜਾਗਰ ਕੀਤਾ ਗਿਆ। ਨੌਜਵਾਨਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਨੇ ਇਹ ਸਾਬਤ ਕੀਤਾ ਕਿ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ। ਇਸ ਮੌਕੇ ਚੰਦਰ ਜਯੋਤੀ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵ), ਅਭਿਮੰਨਯੂ ਮਲਿਕ ਸਹਾਇਕ ਕਮਿਸ਼ਨਰ, ਸੁਖਪਾਲ ਸਿੰਘ ਮੇਲਾ ਅਫਸਰ ਕਮ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਸਚਿਨ ਪਾਠਕ ਐਸ.ਡੀ.ਐਮ ਨੰਗਲ, ਬਲਜਿੰਦਰ ਸਿੰਘ ਗਰੇਵਾਲ ਜਿਲ੍ਹਾ ਵਿਕਾਸ ’ਤੇ ਪੰਚਾਇਤ ਅਫਸਰ, ਇਸਾਨ ਚੋਧਰੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ, ਮੰਚ ਸੰਚਾਲਕ ਰਣਜੀਤ ਸਿੰਘ ਐਨ.ਸੀ.ਸੀ ਅਫਸਰ, ਅਜੇ ਬੈਂਸ ਸਹਾਇਕ ਮੰਚ ਸੰਚਾਲਕ, ਸਹਾਇਕ ਸਿਵਲ ਸਰਜਨ ਰੂਪਨਗਰ ਬੌਬੀ ਗੁਲਾਟੀ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼ਰੂਤੀ ਸ਼ਰਮਾ, ਐਕਸੀਅਨ ਪੰਚਾਇਤੀ ਰਾਜ ਅਵਤਾਰ ਸਿੰਘ, ਐਕਸੀਅਨ ਜਲ ਸਪਲਾਈ ਹਰਜੀਤਪਾਲ ਸਿੰਘ, ਕਾਰਜ ਸਾਧਕ ਅਫਸਰ ਗੁਰਦੀਪ ਸਿੰਘ ਅਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।