8 ਗ੍ਰਾਮ ਨਸ਼ੀਲੇ ਪਦਾਰਥ ਸਣੇ ਦੋ ਨੌਜਵਾਨ ਕਾਬੂ
ਨੂਰਪੁਰਬੇਦੀ ਪੁਲਿਸ ਗਸ਼ਤ ਦੌਰਾਨ 8 ਗ੍ਰਾਮ ਨਸ਼ੀਲੇ ਪਦਾਰਥ ਸਣੇ ਦੋ ਨੌਜਵਾਨ ਕਾਬੂ
Publish Date: Fri, 02 Jan 2026 04:15 PM (IST)
Updated Date: Fri, 02 Jan 2026 04:17 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਜ਼ਿਲ੍ਹਾ ਰੂਪਨਗਰ ਵਿਚ ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮਾਨਯੋਗ ਗੁਲਨੀਤ ਸਿੰਘ ਖੁਰਾਨਾ, ਸੀਨੀਅਰ ਪੁਲਿਸ ਅਧਿਕਾਰੀ ਰੂਪਨਗਰ, ਗੁਰਦੀਪ ਸਿੰਘ ਗੋਸਲ, ਕਪਤਾਨ ਪੁਲਿਸ ਜਾਂਚ ਅਤੇ ਜਸ਼ਨਦੀਪ ਸਿੰਘ ਮਾਨ, ਉਪ ਕਪਤਾਨ ਪੁਲਿਸ ਅਨੰਦਪੁਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ੇ ਨੂੰ ਠੱਲ ਪਾਉਣ ਅਤੇ ਮਾੜੇ ਅਨਸਰਾਂ ’ਤੇ ਨਕੇਲ ਕਸਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੌਰਾਨ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਇੰਸਪੈਕਟਰ ਰੋਹਿਤ ਸ਼ਰਮਾ, ਮੁੱਖ ਅਫਸਰ ਥਾਣਾ ਨੂਰਪੁਰ ਬੇਦੀ ਦੀਆਂ ਹਦਾਇਤਾਂ ਤਹਿਤ ਮਿਤੀ 1 ਜਨਵਰੀ 2026 ਨੂੰ ਹਵਲਦਾਰ ਗੌਰਵ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਸਬੰਧੀ ਪਿੰਡ ਹਿਆਤਪੁਰ ਤੋਂ ਗੋਪਾਲਪੁਰ ਨੂੰ ਜਾਂਦੀ ਲਿੰਕ ਸੜਕ ’ਤੇ ਮੌਜੂਦ ਸੀ। ਸ਼ਾਮ ਕਰੀਬ 7 ਵਜੇ ਜਦੋਂ ਪੁਲਿਸ ਪਾਰਟੀ ਪਿੰਡ ਹਿਆਤਪੁਰ ਤੋਂ ਗੋਪਾਲਪੁਰ ਵੱਲ ਬਾਗ ਦੇ ਨੇੜੇ ਪੁੱਜੀ, ਤਾਂ ਗੋਪਾਲਪੁਰ ਵੱਲੋਂ ਆ ਰਹੀ ਇੱਕ ਮੋਟਰਸਾਈਕਲ ’ਤੇ ਦੋ ਨੌਜਵਾਨ ਦਿਖਾਈ ਦਿੱਤੇ। ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਪੁਲਿਸ ਨੂੰ ਵੇਖਦੇ ਹੀ ਆਪਣੀ ਲੋਅਰ ਦੀ ਸੱਜੀ ਜੇਬ ਵਿਚੋਂ ਇੱਕ ਮੋਮੀ ਪਲਾਸਟਿਕ ਦਾ ਲਿਫਾਫਾ ਸੜਕ ਦੇ ਕਿਨਾਰੇ ਘਾਹ ਵਿਚ ਸੁੱਟ ਦਿੱਤਾ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਦੋਹਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਕਰਮ ਸਿੰਘ ਵਾਸੀ ਪਿੰਡ ਸਰਾਏਂ, ਜਦਕਿ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਬਲਵਿੰਦਰ ਸਿੰਘ ਉਰਫ਼ ਬੁੱਲੀ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਭਾਉਵਾਲ, ਥਾਣਾ ਨੂਰਪੁਰ ਬੇਦੀ ਦੱਸਿਆ। ਬਲਵਿੰਦਰ ਸਿੰਘ ਵੱਲੋਂ ਸੁੱਟੇ ਗਏ ਮੋਮੀ ਲਿਫਾਫੇ ਨੂੰ ਉਸਦੀ ਨਿਸ਼ਾਨਦੇਹੀ ’ਤੇ ਬਰਾਮਦ ਕਰਕੇ ਜਾਂਚ ਕੀਤੀ ਗਈ, ਜਿਸ ਵਿਚੋਂ 8 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਵੱਲੋਂ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥਾਂ ਸਬੰਧੀ ਕਾਨੂੰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।