ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਸਮਾਨਤਾ ਤੇ ਭਾਈਚਾਰੇ ਦਾ ਦਿੰਦੀ ਸੰਦੇਸ਼ : ਸੰਤ ਗੁਲਜਾਰੀ ਰਾਮ
ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ : ਸੰਤ ਗੁਲਜਾਰੀ ਰਾਮ
Publish Date: Mon, 09 Feb 2026 05:02 PM (IST)
Updated Date: Tue, 10 Feb 2026 04:03 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਧੰਨ-ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਨੂਰਪੁਰਖ ਖੁਰਦ ਵੱਲੋਂ ਸਲਾਨਾ ਵਿਸ਼ਾਲ ਧਾਰਮਿਕ ਸਮਾਗਮ ਅਤੇ ਸਤਿਸੰਗ ਦਾ ਆਯੋਜਨ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਜੀ ਦੀ ਬਾਣੀ ਤੋਂ ਆਤਮਿਕ ਲਾਭ ਪ੍ਰਾਪਤ ਕੀਤਾ। ਸਮਾਗਮ ਦੌਰਾਨ ਉਚੇਚੇ ਤੌਰ ’ਤੇ ਪਹੁੰਚੇ ਪ੍ਰਸਿੱਧ ਸੰਤ ਗੁਲਜਾਰੀ ਰਾਮ ਜੀ ਨੇ ਸਤਿਸੰਗ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਆਪਣੇ ਪ੍ਰਵਚਨਾਂ ਵਿਚ ਸੰਤ ਗੁਲਜਾਰੀ ਰਾਮ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਮਨੁੱਖਤਾ ਨੂੰ ਸਮਾਨਤਾ, ਭਾਈਚਾਰਕ ਸਾਂਝ ਅਤੇ ਪ੍ਰੇਮ ਦਾ ਪਾਠ ਪੜ੍ਹਾਉਂਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਨੇ ਜਾਤ-ਪਾਤ, ਉੱਚ-ਨੀਚ ਅਤੇ ਭੇਦਭਾਵ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਕੇ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ। ਸੰਤ ਗੁਲਜਾਰੀ ਰਾਮ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿਚ ਹੋਰ ਵੀ ਜ਼ਿਆਦਾ ਪ੍ਰਸੰਗਿਕ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਜੀ ਦੀ ਬਾਣੀ ਨੂੰ ਆਪਣੇ ਜੀਵਨ ਵਿਚ ਅਪਣਾਇਆ ਜਾਵੇ ਅਤੇ ਸੱਚ, ਸੇਵਾ ’ਤੇ ਨਿਮਰਤਾ ਦੇ ਮਾਰਗ ’ਤੇ ਚਲ ਕੇ ਸਮਾਜ ਦੀ ਭਲਾਈ ਲਈ ਯੋਗਦਾਨ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਆਪਸੀ ਏਕਤਾ ਅਤੇ ਭਾਈਚਾਰਾ ਹੀ ਇੱਕ ਸੁੰਦਰ ਅਤੇ ਸਸ਼ਕਤ ਸਮਾਜ ਦੀ ਨੀਂਹ ਹੁੰਦਾ ਹੈ। ਸਮਾਗਮ ਦੌਰਾਨ ਕੀਰਤਨ, ਭਜਨਾਂ ਅਤੇ ਗੁਰਬਾਣੀ ਵਿਚਾਰਾਂ ਰਾਹੀਂ ਪੂਰਾ ਮਾਹੌਲ ਆਧਿਆਤਮਿਕ ਬਣਿਆ ਰਿਹਾ। ਅੰਤ ਵਿਚ ਆਰਤੀ ਉਪਰੰਤ ਸੰਗਤਾਂ ਲਈ ਗੁਰੂ ਕਾ ਲੰਗਰ ਵਰਤਾਇਆ ਗਿਆ, ਜੋ ਦੇਰ ਸ਼ਾਮ ਤੱਕ ਅਤੁੱਟ ਚੱਲਦਾ ਰਿਹਾ। ਲੰਗਰ ਵਿਚ ਹਰ ਵਰਗ ਦੇ ਲੋਕਾਂ ਨੇ ਬਰਾਬਰੀ ਨਾਲ ਬੈਠ ਕੇ ਪ੍ਰਸ਼ਾਦ ਛਕਿਆ। ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ’ਤੇ ਚਲਣ ਦਾ ਸੰਕਲਪ ਦੁਹਰਾਇਆ ਗਿਆ। ਇਸ ਮੌਕੇ ਮਨੋਹਰ ਲਾਲ, ਠੇਕੇਦਾਰ ਧੰਨਰਾਜ, ਪਰਮਜੀਤ ਸਿੰਘ , ਹਰਜਿੰਦਰ ਚੰਦ , ਸਤਨਾਮ ਸਿੰਘ , ਸੁਰਿੰਦਰ ਕੁਮਾਰ , ਲੇਖਰਾਜ ’ਤੇ ਰਾਜ ਕੁਮਾਰ ਅਤੇ ਹੋਰ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ।