ਪਾਈਪ ਲੀਕੇਜ ਨਾਲ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਬਰਬਾਦ, ਸੜਕ ਨੂੰ ਵੀ ਪਹੁੰਚ ਰਿਹਾ ਨੁਕਸਾਨ
ਨੂਰਪੁਰਬੇਦੀ ਰੂਪਨਗਰ ਮੁੱਖ ਮਾਰਗ ’ਤੇ ਪਾਈਪ ਲੀਕੇਜ ਨਾਲ ਰੋਜ਼ਾਨਾ ਹਜ਼ਾਰਾਂ ਲੀਟਰ ਪਾਣੀ ਬਰਬਾਦ, ਸੜਕ ਨੂੰ ਵੀ ਪਹੁੰਚ ਰਿਹਾ ਨੁਕਸਾਨ
Publish Date: Sun, 08 Mar 2026 04:54 PM (IST)
Updated Date: Sun, 08 Mar 2026 04:57 PM (IST)

ਚਾਰ ਮਹੀਨਿਆਂ ਤੋਂ ਵਹਿ ਰਿਹਾ ਪਾਣੀ, ਵਿਭਾਗ ਅਜੇ ਵੀ ਬੇਖ਼ਬਰ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ ਜਲ ਸਪਲਾਈ ’ਤੇ ਸੈਨਿਟੇਸ਼ਨ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੇ ਆਪਸੀ ਤਾਲਮੇਲ ਦੀ ਕਮੀ ਅਤੇ ਲਾਪਰਵਾਹੀ ਕਾਰਨ ਨੂਰਪੁਰਬੇਦੀ ਰੂਪਨਗਰ ਮੁੱਖ ਮਾਰਗ ’ਤੇ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਪਾਣੀ ਦੀ ਪਾਈਪ ਲੀਕੇਜ ਹੋ ਰਹੀ ਹੈ। ਇਸ ਕਾਰਨ ਹਰ ਰੋਜ਼ ਕਈ ਲੀਟਰ ਪਾਣੀ ਬਰਬਾਦ ਹੋ ਰਿਹਾ ਹੈ, ਪਰ ਸੰਬੰਧਿਤ ਵਿਭਾਗ ਅਜੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ।ਮਿਲੀ ਜਾਣਕਾਰੀ ਮੁਤਾਬਕ ਨੂਰਪੁਰਬੇਦੀ ਰੂਪਨਗਰ ਮੁੱਖ ਮਾਰਗ ’ਤੇ ਜਲ ਸਪਲਾਈ ਤੇ ਸੈਨਿਟੇਸ਼ਨ ਵਿਭਾਗ ਦੇ ਦਫ਼ਤਰ ਤੋਂ ਕੁਝ ਦੂਰੀ ’ਤੇ ਪੱਤਣ ਚੌਕ ਦੇ ਨੇੜੇ ਕਈ ਮਹੀਨਿਆਂ ਤੋਂ ਪਾਈਪ ਲੀਕੇਜ ਹੋ ਰਹੀ ਹੈ। ਇਸ ਕਾਰਨ ਲਗਾਤਾਰ ਪਾਣੀ ਸੜਕ ’ਤੇ ਵਗ ਰਿਹਾ ਹੈ, ਜਿਸ ਨਾਲ ਇਕ ਪਾਸੇ ਕੀਮਤੀ ਪਾਣੀ ਬਰਬਾਦ ਹੋ ਰਿਹਾ ਹੈ ਅਤੇ ਦੂਜੇ ਪਾਸੇ ਸੜਕ ਨੂੰ ਵੀ ਨੁਕਸਾਨ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਲੀਕੇਜ ਕਾਰਨ ਨੇੜਲੇ ਦੁਕਾਨਦਾਰਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਹਮੇਸ਼ਾ ਪਾਣੀ ਇਕੱਠਾ ਰਹਿਣ ਕਾਰਨ ਗਾਹਕਾਂ ਨੂੰ ਆਉਣ-ਜਾਣ ਵਿਚ ਮੁਸ਼ਕਲ ਆਉਂਦੀ ਹੈ ਅਤੇ ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਕਾਰੋਬਾਰ ’ਤੇ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਾਰਗ ਕਾਫ਼ੀ ਟਰੈਫਿਕ ਵਾਲਾ ਹੈ ਅਤੇ ਦਿਨ-ਰਾਤ ਭਾਰੀ ਆਵਾਜਾਈ ਰਹਿੰਦੀ ਹੈ। ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਰ ਰੋਜ਼ ਇਸ ਸੜਕ ਤੋਂ ਗੁਜ਼ਰਦੇ ਹਨ, ਪਰ ਇਸ ਦੇ ਬਾਵਜੂਦ ਲੀਕੇਜ ਨੂੰ ਠੀਕ ਕਰਨ ਲਈ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ। ਇੱਕ ਪਾਸੇ ਵਿਭਾਗਾਂ ਵੱਲੋਂ ਸਮੇਂ-ਸਮੇਂ ‘ਪਾਣੀ ਬਚਾਓ’ ਵਰਗੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ, ਪਰ ਇੱਥੇ ਖੁਦ ਵਿਭਾਗਾਂ ਦੀ ਲਾਪਰਵਾਹੀ ਕਾਰਨ ਕੀਮਤੀ ਪਾਣੀ ਖੁੱਲ੍ਹੇਆਮ ਵਗਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਪਹਿਲਾਂ ਹੀ ਖਸਤਾਹਾਲ ਸੜਕਾਂ ਨੂੰ ਲੈ ਕੇ ਲੋਕ ਪਰੇਸ਼ਾਨ ਹਨ ਅਤੇ ਹੁਣ ਪਾਈਪ ਲੀਕੇਜ ਕਾਰਨ ਸੜਕ ਨੂੰ ਹੋ ਰਹੇ ਨੁਕਸਾਨ ਵੱਲ ਵੀ ਲੋਕ ਨਿਰਮਾਣ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਮਾਮਲਾ ਉਸ ਵੇਲੇ ਹੋਰ ਵੀ ਹੈਰਾਨੀਜਨਕ ਬਣ ਗਿਆ ਜਦੋਂ ਜਲ ਸਪਲਾਈ ਵਿਭਾਗ ਦੇ ਜੇਈ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਪਾਈਪ ਲੀਕੇਜ ਸਬੰਧੀ ਕੋਈ ਵੀ ਸ਼ਿਕਾਇਤ ਨਹੀਂ ਆਈ। ਦੂਜੇ ਪਾਸੇ ਲੋਕ ਨਿਰਮਾਣ ਵਿਭਾਗ ਦੇ ਜੇਈ ਗੁਰਦਿਆਲ ਸਿੰਘ ਦਾ ਕਹਿਣਾ ਹੈ ਕਿ ਉਹ ਕਈ ਵਾਰ ਜਲ ਸਪਲਾਈ ਵਿਭਾਗ ਦੇ ਜੇਈ ਨੂੰ ਪਾਈਪ ਠੀਕ ਕਰਨ ਲਈ ਕਹਿ ਚੁੱਕੇ ਹਨ। ਇਸ ਤਰ੍ਹਾਂ ਦੋਹਾਂ ਵਿਭਾਗਾਂ ਦੇ ਬਿਆਨਾਂ ਤੋਂ ਸਪਸ਼ਟ ਹੈ ਕਿ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਇਕ-ਦੂਜੇ ’ਤੇ ਟਾਲਮਟੋਲ ਕੀਤੀ ਜਾ ਰਹੀ ਹੈ। ਸਥਾਨਕ ਨਿਵਾਸੀਆਂ ਸੁਖਦੇਵ ਸਿੰਘ, ਅਮਨ ਕੁਮਾਰ, ਪ੍ਰਦੀਪ ਕੁਮਾਰ ਅਤੇ ਸੰਜੀਵ ਕੁਮਾਰ ਨੇ ਕਿਹਾ ਕਿ ਦੋਹਾਂ ਵਿਭਾਗਾਂ ਦੀ ਲਾਪਰਵਾਹੀ ਦਾ ਖਮਿਆਜ਼ਾ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਭਾਗ ਦੇ ਦਫ਼ਤਰ ਦੇ ਨੇੜੇ ਹੀ ਪਾਈਪ ਲੀਕੇਜ ਹੋ ਰਹੀ ਹੈ ਤਾਂ ਫਿਰ ਵੀ ਕਾਰਵਾਈ ਨਾ ਹੋਣਾ ਵਿਭਾਗੀ ਪ੍ਰਬੰਧ ’ਤੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਜ਼ਿੰਮੇਵਾਰ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਬਾਕਸ ਇੰਨ: ਲੀਕੇਜ ਪਾਈਪ ਜਲਦੀ ਠੀਕ ਕੀਤੀ ਜਾਵੇਗੀ : ਐਸਡੀਓ ਇਸ ਸਬੰਧੀ ਜਦੋਂ ਜਲ ਸਪਲਾਈ ਵਿਭਾਗ ਦੀ ਐਸਡੀਓ ਮੈਡਮ ਭਾਵਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ। ਹੁਣ ਉਨ੍ਹਾਂ ਵੱਲੋਂ ਤੁਰੰਤ ਸੰਬੰਧਿਤ ਜੇਈ ਨੂੰ ਪਾਈਪ ਲੀਕੇਜ ਠੀਕ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।