ਹਾਦਸ ’ਚ ਔਰਤ ਦੀ ਮੌਤ, ਭਾਣਜੀ ਤੇ ਕਾਰ ਸਵਾਰ ਜ਼ਖ਼ਮੀ
ਕਲਵਾਂ ਮੋੜ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ
Publish Date: Sun, 18 Jan 2026 05:32 PM (IST)
Updated Date: Mon, 19 Jan 2026 04:09 AM (IST)

ਕਲਵਾਂ ਮੋੜ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ, ਗੜਸ਼ੰਕਰ ਮੁੱਖ ਮਾਰਗ ’ਤੇ ਪਿੰਡ ਕਲਵਾਂ ਮੋੜ ਦੇ ਨਜ਼ਦੀਕ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਭਾਣਜੀ ਸਮੇਤ ਕਾਰ ’ਚ ਸਵਾਰ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਹਾਦਸੇ ਦੀ ਖ਼ਬਰ ਮਿਲਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਮ੍ਰਿਤਕਾ ਦੇ ਰਿਸ਼ਤੇਦਾਰ ਸ਼ਰੀਫ਼ ਮੁਹੰਮਦ ਪੁੱਤਰ ਗੁਲਜ਼ਾਰਾ ਵਾਸੀ ਪਿੰਡ ਥਾਣਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਮ੍ਰਿਤਕਾ ਗੁਲਸ਼ਮਾ ਪਤਨੀ ਮੁਹੰਮਦ ਅਨਵਰ, ਵਾਸੀ ਜੱਸੜ ਸੁਲਤਾਨ ਨਗਰ, ਥਾਣਾ ਸਰੂਰਪੁਰ, ਜ਼ਿਲ੍ਹਾ ਮੇਰਠ (ਉੱਤਰ ਪ੍ਰਦੇਸ਼) ਆਪਣੀ 17 ਸਾਲਾ ਭਾਣਜੀ ਮੁਸਕਾਨ ਪੁੱਤਰੀ ਸ਼ੇਰ ਅਲੀ ਖਾਨ ਵਾਸੀ ਪਿੰਡ ਭਲਾਣ ਦੇ ਨਾਲ ਆਪਣੇ ਇੱਕ ਬਿਮਾਰ ਰਿਸ਼ਤੇਦਾਰ ਦੀ ਖ਼ਬਰਸਾਰ ਲੈਣ ਲਈ ਕਲਵਾਂ ਮੋੜ ’ਤੇ ਸਥਿਤ ਸੁਖਮਨੀ ਹਸਪਤਾਲ ਆਏ ਸਨ। ਪਰ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਪਹਿਲਾਂ ਹੀ ਛੁੱਟੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਦੋਵੇਂ ਮਾਸੀਆਂ-ਭਾਣਜੀ ਵਾਪਸ ਮੁੜ ਗਈਆਂ ਅਤੇ ਮੁੱਖ ਸੜਕ ਰਾਹੀਂ ਬੱਸ ਅੱਡੇ ਵੱਲ ਪੈਦਲ ਜਾ ਰਹੀਆਂ ਸਨ। ਇਸੇ ਦੌਰਾਨ ਕਲਵਾਂ ਮੋੜ ’ਤੇ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਦੇ ਚਾਲਕ ਦਾ ਅਚਾਨਕ ਸੰਤੁਲਨ ਵਿਗੜ ਗਿਆ। ਦੱਸਿਆ ਜਾਂਦਾ ਹੈ ਕਿ ਅਚਾਨਕ ਝਟਕੇ ਨਾਲ ਕਾਰ ਦੇ ਏਅਰ ਬੈਗ ਖੁੱਲ੍ਹ ਗਏ, ਜਿਸ ਕਾਰਨ ਡਰਾਈਵਰ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ ਅਤੇ ਕਾਰ ਬੇਕਾਬੂ ਹੋ ਕੇ ਦੋਵਾਂ ਔਰਤਾਂ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਗੁਲਸ਼ਮਾ ਦਾ ਸਿਰ ਕਾਰ ਦੇ ਸ਼ੀਸ਼ੇ ਵਿੱਚ ਜਾ ਧਸਿਆ। ਕਾਫ਼ੀ ਦੂਰੀ ਤੱਕ ਕਾਰ ਘਸੀਟਣ ਤੋਂ ਬਾਅਦ ਡਰਾਈਵਰ ਨੇ ਵੱਡੀ ਮੁਸ਼ਕਲ ਨਾਲ ਵਾਹਨ ਰੋਕਿਆ। ਜਦੋਂ ਉਹ ਹੇਠਾਂ ਉਤਰ ਕੇ ਵੇਖਣ ਆਇਆ ਤਾਂ ਗੁਲਸ਼ਮਾ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ, ਜਦਕਿ ਉਸ ਦੀ ਭਾਣਜੀ ਮੁਸਕਾਨ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਈ। ਇਸ ਹਾਦਸੇ ਵਿੱਚ ਕਾਰ ’ਚ ਸਵਾਰ ਇੱਕ ਹੋਰ ਵਿਅਕਤੀ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕਾ ਗੁਲਸ਼ਮਾ ਆਪਣੇ ਪਿੱਛੇ ਛੇ ਨਾਬਾਲਗ ਬੱਚੇ ਛੱਡ ਗਈ ਹੈ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਘਰ ਵਿਚ ਮਾਤਮ ਦਾ ਮਾਹੌਲ ਹੈ। ਇਸ ਮਾਮਲੇ ਸਬੰਧੀ ਚੌਂਕੀ ਇੰਚਾਰਜ ਕਲਵਾਂ ਨੇ ਦੱਸਿਆ ਕਿ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।