ਇਤਿਹਾਸਕ ਗੁਰਦੁਆਰਾ ਸ੍ਰੀ ਝੰਡਾ ਜੀ ਸਾਹਿਬ ਦਾ 63ਵਾਂ ਸਾਲਾਨਾ ਜੋੜ ਮੇਲਾ ਸੰਪੰਨ
ਸ਼ਰਧਾ, ਜੋਸ਼ ’ਤੇ ਇਤਿਹਾਸ ਦੀ ਗੂੰਜ ’ਚ ਝੰਡਾ ਜੀ ਸਾਹਿਬ ਦਾ 63ਵਾਂ ਸਲਾਨਾ ਜੋੜ ਮੇਲਾ ਸੰਪੰਨ
Publish Date: Mon, 19 Jan 2026 04:54 PM (IST)
Updated Date: Mon, 19 Jan 2026 04:57 PM (IST)

ਕਵਿਸ਼ਰੀ, ਢਾਡੀ ਜੱਥਿਆਂ ਦੇ ਪ੍ਰਸੰਗਾਂ ਨਾਲ ਪੰਡਾਲ ਗੂੰਜਿਆ, ਸੰਗਤਾਂ ‘ਚ ਭਰਿਆ ਆਤਮਿਕ ਉਤਸ਼ਾਹ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਇਲਾਕੇ ਦੇ ਪ੍ਰਸਿੱਧ ਧਾਰਮਿਕ ਅਤੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਝੰਡਾ ਜੀ ਸਾਹਿਬ ਨੋਧੇਮਾਜਰਾ ਵਿਖੇ 63ਵਾਂ ਸਲਾਨਾ ਜੋੜ ਮੇਲਾ ਗਹਿਰੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਰਿਆਦਾ ਨਾਲ ਸੰਪੰਨ ਹੋਇਆ। ਦੂਰ–ਦੂਰ ਤੋਂ ਪਹੁੰਚੀਆਂ ਸੰਗਤਾਂ ਨੇ ਗੁਰੂ ਘਰ ‘ਚ ਹਾਜ਼ਰੀ ਭਰ ਕੇ ਗੁਰਬਾਣੀ ਦੇ ਅੰਮ੍ਰਿਤ ਨਾਲ ਮਨ ਨੂੰ ਤ੍ਰਿਪਤ ਕੀਤਾ ਅਤੇ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਲਈ ਅਰਦਾਸ ਕੀਤੀ। ਮੇਲੇ ਦੀ ਸ਼ੁਰੂਆਤ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਉਪਰੰਤ ਭੋਗ ਪਾਉਣ ਨਾਲ ਹੋਈ। ਇਸ ਉਪਰਾਂਤ ਦਿਨ ਦੇ ਧਾਰਮਿਕ ਦੀਵਾਨਾਂ ‘ਚ ਗੁਰਸ਼ਰਨ ਸਿੰਘ ਜਾਗੋ ਲਹਿਰ ਦੇ ਕਵਿਸ਼ਰੀ ਜੱਥੇ ਵੱਲੋਂ “ਸਿੱਖ ਰਾਜ” ਪ੍ਰਸੰਗ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ, ਜਿਸ ਨੇ ਸੰਗਤਾਂ ਦੇ ਦਿਲਾਂ ‘ਚ ਇਤਿਹਾਸਕ ਗਰੂਰ ਅਤੇ ਆਤਮਿਕ ਜੋਸ਼ ਭਰ ਦਿੱਤਾ। ਪੰਥਕ ਢਾਡੀ ਜੱਥਾ ਬੀਬੀ ਦਲੇਰ ਕੌਰ ਖਾਲਸਾ ਵੱਲੋਂ “ਸ਼ਾਮ ਸਿੰਘ ਅਟਾਰੀ” ਪ੍ਰਸੰਗ ਦੀ ਭਾਵਪੂਰਨ ਗਾਥਾ ਸੁਣਾਈ ਗਈ, ਜਿਸ ਦੌਰਾਨ ਪੰਡਾਲ ਉੱਚੇ ਜੈਕਾਰਿਆਂ ਨਾਲ ਗੂੰਜ ਉਠਿਆ। ਰਾਤ ਦੇ ਦੀਵਾਨਾਂ ‘ਚ ਢਾਡੀ ਸੁਰਜੀਤ ਸਿੰਘ ਵਾਰਿਸ ਨੇ ਸਿੱਖ ਰਾਜ ਦੇ ਜਰਨੈਲ ਜਨਰਲ ਜੋਰਾਵਰ ਸਿੰਘ ਦੀ ਲਦਾਖ ਫਤਿਹ ਨੂੰ ਇਤਿਹਾਸਕ ਤੱਤਾਂ ਸਮੇਤ ਰੁਹਾਨੀ ਅੰਦਾਜ਼ ‘ਚ ਪੇਸ਼ ਕੀਤਾ। ਇਸ ਦੇ ਨਾਲ ਹੀ ਗਿਆਨੀ ਮਿਲਖਾ ਸਿੰਘ ਮੋਜੀ ਦੇ ਜੱਥੇ ਵੱਲੋਂ ਰਾਣੀ ਜਿੰਦ ਕੋਰ ਦੀ ਦਲੇਰ ਗਾਥਾ ਸੁਣਾਈ ਗਈ, ਜਿਸ ਰਾਹੀਂ ਔਰਤਾਂ ਦੀ ਹਿੰਮਤ ’ਤੇ ਕੁਰਬਾਨੀ ਨੂੰ ਵਿਸ਼ੇਸ਼ ਤੌਰ ‘ਤੇ ਉਜਾਗਰ ਕੀਤਾ ਗਿਆ। ਗੁਰਬਾਣੀ ਵਿਚਾਰਾਂ ਦੌਰਾਨ ਵਕਤਾਵਾਂ ਨੇ ਸੱਚ, ਸੇਵਾ ਅਤੇ ਸਮਰਪਣ ਦੇ ਮਾਰਗ ‘ਤੇ ਚੱਲਣ ਦਾ ਪ੍ਰੇਰਕ ਸੁਨੇਹਾ ਦਿੱਤਾ। ਮੇਲੇ ‘ਚ ਨਗਰ ਨਿਵਾਸੀਆਂ ਦੇ ਨਾਲ–ਨਾਲ ਨੌਜਵਾਨਾਂ, ਬਜ਼ੁਰਗਾਂ ਅਤੇ ਬੱਚਿਆਂ ਦੀ ਵੱਡੀ ਹਾਜ਼ਰੀ ਰਹੀ। ਖ਼ਾਸ ਕਰਕੇ ਨੌਜਵਾਨਾਂ ਵੱਲੋਂ ਨਿਭਾਈ ਗਈ ਸੇਵਾ ਸਭ ਦੀ ਸਰਾਹਣਾ ਦਾ ਕੇਂਦਰ ਬਣੀ। ਲੰਗਰ ਸੇਵਾ ‘ਚ ਪਿੰਡ ਭੋਗੀਪੁਰ ਵੱਲੋਂ ਚਾਹ–ਪਕੌੜਿਆਂ ਦਾ ਲੰਗਰ, ਬੜਵਾ ਪਿੰਡ ਵੱਲੋਂ ਜੋੜਿਆਂ ਦੀ ਸੇਵਾ ਅਤੇ ਰਾਤ ਸਮੇਂ ਗੁਰੂ ਕਾ ਖੂਹ ਮੁੰਨੇ ਦੀਆਂ ਸੰਗਤਾਂ ਵੱਲੋਂ ਕਾਫੀ ’ਤੇ ਦੁੱਧ ਦਾ ਲੰਗਰ ਵਰਤਾਇਆ ਗਿਆ। ਇਸ ਧਾਰਮਿਕ ਸਮਾਗਮ ਦੌਰਾਨ ਵੱਖ ਵੱਖ ਪਾਰਟੀਆਂ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ, ਜਿਲ੍ਹਾ ਭਾਜਪਾ ਪ੍ਰਧਾਨ ਅਜੇਵੀਰ ਸਿੰਘ ਲਾਲਪੁਰਾ , ਜਥੇਦਾਰ ’ਤੇ ਸੀਨੀਅਰ ਮੀਤ ਪ੍ਰਧਾਨ ਅਕਾਲੀ ਦਲ ਜਰਨੈਲ ਸਿੰਘ ਔਲਖ, ਐਸ ਐਚ ਓ ਪਵਨ ਕੁਮਾਰ, ਬਲਵੀਰ ਸਿੰਘ ਭੱਟੋ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਉੱਥੇ ਹੀ ਇਸ ਮੇਲੇ ਨੂੰ ਸਫਲ ਬਣਾਉਣ ਲਈ ਬਾਬਾ ਸੁੱਚਾ ਸਿੰਘ , ਪ੍ਰਧਾਨ ਰਾਮ ਕੁਮਾਰ ਮਣਕੂ, ਧਰਮਿੰਦਰ ਸਿੰਘ ਭਿੰਦਾ, ਸ਼ਮਸ਼ੇਰ ਸਿੰਘ ਸ਼ੇਰਾ, ਸੁਖਦੇਵ ਮਣਕੂ, ਨਰਿੰਦਰ ਸਿੰਘ ਗਰੇਵਾਲ, ਗੁਰਬਖਸ਼ ਸਿੰਘ ਫੌਜੀ, ਅੰਗਰੇਜ ਸਿੰਘ ਨੰਬਰਦਾਰ ਬਜਰੂੜ, ਚੌਧਰੀ ਜਾਗਰ ਸਿੰਘ, ਬਲਵੀਰ ਸਿੰਘ, ਕੇਵਲ ਸਿੰਘ ਭੋਗੀਪੁਰ, ਜਰਨੈਲ ਸਿੰਘ ਜਟਵਾਹੜ੍ਹ , ਸ਼ਿਵ ਕੁਮਾਰ ਬਜਰੂੜ, ਦਰਸ਼ਨ ਸਰਪੰਚ ਛੱਜਾ, ਸੁਖਵਿੰਦਰ ਸਿੰਘ ਬੜਵਾ, ਅਮਰੀਕ ਸਿੰਘ ਬਸੀ, ਨਵੀਨ ਕੁਮਾਰ ਵਸ਼ਿਸ਼ਟ, ਰਾਕੇਸ਼ ਕੁਮਾਰ ਗੌਜਾ, ਨਰਿੰਦਰ ਸਿੰਘ ਸਰਪੰਚ ਬਜਰੂੜ, ਡਾਕਟਰ ਧਰਮਿੰਦਰ ਸਿੰਘ, ਜੀਤਾ ਸਰਪੰਚ ਗੋਲੂ ਮਾਜਰਾ , ਨੰਦ ਸਿੰਘ ਗੁਰਸੇਵਾਲ, ਸਰਵਨ ਸਿੰਘ ਭਾਊਵਾਲ , ਕੇਸਰ ਸਿੰਘ ਰਾਜਗਰੀ, ਹਰਜੈਬ ਸਿੰਘ ਦਿੱਲੀ, ਬਲਵਿੰਦਰ ਸਿੰਘ ਭਾਉਵਾਲ ’ਤੇ ਹੋਰ ਸੇਵਾਦਾਰਾਂ ’ਤੇ ਸੰਗਤਾਂ ਨੇ ਉਚਿਤ ਯੋਗਦਾਨ ਪਾਇਆ।