ਨਜਾਇਜ਼ ਮਾਈਨਿੰਗ ਕਰਦੀਆਂ ਫੜੀਆਂ ਮਸ਼ੀਨਾਂ ਬਣੀਆਂ ਰਹੀਆਂ ਭੇਤ
ਨਜਾਇਜ਼ ਮਾਈਨਿੰਗ ਕਰਦੀਆਂ ਫੜੀਆਂ ਮਸ਼ੀਨਾਂ ਬਣੀਆਂ ਰਹੀਆਂ ਭੇਤ
Publish Date: Thu, 11 Jun 2026 06:31 PM (IST)
Updated Date: Thu, 11 Jun 2026 06:32 PM (IST)

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਬੀਤੇ ਕੱਲ ਕਥਿਤ ਤੌਰ ਤੇ ਨਜਾਇਜ਼ ਮਾਈਨਿੰਗ ਕਰਦੀਆਂ ਫੜੀਆਂ ਗਈਆਂ ਮਸ਼ੀਨਾਂ ਦੀ ਦੇਰ ਰਾਤ ਤੱਕ ਮਾਈਨਿੰਗ ਵਿਭਾਗ ਅਤੇ ਪੁਲਿਸ ਵਿੱਚ ਕਸ਼ਮਕਸ਼ ਚਲਦੀ ਰਹੀ। ਭਾਵੇਂ ਕਿ ਇਹਨਾਂ ਨੂੰ ਬੀਤੀ ਰਾਤ ਤੋਂ ਹੀ ਫੜ ਲਿਆ ਗਿਆ ਸੀ, ਪਰ ਇਹਨਾਂ ਨੂੰ ਥਾਣੇ ਲਿਆਉਣ ਦੀ ਬਜਾਏ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਇਹਨਾਂ ਮਸ਼ੀਨਾਂ ਦੇ ਉੱਪਰ ਸੁਰੱਖਿਆ ਲਗਾ ਦਿੱਤੀ ਗਈ ਹੈ, ਪਰ ਦੇਰ ਸ਼ਾਮ ਤੱਕ ਇਹਨਾਂ ਮਸ਼ੀਨਾਂ ਦੀ ਗਿਣਤੀ ਮੁਕਰੱਰ ਨਹੀਂ ਹੋ ਪਾ ਰਹੀ ਸੀ ਮਾਈਨਿੰਗ ਵਿਭਾਗ ਵੀ ਸਾਰੇ ਮਾਮਲੇ ਤੋਂ ਭਜਦਾ ਨਜ਼ਰ ਆ ਰਿਹਾ ਸੀ ਅਤੇ ਪੁਲਿਸ ਸਾਰਾ ਮਾਮਲਾ ਮਾਈਨਿੰਗ ਵਿਭਾਗ ਉੱਤੇ ਸੁੱਟ ਰਹੀ ਸੀ । ਦੂਸਰੇ ਪਾਸੇ ਪੱਤਰਕਾਰਾਂ ਨੂੰ ਖਬਰਾਂ ਤੋਂ ਰੋਕਣ ਲਈ ਵੀ ਇੱਕ ਟੀਮ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਸੀ ਕਿ ਕਿਸੇ ਤਰ੍ਹਾਂ ਇਹ ਮਾਮਲਾ ਬਾਹਰ ਨਾ ਆਵੇ, ਪਰ ਆਖਰਕਾਰ ਮਾਈਨਿੰਗ ਵਿਭਾਗ ਅਤੇ ਪੁਲਿਸ ਨੂੰ ਇਸ ਤੇ ਕਾਰਵਾਈ ਕਰਨੀ ਹੀ ਪਈ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਜੋ ਮਸ਼ੀਨਾਂ ਨੌ ਤੋਂ ਸੱਤ ਹੋਈਆਂ ਸੱਤ ਤੋਂ ਸ਼ਾਮ ਤੱਕ ਪੰਜ ਹੋਈਆਂ ਤੇ ਆਖਰਕਾਰ ਇੱਕ ਮਸ਼ੀਨ ਤੇ ਪਰਚਾ ਦਰਜ ਕਰ ਦਿੱਤਾ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਵੀ ਕਿਸੇ ਅਣਪਛਾਤੇ ਵਿਅਕਤੀ ਦੇ ਨਾਮ ’ਤੇ। ਲੋਕਾਂ ਵਿੱਚ ਚਰਚਾ ਇਹ ਹੈ ਕਿ ਜਿਹੜੀਆਂ ਮਸ਼ੀਨਾਂ ਦੀ ਕੀਮਤ 75 ਲੱਖ ਰੁਪਏ ਤੋਂ ਇਕ ਕਰੋੜ ਤੱਕ ਹੈ, ਪ੍ਰਸ਼ਾਸਨ ਉਹਨਾਂ ਮਸ਼ੀਨਾਂ ਨੂੰ ਅਣਪਛਾਤੀਆਂ ਮਸ਼ੀਨਾਂ ਦੱਸ ਰਿਹਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਜੇਕਰ ਮਾਈਨਿੰਗ ਦੇ ਨਾਲ ਸੰਬੰਧਿਤ ਦਰਜ ਕੀਤੇ ਗਏ ਮੁਕੱਦਮਿਆਂ ਦੀ ਜਾਂਚ ਕੀਤੀ ਜਾਵੇ ਤਾਂ 80 ਤੋਂ 90 ਫੀਸਦੀ ਮੁਕਦਮੇ ਅਣਪਛਾਤੇ ਵਾਹਨਾਂ ਅਤੇ ਅਣਪਛਾਤੇ ਵਿਅਕਤੀਆਂ ਤੇ ਹੀ ਦਿੱਤੇ ਗਏ ਹਨ । ਕਥਿਤ ਤੌਰ ਤੇ ਇਹਨਾਂ ਵਿੱਚੋਂ ਅੱਜ ਵੀ ਬਹੁਤ ਸਾਰੇ ਮੁਕੱਦਮੇ ਅਣਪਛਾਤੇ ਹੀ ਚੱਲ ਰਹੇ ਹਨ। ਦੂਸਰੇ ਪਾਸੇ ਇਸ ਸਬੰਧੀ ਜਦੋਂ ਐਸਐਚਓ ਨੰਗਲ ਰਣਬੀਰ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਰਾਤ ਸਮੇਂ ਮਸ਼ੀਨਾਂ ਦੀ ਗਿਣਤੀ ਮੁਕਰਰ ਨਹੀਂ ਸੀ, ਪਰ ਸਵੇਰੇ ਜਦੋਂ ਜਾਂਚ ਕੀਤੀ ਗਈ ਤਾਂ ਇਸ ਮਾਮਲੇ ਦੇ ਵਿੱਚ ਇੱਕ ਮਸ਼ੀਨ ਹੀ ਨਜਾਇਜ਼ ਮਾਈਨਿੰਗ ਕਰਦੀ ਪਾਈ ਗਈ । ਉਹਨਾਂ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਜੂਨੀਅਰ ਇੰਜੀਨੀਅਰ ਰਾਜਪਾਲ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਕਾਰਨ ਪੋਕਲੇਨ ਮਸ਼ੀਨ, ਹੰਡੂਈ, ਰੰਗ ਪੀਲਾ ਅਣਪਛਾਤੇ ਡਰਾਈਵਰ ਅਤੇ ਮਾਲਕ ਵਿਰੁੱਧ ਮੁਕਦਮਾ ਨੰਬਰ 109 ਮਿਨਰਲ ਮਾਈਨਿੰਗ ਐਕਟ ਤਹਿਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।