ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ ਦੇ ਪਹਿਲੇ ਪੜਾਅ ਦੀ ਹੋਈ ਸ਼ੁਰੂਆਤ
ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਤਿਉਹਾਰ
Publish Date: Fri, 27 Feb 2026 04:56 PM (IST)
Updated Date: Fri, 27 Feb 2026 04:58 PM (IST)

ਰਹੁ-ਰੀਤਾਂ ਅਨੁਸਾਰ ਤਿਉਹਾਰ ’ਚ ਸ਼ਮੂਲੀਅਤ ਕਰ ਕੇ ਗੁਰਬਾਣੀ ਨਾਲ ਜੁੜਨ ਨੌਜਵਾਨ : ਧਾਮੀ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤੀ ਗਈ। ਇਸ ਕੌਮੀ ਤਿਉਹਾਰ ਦੀ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਜੋਗਿੰਦਰ ਸਿੰਘ ਜੀ ਵੱਲੋਂ ਕੀਤੀ ਗਈ, ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਅਤੇ “ਬੋਲੇ ਸੋ ਨਿਹਾਲ… ਸਤਿ ਸ੍ਰੀ ਅਕਾਲ” ਦੇ ਗੂੰਜਦੇ ਜੈਕਾਰਿਆਂ ਨਾਲ ਇਸ ਕੌਮੀ ਤਿਉਹਾਰ ਦੀ ਆਰੰਭਤਾ ਕੀਤੀ ਗਈ। ਹੋਲਾ ਮਹੱਲਾ ਸਿੱਖਾਂ ਦਾ ਛੇ ਰੋਜ਼ਾ ਕੌਮੀ ਤਿਉਹਾਰ ਹੈ, ਜਿਸ ਦਾ ਪਹਿਲਾ ਤਿੰਨ ਦਿਨਾਂ ਪੜਾਅ ਇਤਿਹਾਸਿਕ ਧਰਤੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਦੂਜਾ ਪੜਾਅ ਖਾਲਸੇ ਦੀ ਜਨਮਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਇਨ੍ਹਾਂ ਪਵਿੱਤਰ ਅਸਥਾਨਾਂ ਉੱਤੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਇਸ ਕੌਮੀ ਤਿਉਹਾਰ ਦੇ ਮੌਕੇ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਸਾਹਿਬਾਨ ਵਿੱਚ ਧਾਰਮਿਕ ਦੀਵਾਨ ਸਜਾਏ ਜਾ ਰਹੇ ਹਨ, ਜਿੱਥੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਅਤੇ ਢਾਡੀ ਜਥਿਆਂ ਵੱਲੋਂ ਖਾਲਸਾਈ ਵਿਰਸੇ ਨਾਲ ਸੰਬੰਧਿਤ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਸੰਗਤਾਂ ਵੱਡੀ ਸ਼ਰਧਾ ਨਾਲ ਗੁਰੂ ਘਰਾਂ ਵਿੱਚ ਮੱਥਾ ਟੇਕ ਰਹੀਆਂ ਹਨ ਅਤੇ ਗੁਰੂ ਦੀ ਬਾਣੀ ਨਾਲ ਜੁੜ ਰਹੀਆਂ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਤੇ ਵਿਦੇਸ਼ਾਂ ਤੋਂ ਆਈ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਵੀ ਸੇਵਾ ਦੀ ਸੁੰਦਰ ਪਰੰਪਰਾ ਨਿਭਾਈ ਜਾ ਰਹੀ ਹੈ। ਵੱਖ-ਵੱਖ ਥਾਵਾਂ ’ਤੇ ਆਏ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਵਿਸ਼ਾਲ ਲੰਗਰ ਲਗਾਏ ਗਏ ਹਨ, ਜਿੱਥੇ ਦਿਨ-ਰਾਤ ਲੰਗਰਾਂ ਦੀ ਅਟੁੱਟ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਚਾਹ, ਦੁੱਧ, ਪਕੌੜੇ,ਜਲੇਬੀ, ਕੜਾਹ ਪ੍ਰਸਾਦ ਅਤੇ ਹੋਰ ਪ੍ਰਸਾਦੀ ਭੋਜਨ ਵੱਡੇ ਪੱਧਰ ’ਤੇ ਵਰਤਾਏ ਜਾ ਰਹੇ ਹਨ। ਸੰਗਤਾਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਰਹਿਣ-ਸਹਿਣ, ਸਫਾਈ, ਪਾਣੀ, ਸੁਰੱਖਿਆ ਅਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਦੂਰੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਪਵਿੱਤਰ ਤਿਉਹਾਰ ਮੌਕੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਮੂਹ ਸੰਗਤਾਂ ਨੂੰ ਦਸਮੇਸ਼ ਪਿਤਾ ਵੱਲੋਂ ਬਖਸ਼ੇ ਇਸ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਗਈਆਂ, ਉਹਨਾਂ ਕਿਹਾ ਕਿ ਦਸ਼ਮੇਸ਼ ਪਿਤਾ ਵੱਲੋਂ ਇਸ ਤਿਉਹਾਰ ਦੇ ਰੂਪ ਵਿੱਚ ਸਿੱਖਾਂ ਉੱਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਲਗੀਧਰ ਦਸ਼ਮੇਸ਼ ਪਿਤਾ ਵੱਲੋਂ ਸਿੱਖ ਪੰਥ ਨੂੰ ਹੋਲਾ ਮਹੱਲਾ ਮਨਾਉਣ ਦਾ ਆਦੇਸ਼ ਦਿੱਤਾ ਗਿਆ ਹੈ । ਉਹਨਾਂ ਕਿਹਾ ਕਿ ਇਸ ਪਵਿੱਤਰ ਤਿਉਹਾਰ ਮੌਕੇ ਦੇਸ਼ ਵਿਦੇਸ ਵਿੱਚ ਵਸਦੇ ਸਮੂਹ ਖਾਲਸਾ ਪੰਥ ਅਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਜਨਮਭੂਮੀ ਉੱਤੇ ਨਤਮਸਤਕ ਹੋਈਏ , ਉਹਨਾਂ ਕਿਹਾ ਕਿ ਇਸ ਤਿਉਹਾਰ ਮੌਕੇ ਸੰਗਤਾਂ ਵਿੱਚ ਇਨਾਂ ਜਿਆਦਾ ਉਤਸ਼ਾਹ ਹੁੰਦਾ ਹੈ ਕਿ 15 ਦਿਨ ਪਹਿਲਾਂ ਹੀ ਗੁਰੂ ਘਰਾਂ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਤਿਉਹਾਰ ਦੀ ਸਮਾਪਤੀ ਦੇ ਉਪਰੰਤ ਬਹੁਤ ਦਿਨ ਬਾਅਦ ਤੱਕ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਉੱਤੇ ਨਤਮਸਤਕ ਹੋਣ ਲਈ ਪਹੁੰਚਦੀਆਂ ਰਹਿੰਦੀਆਂ ਹਨ, ਸਮਾਗਮਾ ਸਬੰਧੀ ਜਾਣਕਾਰੀ ਦਿੰਦਿਆ ਉਹਨਾਂ ਨੇ ਦੱਸਿਆ ਕਿ ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ ਹੈ ਅਤੇ 1 ਮਾਰਚ ਨੂੰ ਭੋਗ ਉਪਰੰਤ ਪਹਿਲੇ ਪੜਾਅ ਦੀ ਸਮਾਪਤੀ ਹੋਵੇਗੀ ਅਤੇ ਉਸ ਤੋਂ ਬਾਅਦ 2 ਫਰਵਰੀ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇਸ ਕੌਮੀ ਤਿਉਹਾਰ ਦੇ ਦੂਜੇ ਪੜਾਅ ਦੀ ਆਰੰਭਤਾ ਕੀਤੀ ਜਾਵੇਗੀ ਅਤੇ ਮਿਤੀ 4 ਫਰਵਰੀ ਨੂੰ ਅੰਮ੍ਰਿਤ ਵੇਲੇ ਭੋਗ ਪਾ ਕੇ ਮਹੱਲਾ ਸਜਾਇਆ ਜਾਵੇਗਾ ਇਸ ਮੌਕੇ ਪ੍ਰਧਾਨ ਵੱਲੋ ਇਸ ਪਵਿੱਤਰ ਤਿਉਹਾਰ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਰਹੁ ਰੀਤਾਂ ਦੇ ਵਿੱਚ ਰਹਿ ਕੇ ਇਸ ਪਵਿੱਤਰ ਤਿਉਹਾਰ ਵਿੱਚ ਸ਼ਮੂਲੀਅਤ ਕੀਤੀ ਜਾਵੇ ਉਹਨਾਂ ਕਿਹਾ ਕਿ ਇਸ ਮੌਕੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ ਅਤੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਪਵਿੱਤਰ ਤਿਉਹਾਰ ਮੌਕੇ ਔਰ ਸਮੇਂ ਵੱਡੇ ਵੱਡੇ ਸਪੀਕਰਾਂ ਵਿੱਚ ਲੋਕ ਗਾਇਕਾਂ ਦੇ ਗੀਤਾ ਨੂੰ ਨਾ ਲਗਾ ਕੇ ਸਗੋਂ ਗੁਰਬਾਣੀ ਕੀਰਤਨ, ਕਥਾ ,ਕਵੀਸ਼ਰੀ ਅਤੇ ਢਾਡੀ ਵਾਰਾਂ ਲਗਾ ਕੇ ਅਤੇ ਧੀਮੀ ਆਵਾਜ਼ ਵਿੱਚ ਲਗਾ ਕੇ ਹੀ ਇਸ ਤਿਉਹਾਰ ਮੌਕੇ ਸ਼ਮੂਲੀਅਤ ਕੀਤੀ ਜਾਵੇ , ਉਹਨਾਂ ਕਿਹਾ ਕਿ ਲੋਕਾਂ ਵਿੱਚ ਇਹ ਸੁਨੇਹਾ ਨਾ ਜਾਵੇ ਕਿ ਸਿੱਖ ਪੰਥ ਇੱਕ ਮੇਲਾ ਮਨਾਉਣ ਜਾ ਰਿਹਾ ਹੈ ਸਗੋਂ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਇਸ ਪਵਿੱਤਰ ਤਿਉਹਾਰ ਮੌਕੇ ਆਈਆਂ ਸੰਗਤਾਂ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਲਈ ਜਾ ਰਹੀਆਂ ਹਨ , ਉਹਨਾਂ ਇਸ ਮੌਕੇ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਧੀਰਜ ਅਤੇ ਸਹਿਜ ਨਾਲ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ, ਇਸ ਮੌਕੇ ਉਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਵਾਲੇ ਬਣੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਮੌਕੇ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਕੁਲਵੰਤ ਸਿੰਘ, ਬਾਬਾ ਤੇਗ ਸਿੰਘ ਧਨੋਲਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ,ਭਾਈ ਅਮਰਜੀਤ ਸਿੰਘ ਚਾਵਲਾ ਮੈਂਬਰ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ, ਮੈਨੇਜਰ ਮਲਕੀਤ ਸਿੰਘ ਗੁਰਦੁਆਰਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਮੈਨੇਜਰ ਅਮਰਜੀਤ ਸਿੰਘ ਜਿੰਦਵੜੀ, ਮੈਨੇਜਰ ਹਰਦੇਵ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ,