ਨਸ਼ਾ ਕਰਨ ਦੇ ਆਦੀ ਦੋ ਨੂੰ ਨਸ਼ਾ ਮੁਕਤੀ ਕੇਂਦਰ ਭੇਜਿਆ
ਨਸ਼ਾ ਕਰਨ ਦੇ ਆਦੀ ਦੋ ਵਿਅਕਤੀਆਂ ਨੂੰ ਕਾਰਵਾਈ ਕਰਨ ਤੋਂ ਬਾਅਦ ਨਸ਼ਾ ਮੁਕਤੀ ਕੇਂਦਰ ਭੇਜਿਆ
Publish Date: Thu, 22 Jan 2026 06:25 PM (IST)
Updated Date: Thu, 22 Jan 2026 06:27 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ਼੍ਰੀ ਕੀਰਤਪੁਰ ਸਾਹਿਬ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਫੇਸ 2 ਦੇ ਤਹਿਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਟੀਮ ਨੇ ਕਾਨੂੰਨੀ ਕਾਰਵਾਈ ਤੋਂ ਬਾਅਦ ਦੋ ਵਿਅਕਤੀਆਂ ਨੂੰ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਜਤਿਨ ਕਪੂਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਨਸ਼ਾ ਕਰਨ ਦੇ ਆਦੀ ਹਨ ਇਸ ’ਤੇ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਕਤ ਵਿਅਕਤੀਆਂ ਨੂੰ ਫੜ ਕੇ ਸਰਕਾਰੀ ਹਸਪਤਾਲ ਵਿਚ ਡੋਪ ਟੈਸਟ ਕਰਵਾਇਆ ਗਿਆ ਜੋ ਕਿ ਪਾਜਟਿਵ ਆਇਆ ਸੀ। ਥਾਣਾ ਮੁੱਖੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਉਰਫ ਲੱਖੂ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਦੇਹਣੀ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਅਤੇ ਗਗਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਦਬੂੜ ਥਾਣਾ ਸ੍ਰੀ ਕੀਰਤਪੁਰ ਸਾਹਿਬ ਦਾ ਡੋਪ ਟੈਸਟ ਪਾਜਟਿਵ ਆਉਣ ’ਤੇ ਪਾਇਆ ਗਿਆ ਕਿ ਇਹ ਵਿਅਕਤੀ ਨਸ਼ਾ ਕਰਨ ਦੇ ਆਦੀ ਹਨ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਵਿਰੁੱਧ ਮੁਕਦਮਾ ਨੰਬਰ 14 ਮਿਤੀ 21 ਜਨਵਰੀ 2026 ਐਨ,ਡੀ,ਪੀ,ਐਸ ਐਕਟ ਦੇ ਤਹਿਤ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਦਰਜ ਕੀਤਾ ਗਿਆ। ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੇਸ਼ ਕਰਕੇ 64,ਏ ਐਨ,ਡੀ,ਪੀ,ਐਸ ਐਕਟ ਅਧੀਨ ਕਾਰਵਾਈ ਕਰਦੇ ਹੋਏ ਮਾਨਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਨਸ਼ਾ ਛਡਾਓ ਕੇਂਦਰ ਸਿਵਲ ਹਸਪਤਾਲ ਰੂਪਨਗਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਥਾਣਾ ਮੁੱਖੀ ਨੇ ਕਿਹਾ ਕਿ ਨਸ਼ਾ ਕਰਨ ਦੇ ਆਦੀ ਮਰੀਜ਼ਾਂ ਨੂੰ ਸਰਕਾਰ ਵੱਲੋਂ ਫਰੀ ਇਲਾਜ ਕਰਵਾਇਆ ਜਾਂਦਾ ਹੈ ਜਿਸ ਨਾਲ ਨਸ਼ਾ ਕਰਨ ਦੇ ਆਦੀ ਵਿਅਕਤੀ ਮੁੜ ਮੁੱਖ ਧਾਰਾ ਵਿਚ ਵਾਪਸ ਆ ਸਕਦੇ ਹਨ।