ਫਿੱਕਾ ਪੈਂਦਾ ਜਾ ਰਿਹੈ ਲੋਹੜੀ ਦਾ ਮਿੱਠਾ ਤਿਉਹਾਰ
ਫਿੱਕਾ ਪੈਂਦਾ ਜਾ ਰਿਹਾ ਲੋਹੜੀ ਦਾ ਮਿੱਠਾ ਤਿਉਹਾਰ
Publish Date: Sun, 11 Jan 2026 04:41 PM (IST)
Updated Date: Mon, 12 Jan 2026 04:04 AM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਲੋਹੜੀ ਖੁਸ਼ੀਆਂ ਅਤੇ ਖੇੜਿਆਂ ਦਾ ਤਿਉਹਾਰ ਹੈ, ਜਿਸ ਦੇ ਘਰ ਲੋਹੜੀ ਮਨਾਈ ਜਾਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਉਸਦੇ ਘਰ ਕੋਈ ਨਾ ਕੋਈ ਖੁਸ਼ੀ ਆਈ ਹੋਈ ਹੈ ਪਰ ਅੱਜ ਕੱਲ ਲੋਹੜੀ ਦਾ ਤਿਉਹਾਰ ਫਿੱਕਾ ਪੈਂਦਾ ਜਾ ਰਿਹਾ ਹੈ। ਹੁਣ ਲੋਹੜੀ ਪਿੰਡਾਂ ਵਿਹੜਿਆਂ ਚੋਂ ਨਿਕਲ ਕੇ ਪੈਲਸਾਂ ਵਿਚ ਪਹੁੰਚ ਗਈ ਹੈ। ਜਿੱਥੇ ਸਿਰਫ ਇੱਕ ਤਿਉਹਾਰ ਵਜੋਂ ਮਨਾਈ ਜਾਂਦੀ ਹੈ ਅਤੇ ਇਸ ਦੇ ਵਿਚਲੇ ਰਸ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਹਨ, ਜਦੋਂ ਕਿ ਲੋਹੜੀ ਇੱਕ ਤਿਉਹਾਰ ਨਹੀਂ ਸਗੋਂ ਸਾਡਾ ਵਿਰਸਾ ਅਤੇ ਸਾਡਾ ਸੱਭਿਆਚਾਰ ਹੈ, ਜਿਸ ਨੂੰ ਅਸੀਂ ਵੀ ਭੁੱਲਦੇ ਜਾ ਰਹੇ ਹਾਂ। ਮੁੱਕ ਚੁੱਕੇ ਨੇ ਗੀਤ ਤੇ ਬੋਲੀਆਂ : ਰਾਣਾ ਗੁਰਨਾਮ ਸਿੰਘ ਇਸ ਬਾਰੇ ਗੱਲ ਕਰਦਿਆਂ ਸਮਾਜ ਸੇਵਕ ਰਾਣਾ ਗੁਰਨਾਮ ਸਿੰਘ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਲੋਹੜੀ ਦੇ ਤਿਉਹਾਰ ’ਤੇ ਨਿੱਕੇ ਨਿੱਕੇ ਬੱਚੇ ਅਤੇ ਵੱਡੇ ਵੀ ਗੀਤ ਗਾ ਕੇ ਘਰੋ ਘਰੀ ਲੋਹੜੀ ਮੰਗਿਆ ਕਰਦੇ ਸਨ ਪਰ ਅੱਜ ਦੇ ਯੁਗ ਦੀ ਪੀੜੀ ਇਹਨਾਂ ਗੀਤਾਂ ਨੂੰ ਹੀ ਭੁੱਲ ਗਈ ਹੈ ਤੇ ਹੁਣ ਸੁੰਦਰ ਮੁੰਦਰੀਏ ਦੀ ਜਗ੍ਹਾ ਡੀਜੇ ਨੇ ਲੈ ਲਈ ਹੈ ਜੋ ਕਿ ਆਪਣੇ ਆਪ ਦੇ ਵਿਚ ਸੱਭਿਆਚਾਰ ਪ੍ਰਤੀ ਅੱਜ ਦੀ ਪੀੜੀ ਦਾ ਇੱਕ ਖਤਰਨਾਕ ਰੁਝਾਨ ਹੈ , ਕਿਉਂਕਿ ਲੋਹੜੀ ਇੱਕ ਤਿਉਹਾਰ ਨਹੀਂ ਸਗੋਂ ਸਾਡਾ ਇਤਿਹਾਸ ’ਤੇ ਸਾਡਾ ਸੱਭਿਆਚਾਰ ਹੈ , ਜਿਸ ਨੂੰ ਬਚਾਉਣ ਲਈ ਨਵੀਂ ਪੀੜੀ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ। ਲੋਹੜੀ ਨੂੰ ਰਵਾਇਤੀ ਤਰੀਕੇ ਨਾਲ ਮਨਾਉਣ ਦੀ ਲੋੜ : ਹਰਨੂਰ ਸਿੰਘ ਇਸ ਸਬੰਧੀ ਹਰਨੂਰ ਸਿੰਘ ਦਾ ਮੰਨਣਾ ਹੈ ਕੀ ਸਾਨੂੰ ਲੋਹੜੀ ਦਾ ਤਿਉਹਾਰ ਰਵਾਇਤੀ ਤਰੀਕੇ ਨਾਲ ਹੀ ਮਨਾਣਾ ਚਾਹੀਦਾ ਹੈ ਤੇ ਪਾਥੀਆਂ ਬਾਲ ਕੇ ਚਿਰਵੜਾ, ਮੂੰਗਫਲੀ, ਗੱਚਕ ਆਦਿ ਦੇ ਨਾਲ ਲੋਹੜੀ ਦੇ ਤਿਉਹਾਰ ਨੂੰ ਮਨਾਉਣਾ ਚਾਹੀਦਾ ਹੈ ਪਰ ਅੱਜਕਲ ਲੋਹੜੀ ਮੋਬਾਈਲ ਦੇ ਮਾਇਆ ਜਾਲ ਵਿੱਚ ਫਸ ਚੁੱਕੀ ਹੈ ਤੇ ਲੋਹੜੀ ਦਾ ਤਿਉਹਾਰ ਮਨਾਉਣ ਵਿਚ ਆਉਣ ਵਾਲੀ ਪੀੜੀ ਕੋਈ ਬਹੁਤਾ ਸ਼ੌਕ ਨਹੀਂ ਦਿਖਾਉਂਦੀ, ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸ ਪੁਰਾਤਨ ਵਿਰਸੇ ਨੂੰ ਨਾ ਸੰਭਾਲਿਆ ਗਿਆ ਤਾਂ ਲੋਹੜੀ ਦੀ ਰਵਾਇਤੀ ਰੌਣਕ ਖਤਮ ਹੋਣ ਵਿਚ ਦੇਰ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮੋਬਾਈਲ ਤੋਂ ਪਰਾਂ ਹਟਾ ਕੇ ਇਹਨਾਂ ਤਿਉਹਾਰਾਂ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਪੁਰਾਤਨ ਵਿਰਸੇ ਨੂੰ ਬਚਾਉਣ ਦੀ ਲੋੜ : ਕਰਨ ਚੌਧਰੀ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਆਗੂ ਕਰਨ ਚੌਧਰੀ ਨੇ ਗੱਲ ਕਰਦਿਆਂ ਕਿਹਾ ਕਿ ਲੋਹੜੀ ਦੇ ਤਿਉਹਾਰ ’ਤੇ ਸ਼ੋਸ਼ਲ ਮੀਡੀਆ ਭਾਰੂ ਹੁੰਦਾ ਜਾ ਰਿਹਾ ਹੈ ਅਤੇ ਨਵੀਂ ਪੀੜੀ ਇਸ ਨੂੰ ਭੁੱਲਦੀ ਜਾ ਰਹੀ ਹੈ, ਜਿਸ ਨਾਲ ਸਾਡਾ ਪੁਰਾਤਨ ਇਤਿਹਾਸ ਸੱਭਿਆਚਾਰ ਵਿਰਸਾ ਅਲੋਪ ਹੁੰਦਾ ਜਾ ਰਿਹਾ ਹੈ। ਡੀਜਿਆਂ ਦੀ ਧਮਕ ਸ਼ੋਰ ਸ਼ਰਾਬਾ ਲੋਹੜੀ ਦੀ ਰਿਵਾਇਤੀ ਗਾਣਿਆਂ ਦਾ ਕਿਤੇ ਨਾ ਕਿਤੇ ਘਾਣ ਕਰ ਰਿਹਾ ਹੈ ਤੇ ਅੱਜ ਦੇ ਬੱਚਿਆਂ ਨੂੰ ਮੋਬਾਈਲ ਦੇ ਮਾਇਆ ਜਾਲ ਚੋਂ ਬਾਹਰ ਕੱਢ ਕੇ ਲੋਹੜੀ ਦੇ ਇਤਿਹਾਸ ਲੋਹੜੀ ਦੇ ਵਿਰਸੇ ਅਤੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਦੀ ਲੋੜ ਹੈ।