ਭਗਤੀ ’ਤੇ ਚਮਤਕਾਰਾਂ ਦਾ ਪ੍ਰਤੀਕ ਇਤਿਹਾਸਕ ਸ਼ਿਵ ਮੰਦਿਰ ਜਟਵਾਹੜ੍ਹ
ਪਾਂਡਵ ਕਾਲ ਦੇ ਅਵਸ਼ੇਸ਼ਾਂ ਤੋਂ ਜਾਗਿਆ ਭਗਤੀ ’ਤੇ ਚਮਤਕਾਰਾਂ ਦਾ ਪ੍ਰਤੀਕ ਇਤਿਹਾਸਕਿ ਸ਼ਿਵ ਮੰਦਿਰ ਜਟਵਾਹੜ੍ਹ
Publish Date: Sat, 14 Feb 2026 04:35 PM (IST)
Updated Date: Sun, 15 Feb 2026 04:03 AM (IST)

ਸ਼ਰਧਾ ਦੇ ਧਾਮ ਲੋਗੋ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਜਿੱਥੇ ਆਮ ਮਿੱਟੀ ਹੋਵੇ, ਓਥੇ ਪੈਰ ਪੈ ਜਾਂਦੇ ਹਨ, ਪਰ ਜਿੱਥੇ ਵਿਸ਼ਵਾਸ ਦੀ ਮਿੱਟੀ ਹੋਵੇ, ਉੱਥੇ ਪੈਰ ਨਹੀਂ, ਦਿਲ ਝੁਕ ਜਾਂਦੇ ਹਨ। ਐਸਾ ਹੀ ਇੱਕ ਧਰਤੀ ਦਾ ਟੁਕੜਾ ਹੈ ਰੂਪਨਗਰ ਜ਼ਿਲ੍ਹੇ ਦੇ ਪਿੰਡ ਜਟਵਾਹੜ੍ਹ ਦੀ ਉਹ ਪਹਾੜੀ, ਜਿੱਥੇ ਸਦੀਆਂ ਤੋਂ ਮਿੱਟੀ ਦੀ ਛਾਤੀ ਹੇਠ ਰੁਹਾਨੀ ਇਤਿਹਾਸ ਚੁੱਪ ਚਾਪ ਸੋ ਰਿਹਾ ਸੀ।ਇਹ ਮਿੱਟੀ ਤਾਂ ਸਾਦੀ ਸੀ, ਪਰ ਜਦ ਸੁਪਨੇ ਰੂਹਾਨੀ ਹੋਣ, ਤਾਂ ਉਹ ਮਿੱਟੀ ਵੀ ਬੋਲ ਪੈਂਦੀ ਹੈ।ਰੂਪਨਗਰ ਜ਼ਿਲ੍ਹੇ ਦੇ ਬਲਾਕ ਨੂਰਪੁਰਬੇਦੀ ’ਚ ਪੈਂਦੇ ਪਿੰਡ ਜਟਵਾਹੜ ਦੇ ਜੰਗਲਾਂ ਵਿਚ ਘਿਰੀ ਇੱਕ ਛੋਟੀ ਪਰ ਪਵਿੱਤਰ ਪਹਾੜੀ ਉੱਤੇ ਸਥਿਤ ਸ਼੍ਰੀ ਜਟੇਸ਼ਵਰ ਮਹਾਦੇਵ ਮੰਦਰ ਇੱਕ ਐਸਾ ਰੂਹਾਨੀ ਤੀਰਥ ਬਣ ਚੁੱਕਾ ਹੈ, ਜਿੱਥੇ ਵਿਸ਼ਵਾਸ, ਇਤਿਹਾਸ, ਭਗਤੀ ਅਤੇ ਚਮਤਕਾਰ ਇੱਕ ਦੂਜੇ ਨੂੰ ਛੁਹਦੇ ਹਨ। ਇਹ ਥਾਂ ਸਿਰਫ਼ ਇਕ ਮੰਦਰ ਨਹੀਂ, ਸਗੋਂ ਪ੍ਰਾਚੀਨ ਸੰਸਕ੍ਰਿਤੀ ਅਤੇ ਲੋਕ ਆਸਥਾ ਦਾ ਗਵਾਹ ਹੈ। ਅਣਜਾਣੀ ਧਰਤੀ ਹੇਠਲੀ ਸੱਚਾਈ ਇਸ ਮੰਦਰ ਦੀ ਸਥਾਪਨਾ ਕਦੋਂ ਹੋਈ, ਇਸ ਬਾਰੇ ਕੋਈ ਲਿਖਤ ਸਬੂਤ ਉਪਲਬਧ ਨਹੀਂ। ਪਰ ਖੁਦਾਈ ਦੌਰਾਨ ਮਿਲੇ ਪਾਂਡਵ ਯੁੱਗ ਦੇ ਅਵਸ਼ੇਸ਼ ਅਤੇ ਉਨ੍ਹਾਂ ਉੱਤੇ ਉੱਕਰੀ ਗਈ ਕਲਾ, ਇਸ ਮੰਦਰ ਦੀ ਪ੍ਰਾਚੀਨਤਾ ਨੂੰ ਸਿਧ ਕਰਦੇ ਹਨ। ਇਹ ਇਲਾਕਾ ਲਗਭਗ 190 ਸਾਲ ਤੋਂ ਵੀ ਪਹਿਲਾਂ ਤੱਕ ਬਿਲਕੁਲ ਜੰਗਲਾਤੀ, ਬਸਤੀ ਤੋਂ ਰਹਿਤ ਅਤੇ ਬਿਹੜ ਰੂਪ ਵਿਚ ਸੀ।ਸਾਲ 1830 ਤੱਕ ਇਸ ਥਾਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਤਖਤਗੜ੍ਹ ਪਿੰਡ ਵਿਚ ਚੰਦਨ ਵੰਸ਼ ਦੇ ਪ੍ਰਸਿੱਧ ਪੰਡਿਤ ਜੈ ਦਿਆਲ ਜੀ, ਜੋ ਸੰਸਕ੍ਰਿਤ ਦੇ ਮਹਾਨ ਵਿਦਵਾਨ, ਜੋਤਿਸ਼ਅਚਾਰਿਆ ਅਤੇ ਕਰਮਕਾਂਡੀ ਵਿਦਵਾਨ ਸਨ। ਉਨ੍ਹਾਂ ਦੀ ਲੋਕਾਂ ਵਿਚ ਦੂਰ ਦੂਰ ਤੱਕ ਮਹਾਨ ਸਨਮਾਨਤਾ ਸੀ। ਰਾਜ ਮਹਲਾਂ ਤੋਂ ਲੈ ਕੇ ਗਰੀਬਾਂ ਦੀਆਂ ਝੁੱਗੀਆਂ ਤੱਕ ਉਹ ਭਰੋਸੇਯੋਗ ਮਾਨੇ ਜਾਂਦੇ ਸਨ। ਉਨ੍ਹਾਂ ਦਾ ਇੱਕ ਮੁੱਖ ਸ਼ਿਸ਼ ਨਿੱਕੂ ਰਾਮ, ਜੋ ਕਿ ਇੱਥੋਂ ਦੇ ਹੀ ਨਜਦੀਕੀ ਝਾਂਡੀਆਂ ਪਿੰਡ ਦਾ ਰਿਹਾਇਸ਼ੀ ਸੀ, ਕੁਸ਼ਟ ਰੋਗ ਨਾਲ ਪੀੜਤ ਹੋ ਗਿਆ। ਬੀਮਾਰੀ ਦੇ ਗੰਭੀਰ ਰੂਪ ਤੋਂ ਤੰਗ ਆ ਕੇ ਉਸਨੇ ਗੰਗਾ ਵਿਚ ਜਲ ਸਮਾਧੀ ਲੈਣ ਦਾ ਫੈਸਲਾ ਕਰ ਲਿਆ। ਪਰ ਪੰਡਿਤ ਜੀ, ਜੋ ਸ਼ਿਵ ਭਗਤ ਸਨ, ਨੇ ਉਨ੍ਹਾਂ ਨੂੰ ਆਤਮਹਤਿਆ ਤੋਂ ਰੋਕਿਆ ਅਤੇ ਸ਼ਿਵ ਭਗਤੀ ਰਾਹੀਂ ਉਪਚਾਰ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੇ ਉਹ ਓਮ ਨਮ੍ਹ: ਸ਼ਿਵਾਏ” ਮੰਤ੍ਰ ਦਾ ਜਾਪ ਕਰੇ ਅਤੇ ਭਗਵਾਨ ਸ਼ਿਵਲਿੰਗ ਦੀ ਸਾਧਨਾ ਕਰੇ, ਤਾਂ ਇਸਦਾ ਇਲਾਜ ਸੰਭਵ ਹੈ। ਪਰ ਨਿੱਕੂ ਰਾਮ ਨੂੰ ਲਗਾ ਕਿ ਨੇੜੇ ਕਿਤੇ ਕੋਈ ਵੀ ਸ਼ਿਵ ਮੰਦਰ ਨਹੀਂ, ਫਿਰ ਪੂਜਾ ਕਿੱਥੇ ਹੋਵੇ? ਇਹੀ ਸੋਚਦੇ ਹੋਏ ਪੰਡਿਤ ਜੀ ਅਤੇ ਨਿੱਕੂ ਰਾਮ ਦੋਵੇਂ ਇੱਕੋ ਰਾਤ ਸੁਪਨਾ ਵੇਖਦੇ ਹਨ, ਜਿਸ ਵਿਚ ਉਨ੍ਹਾਂ ਨੂੰ ਇੱਕ ਥਾਂ ਦਰਸ਼ਨ ਹੁੰਦੇ ਹਨ। ਉਨ੍ਹਾਂ ਦੇ ਸੁਪਨੇ ਦੇ ਥਾਂ ਇਕੋ ਜਿਹੇ ਸਨ। ਨਿੱਕੂ ਰਾਮ ਨੂੰ ਯਾਦ ਆਉਂਦਾ ਹੈ ਕਿ ਇਹ ਤਾਂ ਉਹੀ ਥਾ ਹੈ, ਜਿੱਥੇ ਉਹ ਜਦ ਉਹ ਗਾਂ ਚਰਾਉਂਦਾ ਸੀ, ਤਾਂ ਇੱਕ ਵਿਸ਼ੇਸ਼ ਥਾਂ ਉੱਤੇ ਗਾਂ ਆਪਣੇ ਆਪ ਹੀ ਦੁੱਧ ਛੱਡ ਦਿੰਦੀ ਸੀ। ਪੰਡਿਤ ਜੀ ਨੂੰ ਇਹ ਸੰਕੇਤ ਲਗਦਾ ਹੈ ਕਿ ਇਹ ਥਾਂ ਭਗਵਾਨ ਸ਼ਿਵ ਦੀ ਹੋਂਦ ਦਾ ਹੀ ਪ੍ਰਮਾਣ ਹੋ ਸਕਦੀ ਹੈ। ਖੁਦਾਈ ਵਿਚ ਮਿਲਿਆ ਰੁਹਾਨੀ ਇਤਿਹਾਸ ਦੋਵਾਂ ਨੇ ਓਸ ਥਾਂ ਦੀ ਭਾਲ ਕੀਤੀ ਅਤੇ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ, ਓਹ ਥਾਂ ਲੱਭ ਲੀ। ਪੰਡਿਤ ਜੀ ਨੇ ਇੱਥੇ ਜਮੀਨ ਖੁਦਾਈ ਦੀ ਸ਼ੁਰੂਆਤ ਕਰਵਾਈ। ਤਿੰਨ ਮਹੀਨੇ ਦੀ ਖੋਦਾਈ ਦੌਰਾਨ ਮੰਦਰ ਦੇ ਅੰਸ ਜਿਸ ਚ ਗੁੰਬਦ ਅਤੇ ਚਾਰ ਕਲਾਤਮਕ ਸਤੰਭ ਸਾਹਮਣੇ ਆ ਗਏ।