ਟਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਟ੍ਰੈਫਿਕ ਜਾਗਰੂਕਤਾ ਸੈਮੀਨਾਰ
ਟਰੈਫਿਕ ਐਜੂਕੇਸ਼ਨ ਸੈੱਲ ਰੂਪਨਗਰ ਵੱਲੋਂ ਮੋਰਿੰਡਾ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ
Publish Date: Sun, 11 Jan 2026 03:54 PM (IST)
Updated Date: Mon, 12 Jan 2026 04:01 AM (IST)

ਅਮਰਜੀਤ ਧੀਮਾਨ, ਪੰਜਾਬੀ ਜਾਰਗਣ, ਮੋਰਿੰਡਾ : ਜ਼ਿਲ੍ਹਾ ਇੰਚਾਰਜ ਟਰੈਫਿਕ ਏਐਸਆਈ ਸਰਬਜੀਤ ਸਿੰਘ ਦੀ ਅਗਵਾਈ ਵਿਚ ਏਐਸਆਈ ਸੁਖਦੇਵ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਵੱਲੋਂ ਮੋਰਿੰਡਾ ਵਿਖੇ ਵੱਖ-ਵੱਖ ਥਾਵਾਂ ਤੇ ਆਯੋਜਿਤ ਸੈਮੀਨਾਰਾਂ ਸਮੇਂ ਵਾਹਨ ਚਾਲਕਾਂ ਤੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਉੱਥੇ ਹੀ ਨਸ਼ਿਆਂ ਕਾਰਨ ਵਾਪਰਦੀਆਂ ਅਣਸੁਖਾਵੀਆਂ ਘਟਨਾਵਾਂ, ਹਾਦਸਿਆਂ ਅਤੇ ਨਸ਼ਿਆਂ ਦੇ ਮਾੜੇ ਕੋਹੜ ਤੋਂ ਬਚਣ ਦੀ ਪ੍ਰੇਰਨਾ ਵੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਮੋਰਿੰਡਾ ਏਐਸਆਈ ਮਲਕੀਅਤ ਸਿੰਘ ਮਾਵੀ ਨੇ ਦੱਸਿਆ ਕਿ ਟਰੈਫਿਕ ਸੈੱਲ ਰੂਪਨਗਰ ਵੱਲੋਂ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਏਐਸਆਈ ਸੁਖਦੇਵ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਸਥਾਨਕ ਬੱਸ ਸਟੈਂਡ ਵਿਖੇ ਟੈਕਸੀ ਚਾਲਕਾਂ ਅਤੇ ਆਮ ਲੋਕਾਂ, ਟਰੱਕ ਯੂਨੀਅਨ ਵਿਖੇ ਅਤੇ ਟੈਪੂ ਯੂਨੀਅਨ ਵਿਖੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਕਿਹਾ ਕਿ ਧੁੰਦ ਦਾ ਮੌਸਮ ਹੋਣ ਕਾਰਨ ਸਵੇਰੇ ਸ਼ਾਮ ਗਹਿਰੀ ਧੁੰਦ ਕਾਰਨ ਵਿਜੀਬਿਲਿਟੀ ਕਾਫੀ ਘੱਟ ਜਾਂਦੀ ਹੈ। ਇਸ ਲਈ ਸਾਨੂੰ ਬਹੁਤ ਧਿਆਨ ਨਾਲ ਗੱਡੀ ਚਲਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਧੁੰਦ ਸਮੇਂ ਸਾਨੂੰ ਕਤਾਰਾਂ ਵਿਚ ਹੀ ਚੱਲਣਾ ਚਾਹੀਦਾ ਹੈ, ਡਬਲ ਇੰਡੀਕੇਟਰ, ਬਲਿੰਕਰ ਲਗਾਉਣੇ ਚਾਹੀਦੇ ਹਨ ਅਤੇ ਕਿਸੇ ਵੀ ਵਾਹਨ ਨੂੰ ਓਵਰਟੇਕ ਨਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਕੋਈ ਨਸ਼ੇ ਦਾ ਪੀੜਿਤ ਤੁਹਾਡੀ ਜਾਣਕਾਰੀ ਵਿਚ ਆਵੇ ਤਾਂ ਉਸ ਦਾ ਇਲਾਜ ਕਰਵਾਉਣ ਲਈ ਸਥਾਨਕ ਪੁਲਿਸ ਦੀ ਸਹਾਇਤਾ ਲਈ ਜਾ ਸਕਦੀ ਹੈ। ਉਨ੍ਹਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰ ਕੇ ਗੱਡੀ ਚਲਾਉਣ ਤੋਂ ਵਰਜਿਆ ਤੇ ਕਿਹਾ ਕਿ ਇਸ ਨਾਲ ਕਦੇ ਵੀ ਦੁਰਘਟਨਾ ਵਾਪਰ ਸਕਦੀ ਹੈ ਜਦ ਕਿ ਉਨ੍ਹਾਂ ਡਰਾਈਵਰਾਂ ਨੂੰ ਆਪਣੀਆਂ ਅੱਖਾਂ ਦੀ ਸਮੇਂ ਸਮੇਂ ਤੇ ਜਾਂਚ ਕਰਵਾਉਂਦੇ ਰਹਿਣ ਵੀ ਪ੍ਰੇਰਿਆ। ਇਸ ਮੌਕੇ ਸੰਬੋਧਨ ਕਰਦਿਆਂ ਮੋਰਿੰਡਾ ਟਰੈਫਿਕ ਇੰਚਾਰਜ ਏਐਸਆਈ ਮਲਕੀਤ ਸਿੰਘ ਨੇ ਸਮੂਹ ਡਰਾਈਵਰਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਟਰੈਫਿਕ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਏਐਸਆਈ ਸਤਵਿੰਦਰ ਸਿੰਘ, ਏਐੱਸਆਈ ਦੀਦਾਰ ਸਿੰਘ (ਦੋਵੇਂ ਟਰੈਫਿਕ ਐਜੂਕੇਸ਼ਨ ਸੈੱਲ) ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਏਐੱਸਆਈ ਟਰੈਫਿਕ ਧੰਨ ਸਿੰਘ ਸੈਣੀ, ਟਰੱਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੁੰਡੀਆਂ, ਕੁਲਬੀਰ ਸਿੰਘ ਰਸੂਲਪੁਰ, ਸੁਖਵਿੰਦਰ ਸਿੰਘ ਮੋਰਿੰਡਾ, ਸਰਬਜੀਤ ਸਿੰਘ ਚੱਕਲਾਂ, ਜਗਦੀਸ਼ ਕੁਮਾਰ, ਚੌਧਰੀ ਮਹਾਂਵੀਰ, ਅਮਨ ਧਨੌਰੀ, ਹਰਪ੍ਰੀਤ ਸਿੰਘ ਮੋਰਿੰਡਾ, ਹੈਪੀ ਸ਼ਾਹਪੁਰ ਗੁੱਜਰ ਮਾਜਰਾ, ਜਗਦੀਪ ਸਿੰਘ ਓਇੰਦ ਆਦਿ ਵੀ ਸ਼ਾਮਿਲ ਸਨ।