ਸਾਨੂੰ ਸਤਿਗੁਰ ਰਵਿਦਾਸ ਦੀ ਭਗਤੀ ਤੋਂ ਸੇਧ ਲੈਣ ਦੀ ਲੋੜ : ਗੌਰਵ ਰਾਣਾ
ਸੰਤ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਉਤਸਵ ਸ਼ਰਧਾ ’ਤੇ ਉਤਸ਼ਾਹ ਨਾਲ ਮਨਾਇਆ ਗਿਆ
Publish Date: Sun, 01 Feb 2026 05:27 PM (IST)
Updated Date: Mon, 02 Feb 2026 04:08 AM (IST)

ਸੰਤ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਉਤਸਵ ਸ਼ਰਧਾ ’ਤੇ ਉਤਸ਼ਾਹ ਨਾਲ ਮਨਾਇਆ ਗਿਆ ਪਵਨ ਕੁਮਾਰ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਸਮਾਜਿਕ ਸਮਾਨਤਾ, ਮਨੁੱਖਤਾ ਤੇ ਸੱਚੀ ਭਗਤੀ ਦੇ ਮਹਾਨ ਪ੍ਰਤੀਕ ਸੰਤ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਉਤਸਵ ਅੱਜ ਪੂਰੇ ਪੰਜਾਬ ਸਮੇਤ ਨੂਰਪੁਰ ਬੇਦੀ ਇਲਾਕੇ ਵਿਚ ਬੇਹੱਦ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿਚ ਮਨਾਇਆ ਗਿਆ। ਇਸ ਪਾਵਨ ਅਵਸਰ ‘ਤੇ ਸੰਤ ਰਵਿਦਾਸ ਧਾਮ ਧਰਮਸ਼ਾਲਾ ਪਿੰਡ ਸੈਣੀ ਮਾਜਰਾ, ਤੇ ਆਜ਼ਮਪੁਰ ਸਮੇਤ ਵੱਖ-ਵੱਖ ਸਥਾਨਾਂ ‘ਤੇ ਸ਼ਰਧਾ ਭਾਵਨਾ ਨਾਲ ਅੰਮ੍ਰਿਤਮਈ ਬਾਣੀ ਦੇ ਭੋਗ ਪਾਏ ਗਏ। ਸਵੇਰ ਤੋਂ ਹੀ ਗੁਰੂ ਰਵਿਦਾਸ ਮੰਦਿਰਾਂ ਵਿਚ ਸੰਗਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਪੰਜਾਬ ਮੋਰਚਾ ਦੇ ਕਨਵੀਨਰ ਅਤੇ ਪ੍ਰਸਿੱਧ ਸਮਾਜ ਸੇਵੀ ਗੌਰਵ ਰਾਣਾ ਨੇ ਇਸ ਮੌਕੇ ਕਿਹਾ ਕਿ ਸੰਤ ਗੁਰੂ ਰਵਿਦਾਸ ਜੀ ਮਹਾਰਾਜ ਨੇ ਸੱਚੀ ਭਗਤੀ ਅਤੇ ਆਤਮਿਕ ਪਵਿਤਰਤਾ ਦੇ ਜ਼ਰੀਏ ਸਮਾਜ ਨੂੰ ਸੱਚ ਦਾ ਰਾਹ ਦਿਖਾਇਆ। ਇਸ ਮੌਕੇ ਗੁਰੂ ਰਵਿਦਾਸ ਮੰਦਿਰਾਂ ਵਿਚ ਵਿਸ਼ੇਸ਼ ਸਤਿਸੰਗ, ਸ਼ਬਦ ਕੀਰਤਨ ਤੇ ਅੰਮ੍ਰਿਤਬਾਣੀ ਦੇ ਪਾਠ ਕਰਵਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕੱਲੇ ਇਲਾਕੇ ਵਿੱਚ ਹੀ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਗੁਰੂ ਜੀ ਦੀ ਬਾਣੀ ਤੋਂ ਪ੍ਰੇਰਣਾ ਲਈ। ਪ੍ਰਕਾਸ਼ ਉਤਸਵ ਮੌਕੇ ਵਿਸ਼ਾਲ ਲੰਗਰਾਂ ਦਾ ਆਯੋਜਨ ਕੀਤਾ ਗਿਆ, ਜਿੱਥੇ ਬਿਨ੍ਹਾਂ ਕਿਸੇ ਭੇਦਭਾਵ ਦੇ ਹਜ਼ਾਰਾਂ ਸੰਗਤਾਂ ਨੇ ਇਕੱਠੇ ਬੈਠ ਕੇ ਲੰਗਰ ਛਕਿਆ। ਸੇਵਾ ਕਾਰਜਾਂ ਵਿਚ ਨੌਜਵਾਨਾਂ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਵਧ-ਚੜ੍ਹ ਕੇ ਭਾਗ ਲਿਆ, ਜੋ ਸੰਤ ਰਵਿਦਾਸ ਜੀ ਦੀ ਸਮਾਨਤਾ ਵਾਲੀ ਸੋਚ ਦਾ ਜੀਵੰਤ ਪ੍ਰਮਾਣ ਬਣਿਆ। ਸੰਤ ਗੁਰੂ ਰਵਿਦਾਸ ਜੀ ਨੇ 15ਵੀਂ ਸਦੀ ਵਿਚ ਹੀ ਜਾਤੀ ਪ੍ਰਥਾ, ਭੇਦਭਾਵ ਅਤੇ ਸਮਾਜਿਕ ਅਨਿਆਏ ਦੇ ਖ਼ਿਲਾਫ਼ ਆਵਾਜ਼ ਉਠਾ ਕੇ ਬਰਾਬਰੀ ਅਤੇ ਮਨੁੱਖਤਾ ‘ਤੇ ਆਧਾਰਿਤ ਸਮਾਜ ਦੀ ਨੀਂਹ ਰੱਖੀ। ਉਨ੍ਹਾਂ ਦੀ ਬਾਣੀ ਅੱਜ ਵੀ ਸੱਚਾਈ, ਸਬਰ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੀ ਹੈ। ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵੱਲੋਂ ਸੰਤ ਗੁਰੂ ਰਵਿਦਾਸ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਗਿਆ ਕਿ ਗੁਰੂ ਜੀ ਦੀ ਸੋਚ ਅੱਜ ਦੇ ਸਮੇਂ ਵਿੱਚ ਵੀ ਸਮਾਜ ਲਈ ਰਾਹ ਦਿਖਾਉਣ ਵਾਲੀ ਰੋਸ਼ਨੀ ਹੈ। ਸੰਪੂਰਨ ਤੌਰ ‘ਤੇ ਸੰਤ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਉਤਸਵ ਭਾਈਚਾਰੇ, ਏਕਤਾ ਅਤੇ ਮਨੁੱਖਤਾ ਦੇ ਮਹਾਨ ਸੰਦੇਸ਼ ਨਾਲ ਇਤਿਹਾਸਕ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਸਮਾਗਮਾਂ ਦੋਰਾਨ ਸ਼ਾਮ ਲਾਲ ਭਾਟੀਆ ਆਜ਼ਮ ਪੁਰ ਦੇ ਸਰਪੰਚ ਹਰਜਿੰਦਰ ਕੁਮਾਰ ਪਵਨ ਕੁਮਾਰ, ਪੰਚ ਊਸ਼ਾ ਰਾਣੀ ਤੋਂ ਇਲਾਵਾ ਭਗਤ ਕਮਲਜੀਤ ਪ੍ਰਧਾਨ ਸੈਣੀਮਾਜਰਾ ਧਰਮਸ਼ਾਲਾ ਕਮੇਟੀ ਨੰਦ ਲਾਲ ਸੈਣੀਮਾਜਰਾ ਹਰਪ੍ਰੀਤ ਸਿੰਘ ਬਲਜੀਤ ਧੀਮਾਨ ਸਮੇਤ ਸੈਕਣੇ ਸੰਗਤਾਂ ਹਾਜ਼ਿਰ ਸਨ।