ਨਾਕੇਬੰਦੀ ਦੌਰਾਨ ਤੇਜ ਗਤੀ ਵਾਹਨਾਂ ਦੇ ਚਲਾਨ ਕੱਟੇ
ਟਰੈਫਿਕ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਤੇਜ ਗਤੀ ਵਾਹਨਾਂ ਦੇ ਚਲਾਨ ਕੱਟੇ
Publish Date: Sat, 21 Mar 2026 05:32 PM (IST)
Updated Date: Sat, 21 Mar 2026 05:34 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ: ਟਰੈਫਿਕ ਪੁਲਿਸ ਸ਼੍ਰੀ ਕੀਰਤਪੁਰ ਸਾਹਿਬ ਵੱਲੋਂ ਰੂਪਨਗਰ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਸ੍ਰੀ ਕੀਰਤਪੁਰ ਸਾਹਿਬ ਰੂਪ ਨਗਰ ਮੁੱਖ ਮਾਰਗ ’ਤੇ ਪਿੰਡ ਡਾਢੀ ਨਜ਼ਦੀਕ ਨਾਕੇਬੰਦੀ ਦੌਰਾਨ ਸੜਕੀ ਆਵਾਜਾਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੂਪ ਨਗਰ ਟਰੈਫਿਕ ਪੁਲਿਸ ਦੇ ਇੰਚਾਰਜ ਸਰਬਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਦਸਿਆਂ ਨੂੰ ਠੱਲ ਪਾਉਣ ਲਈ ਤੇਜ ਗਤੀ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਾਹਨਾਂ ਦੀ ਗਤੀ ਨਾਪਣ ਵਾਲੀ ਮਸ਼ੀਨ ਦੀ ਸਹਾਇਤਾ ਨਾਲ ਸੜਕ ’ਤੇ ਜਾ ਰਹੀਆਂ ਕਾਰਾਂ ਬੱਸਾਂ ਅਤੇ ਦੋ ਪਹੀਆ ਵਾਹਨਾ ਦੇ 30 ਦੇ ਕਰੀਬ ਚਲਾਣ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਚਲਾਨ ਕਰਨ ਤੋਂ ਬਾਅਦ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਪਹੀਆ ਵਾਹਨ ’ਤੇ 3 ਸਵਾਰੀਆਂ, ਬਿਨ੍ਹਾਂ ਸੀਟ ਬੈਲਟ ਵਾਹਨ ਚਲਾਨ ਬਿਨ੍ਹਾਂ ਹੈਲਮਟ ਦੋ ਪਹੀਆ ਵਾਹਨ ਚਲਾਣ ਅਤੇ ਤੇਜ ਗਤੀ ਵਿਚ ਚਲਣ ਵਾਲੇ ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਤੇਜ ਗਤੀ ਨਾਲ ਸੜਕੀ ਹਾਦਸਿਆਂ ਵਿਚ ਵਾਧਾ ਹੁੰਦਾ ਹੈ, ਵਾਹਨ ਚਾਲਕਾਂ ਨੂੰ ਨਿਰਧਾਰਤ ਗਤੀ ’ਤੇ ਵਾਹਨ ਚਲਾਉਣਾ ਚਾਹੀਦਾ ਹੈ। ਇਸ ਦੌਰਾਨ ਸੀਟ ਬੈਲਟ ਅਤੇ ਦੋ ਪਹੀਆ ਵਾਲੇ ਹੈਲਮਟ ਦੀ ਵਰਤੋਂ ਜਰੂਰ ਕਰਨ , ਜਿਸ ਨਾਲ ਹਾਦਸੇ ਤੋਂ ਬਾਅਦ ਵਾਹਨ ਚਾਲਕ ਦਾ ਬਚਾਅ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਵੀ ਅਲੱਗ ਅਲੱਗ ਜਗ੍ਹਾ ’ਤੇ ਨਾਕੇਬੰਦੀ ਕਰਕੇ ਚਲਾਨ ਕੀਤੇ ਜਾਣਗੇ। ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਦੋ ਪਹੀਆ ਵਾਹਨ ਦੇ ਕੇ ਸੜਕਾਂ ’ਤੇ ਨਾ ਭੇਜਿਆ ਜਾਵੇ, ਅਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੌਰਾਨ ਅਲੱਗ ਅਲੱਗ ਟਰੱਕ ਯੂਨੀਅਨ ਵਿਚ ਜਾ ਕੇ ਸੜਕੀ ਆਵਾਜਾਈ ਸਬੰਧੀ ਜਾਗਰੂਕ ਕੈਂਪ ਵੀ ਲਗਾਏ ਜਾਂਦੇ ਹਨ। ਇਸ ਦੌਰਾਨ ਰੂਪਨਗਰ ਟਰੈਫਿਕ ਇੰਚਾਰਜ ਸਰਬਜੀਤ ਸਿੰਘ, ਸਹਾਇਕ ਥਾਣੇਦਾਰ ਅਜੇ ਕੁਮਾਰ, ਸਹਾਇਕ ਥਾਣੇਦਾਰ ਦੀਦਾਰ ਸਿੰਘ, ਸ੍ਰੀ ਕੀਰਤਪੁਰ ਸਾਹਿਬ ਦੇ ਟਰੈਫਿਕ ਇੰਚਾਰਜ ਬਲਵੰਤ ਸਿੰਘ ਹਾਜ਼ਰ ਸਨ।