(ਇਹ ਅੰਸ ਅੱਜ ਵੀ ਉਸੇ ਰੂਪ ’ਚ ਮੰਦਿਰ ’ਚ ਸੰਭਾਲਕੇ ਰੱੱਖੇ ਗਏ ਹਨ)। ਇਨ੍ਹਾਂ ਅਵਸ਼ੇਸ਼ਾ ਦੀ ਪ੍ਰਾਪਤੀ ਤੋਂ ਬਾਅਦ ਲੋਕ ਖੁਸ਼ ਹੋ ਗਏ ’ਤੇ ਸੱਭ ਪਾਸੇ ਹਰ ਹਰ ਮਹਾਂਦੇਵ ਦੇ ਜੈਕਾਰੇ ਲੱਗਣੇ ਸ਼ੁਰੂ ਹੋਏ। ਖੁਦਾਈ ਕਰਦੇ ਸਮੇਂ ਇਕ ਦਿਨ ਜਦ ਇੱਕ ਔਜ਼ਾਰ ਸ਼ਿਵ ਪਿੰਡੀ ਤੇ ਜਾ ਲੱਗਾ, ਤਾਂ ਓਥੋਂ ਖੁਨ ਦੀ ਧਾਰਾ ਵਗਣ ਲੱਗੀ। ਇਹ ਦੇਖਕੇ ਲੋਕ ਹੈਰਾਨੀ ਵਿਚ ਪੈਕੇ ਡਰ ਗਏ। ਪਰੰਤੂ ਇਹ ਖੁਨ ਦੀ ਧਾਰਾ ਕੁਝ ਸਮੇਂ ਬਾਅਦ ਰੁਕ ਗਈ, ਪਰ ਲੋਕਾਂ ਨੇ ਮਹਿਸੂਸ ਕੀਤਾ ਕਿ ਇਸ ਥਾਂ ’ਤੇ ਕੋਈ ਅਲੋਕਿਕ ਤੇ ਅਦ੍ਰਿਸ਼ ਸ਼ਕਤੀ ਦਾ ਵਾਸ ਹੈ।ਜਦੋਂ ਹੋਲੀ ਹੋਲੀ ਮਿੱਟੀ ਤੇ ਪੱਥਰਾਂ ਨੂੰ ਹਟਾਇਆ ਗਿਆ ਤਾਂ ਪੂਰਾ ਸ਼ਿਵਲਿੰਗ ਜਲਹਰੀ ਸਮੇਤ ਸਾਹਮਣੇ ਆਇਆ, ਤਾਂ ਲੋਕ ਉਤਸ਼ਾਹ ਨਾਲ ਭਰ ਗਏ। “ਹਰ ਹਰ ਮਹਾਦੇਵ” ਦੇ ਗੂੰਜਦਾਰ ਜੈਕਾਰਿਆਂ ਨਾਲ ਆਸਮਾਨ ਵੀ ਕੰਬ ਉਠਿਆ। ਪੰਡਿਤ ਜੀ ਨੇ ਸੋਚਿਆ ਕਿ ਸ਼ਿਵਲਿੰਗ ਨੂੰ ਤਖਤਗੜ੍ਹ ਲੈ ਜਾ ਕੇ ਓਥੇ ਪੂਜਾ ਕਰੀਏ, ਪਰ ਅਦ੍ਰਿਸ਼ ਆਵਾਜ਼ ਰਾਹੀਂ ਸ਼ਿਵ ਜੀ ਨੇ ਚੇਤਾਵਨੀ ਦਿੱਤੀ ਕਿ ਇਹ ਥਾਂ ਛੱਡਣ ਯੋਗ ਨਹੀਂ। ਪੰਡਿਤ ਜੀ ਅਤੇ ਨਿੱਕੂ ਰਾਮ ਨੇ ਨਿੱਤ ਨਿਯਮ ਓਥੇ ਹੀ ਪੂਜਾ ਕਰਨੀ ਸ਼ੁਰੂ ਕੀਤੀ। ਚਮਤਕਾਰ ਤਦ ਹੋਇਆ ਜਦ ਨਿੱਕੂ ਰਾਮ ਦੀ ਭਗਤੀ ਨੇ ਕੁਸ਼ਟ ਰੋਗ ਨੂੰ ਵੀ ਮਾਤ ਦੇ ਦਿੱਤਾ। ਕੁਝ ਸਮੇਂ ਵਿਚ ਹੀ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਿਆ। ਪੰਡਿਤ ਜੈ ਦਿਆਲ ਜੀ ਦੇ ਸੰਸਾਰ ਛੱਡਣ ਮਗਰੋਂ, ਉਨ੍ਹਾਂ ਦੇ ਭਰਾ ਪੰਡਿਤ ਲਾਲ ਜੀ ਨੇ ਇਹ ਸੇਵਾ ਸੰਭਾਲੀ। ਉਨ੍ਹਾਂ ਦੇ ਪੁੱਤਰ ਦਾਤਾ ਰਾਮ ਅਤੇ ਰਾਮ ਰੱਖਾ ਨੇ ਵੀ ਇਹ ਸੇਵਾ ਨਿਭਾਈ। ਅੱਜ ਇਹ ਕੰਮ ੳਨ੍ਹਾਂ ਦੇ ਹੀ ਪਰਿਵਾਰਕ ਮੈਂਬਰਾਂ ਦੁਆਰਾ ਬਣਾਈ ਗਈ ਪ੍ਰਬੰਧਕ ਕਮੇਟੀ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਮੰਦਰ ਵਿਚ ਅੱਜ ਤੱਕ 100 ਤੋਂ ਵੱਧ ਕਮਰੇ, ਵਿਸ਼ਾਲ ਰਸੋਈ, ਭਾਵਨਾਤਮਕ ਹਾਲ ਅਤੇ ਯਾਤਰੀਆਂ ਦੀ ਸੁਵਿਧਾ ਲਈ ਪਖਾਨਾ ਬਲਾਕ ਤਿਆਰ ਕੀਤਾ ਗਿਆ ਹੈ। ਹੋਰ ਵੀ ਕਈ ਯੋਜਨਾਵਾਂ ਉੱਤੇ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ। ਸਾਵਣ ਅਤੇ ਸ਼ਿਵਰਾਤਰੀ ਦਾ ਰੁਹਾਨੀ ਰੰਗ ਸਾਵਣ ਦੇ ਮਹੀਨੇ ਅਤੇ ਸ਼ਿਵਰਾਤਰੀ ਦੇ ਦਿਨ ਇੱਥੇ ਵਿਸ਼ਾਲ ਮੇਲਾ ਲੱਗਦਾ ਹੈ। ਦੂਰ-ਦੂਰੋਂ ਸ਼ਰਧਾਲੂ ਸ਼ਿਵਲਿੰਗ ਉੱਤੇ ਜਲ ਚੜ੍ਹਾਉਣ ਆਉਂਦੇ ਹਨ। ਇਹ ਮੰਦਰ ਅੱਜ ਲੱਖਾਂ ਸੰਗਤਾਂ ਦੀ ਆਸਥਾ ਦਾ ਕੇਂਦਰ ਬਣ ਚੁੱਕਾ ਹੈ। ਇਸ ਦੀ ਇਤਿਹਾਸਕਤਾ ਦੇ ਪੁਰਾਤੱਤਵ ਵਿਭਾਗ ਕੋਲ ਵੀ ਪ੍ਰਮਾਣ ਮੌਜੂਦ ਹਨ ਜੋ ਇਸਦੀ ਵਿਲੱਖਣਤਾ ਨੂੰ ਰਾਸ਼ਟਰੀ ਪੱਧਰ ਤੇ ਦਰਸਾਉਂਦੇ ਹਨ।