ਖੜ੍ਹੇ ਟਰੱਕ ਨਾਲ ਟਕਰਾਇਆ ਟਿੱਪਰ, ਮਾਮਲਾ ਦਰਜ
ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾ ਕੇ ਰੇਲਵੇ ਟਰੈਕ ਦੇ ਨੇੜੇ ਪੁੱਜਾ ਟਿੱਪਰ
Publish Date: Fri, 03 Apr 2026 04:30 PM (IST)
Updated Date: Fri, 03 Apr 2026 04:31 PM (IST)

ਜੰਗ ਬਹਾਦਰ ਸਿੰਘ,ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ : ਅੱਜ ਤੜਕਸਾਰ ਰੂਪਨਗਰ - ਨੰਗਲ ਕੌਮੀ ਮਾਰਗ ’ਤੇ ਪਿੰਡ ਡਾਢੀ ਨਜ਼ਦੀਕ ਇੱਕ ਟਿੱਪਰ ਸੜਕ ਕਿਨਾਰੇ ਖੜੇ ਟਰੱਕ ਨਾਲ ਟਕਰਾ ਕੇ ਬੇਕਾਬੂ ਹੋਣ ਤੋਂ ਬਾਅਦ ਸੜਕ ਦੇ ਨਾਲ ਖਤਾਨਾਂ ਵਿਚ ਉਤਰਦੇ ਹੋਏ ਰੇਲਵੇ ਟਰੈਕ ਦੇ ਨੇੜੇ ਜਾ ਪੁੱਜਾ, ਬੇਸ਼ੱਕ ਇਸ ਹਾਦਸੇ ਵਿਚ ਟਰੱਕ ਅਤੇ ਟਿੱਪਰ ਨੂੰ ਕਾਫੀ ਨੁਕਸਾਨ ਪੁੱਜਾ ਹੈ, ਪਰ ਰੇਲਵੇ ਪ੍ਰਾਪਰਟੀ ਦਾ ਕੋਈ ਨੁਕਸਾਨ ਨਹੀਂ ਹੋਇਆ। ਮੌਕੇ ਉੱਪਰ ਪੁੱਜੇ ਆਰਪੀਐਫ ਦੇ ਅਧਿਕਾਰੀਆਂ ਵਲੋਂ ਟਿੱਪਰ ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਖਾਲੀ ਟਿੱਪਰ ਰੋਪੜ ਦੀ ਸਾਈਡ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਜਾ ਰਿਹਾ ਸੀ, ਜਦੋਂ ਇਹ ਪਿੰਡ ਡਾਢੀ ਨਜ਼ਦੀਕ ਪੁੱਜਾ ਤਾਂ ਇਹ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜੇ ਇੱਕ ਟਰੱਕ ਨਾਲ ਜਾ ਟਕਰਾਇਆ ਟਰੱਕ ਨਾਲ ਟਕਰਾਉਣ ਤੋਂ ਬਾਅਦ ਇਹ ਸੜਕ ਦੇ ਨਾਲ ਖਤਾਨਾਂ ਵਿਚ ਉਤਰ ਗਿਆ ਅਤੇ ਰੇਲਵੇ ਟਰੈਕ ਦੇ ਨੇੜੇ ਜਾ ਪੁੱਜਾ। ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਪ੍ਰੋਟੈਕਸ਼ਨ ਫੋਰਸ ਨੰਗਲ ਤੋਂ ਸਬ ਇੰਸਪੈਕਟਰ ਅਨੂਪ ਸਿੰਘ ਅਤੇ ਏਐਸਆਈ ਦੇਵਰਾਜ ਮੌਕੇ ਉੱਪਰ ਪੁੱਜੇ, ਜਿਨ੍ਹਾਂ ਵੱਲੋਂ ਮੌਕਾ ਦੇਖਣ ਤੋਂ ਬਾਅਦ ਟਿੱਪਰ ਦੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਬ ਇੰਸਪੈਕਟਰ ਅਨੂਪ ਸਿੰਘ ਨੇ ਦਸਿਆ ਕਿ ਇਸ ਹਾਦਸੇ ਕਾਰਨ ਦੌਲਤਪੁਰ ਊਨਾ ਤੋਂ ਦਿੱਲੀ ਅਤੇ ਦਿੱਲੀ ਤੋਂ ਊਨਾ ਦੌਲਤਪੁਰ ਜਾਣ ਵਾਲੀਆਂ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇੱਕ ਰੇਲ ਗੱਡੀ ਦੇ ਚਾਲਕ ਵੱਲੋਂ ਮੌਕੇ ਉੱਪਰ ਆਪਣੀ ਗੱਡੀ ਰੋਕ ਕੇ ਰੇਲਵੇ ਟਰੈਕ ਦੇ ਨੇੜੇ ਪੁੱਜੇ ਟਿੱਪਰ ਦੀਆਂ ਫੋਟੋਆਂ ਖਿੱਚ ਕੇ ਰੇਲਵੇ ਸਟੇਸ਼ਨ ਡਿਊਟੀ ਉੱਪਰ ਤਾਇਨਾਤ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਜਿਨ੍ਹਾਂ ਵੱਲੋਂ ਇਹ ਫੋਟੋਆਂ ਸਾਨੂੰ ਭੇਜੀਆਂ ਗਈਆਂ, ਬੇਸ਼ੱਕ ਇਸ ਹਾਦਸੇ ਵਿਚ ਰੇਲਵੇ ਸੰਪੱਤੀ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ ਹੈ ਪਰ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਉਹਨਾਂ ਦੱਸਿਆ ਕਿ ਟਿੱਪਰ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।