ਮੇਲੇ ਦੌਰਾਨ ਵੀ ਨਹੀਂ ਰੁਕ ਰਹੇ ਓਵਰਲੋਡ ਟਿੱਪਰ
ਕੌਮੀ ਤਿਉਹਾਰ ਹੋਲੇ ਮੇਲੇ ਦੀ ਸ਼ੁਰੂਆਤ ਹੋ ਰਹੀ ਹੈ,ਮੇਲੇ ਦੌਰਾਨ ਵੀ ਨਹੀਂ ਰੁਕ ਰਹੇ ਓਵਰਲੋਡ ਟਿੱਪਰ
Publish Date: Fri, 27 Feb 2026 04:44 PM (IST)
Updated Date: Fri, 27 Feb 2026 04:46 PM (IST)

ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਖ਼ਾਲਸੇ ਦਾ ਤਿਉਹਾਰ ਹੋਲਾ ਮਹੱਲਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ ਪਰ ਸੜਕਾਂ ਤੇ ਓਵਰਲੋਡ ਟਿੱਪਰ ਬਿਨਾਂ ਰੋਕ ਟੋਕ ਤੋਂ ਜਾ ਰਹੇ ਹਨ। ਕਾਬਲੇ ਗੌਰ ਹੈ ਕੀ ਓਵਰਲੋਡ ਟਿੱਪਰਾਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ । ਅੱਜ ਤੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੀ ਸ਼ੁਰੂਆਤ ਹੋ ਗਈ ਹੈ ਸ੍ਰੀ ਕੀਰਤਪੁਰ ਸਾਹਿਬ ਵਿਖੇ 27, 28 ਫਰਵਰੀ ਅਤੇ ਇੱਕ ਮਾਰਚ ਨੂੰ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੋ ਤਿੰਨ ਚਾਰ ਮਾਰਚ ਨੂੰ ਹੋਲੇ ਮਹੱਲੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਟਰੈਕਟਰ ਟਰਾਲੀਆਂ ਉੱਤੇ ਆ ਕੇ ਗੁਰੂ ਘਰਾਂ ਵਿੱਚ ਨਮਸਤਕ ਹੁੰਦੀਆਂ ਹਨ, ਪਰ ਓਵਰਲੋਡ ਟਿੱਪਰਾਂ ਨੂੰ ਰੋਕਣ ਵਿੱਚ ਪ੍ਰਸ਼ਾਸਨ ਅਸਫਲ ਨਜ਼ਰ ਆ ਰਿਹਾ ਹੈ। ਜਿੱਥੇ ਓਵਰਲੋਡ ਟਿੱਪਰ ਹਾਦਸਿਆਂ ਦਾ ਕਾਰਨ ਬਣਦੇ ਹਨ ਉਥੇ ਹੀ ਪਿੱਛੇ ਆ ਰਹੇ ਦੋ ਪਹੀਆ ਵਾਹਨ ਅਤੇ ਕਾਰ ਚਾਲਕਾਂ ਤੇ ਬਜਰੀ ਰੇਤ ਉਡਣ ਨਾਲ ਹਾਦਸੇ ਵਾਪਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਮੁੱਖ ਮਾਰਗ ਤੇ ਇਹਨਾਂ ਓਵਰਲੋਡ ਟਿੱਪਰਾਂ ਕਾਰਨ ਕਈ ਹਾਸੇ ਵਾਪਰ ਚੁੱਕੇ ਹਨ ਅਤੇ ਕਈ ਕੀਮਤੀ ਜਾਨਾ ਜਾ ਚੁੱਕੀਆਂ ਹਨ। ਭਾਵੇਂ ਕੀ ਰੂਪ ਨਗਰ ਪ੍ਰਸ਼ਾਸਨ ਵੱਲੋਂ ਹੋਲੇ ਮਹੱਲੇ ਦੇ ਤਿਉਹਾਰ ਸਬੰਧੀ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤਾ ਜਾ ਰਿਹਾ ਹੈ ਪਰ ਇਹਨਾਂ ਓਵਰਲੋਡ ਟਿੱਪਰ ਚਾਲਕਾਂ ਨੂੰ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਜਾਪਦਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਓਵਰਲੋਡ ਟਿੱਪਰਾਂ ਤੇ ਨਕੇਲ ਕੱਸੀ ਜਾਵੇ ਤਾਂ ਜੋ ਕੋਈ ਵੱਡਾ ਹਾਦਸਾ ਵਾਪਰ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਇਸ ਸਬੰਧੀ ਜਦੋਂ ਥਾਣਾ ਮੁਖੀ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੜਕ ਤੇ ਕਾਨੂੰਨ ਤੋੜਨ ਦੀ ਆਗਿਆ ਕਿਸੇ ਨੂੰ ਵੀ ਨਹੀਂ ਹੈ। ਉਹਨਾਂ ਦੱਸਿਆ ਕਿ ਨਾਕੇਬੰਦੀਆਂ ਕਰਕੇ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਤੇ ਇਹਨਾਂ ਦੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਤੇ ਮੋਟੇ ਚਲਾਨ ਕੀਤੇ ਜਾਂਦੇ ਹਨ।