ਵੇਰਕਾ ਬੂਥ ’ਚ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
ਨਵਾਂ ਨੰਗਲ ‘ ਚ ਵੇਰਕਾ ਬੂਥ ‘ਚ ਭਿਆਨਕ ਅਗਨੀਕਾਂਡ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
Publish Date: Sun, 12 Apr 2026 05:06 PM (IST)
Updated Date: Mon, 13 Apr 2026 04:04 AM (IST)

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ : ਬੀਤੀ ਰਾਤ ਨਵਾਂ ਨੰਗਲ ਇਲਾਕੇ ਵਿੱਚ ਐੱਨਐੱਫਐੱਲ ਦੇ ਗੋਲਫ਼ ਕਲੱਬ ਦੇ ਬਿਲਕੁਲ ਬਾਹਰ ਸਥਿਤ ਇੱਕ ਵੇਰਕਾ ਬੂਥ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ’ਚ ਭਾਰੀ ਮਾਲੀ ਨੁਕਸਾਨ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਤੇਜ਼ ਸੀ ਕਿ ਮਿੰਟਾਂ ਵਿੱਚ ਹੀ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਵਲੋਂ ਗੋਲਫ਼ ਕਲੱਬ ਦੇ ਬਾਹਰ ਬਣੇ ਵੇਰਕਾ ਬੂਥ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਦੇਖਦੇ ਹੀ ਦੇਖਦੇ ਅੱਗ ਨੇ ਪੂਰੇ ਬੂਥ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਦੀ ਜਾਣਕਾਰੀ ਉਨਾਂ ਬੂਥ ਦੇ ਮਾਲਕ ਗੁਰਜਿੰਦਰ ਸਿੰਘ ਸ਼ੌਕਰ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚ ਕੇ ਉਨਾਂ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਅੱਗ ਬੁਝਾਂਉ ਵਿਭਾਗ ਦੇ ਕਰਮਚਾਰੀਆਂ ਨੇ ਮੌਕੇ `ਤੇ ਪਹੁੰਚੇ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਹਾਲਾਂਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਜੱਦੋ-ਜਹਿਦ ਤੋਂ ਬਾਅਦ ਅੱਗ `ਤੇ ਕਾਬੂ ਤਾਂ ਪਾ ਲਿਆ, ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਬੂਥ ਦੇ ਮਾਲਕ ਗੁਰਜਿੰਦਰ ਸਿੰਘ ਸ਼ੌਕਰ ਨੇ ਦੱਸਿਆਂ ਕਿ ਅੱਗ ਲਗਣ ਨਾਲ ਬੂਥ ਦੇ ਅੰਦਰ ਪਿਆ ਸਾਰਾ ਕੀਮਤੀ ਸਾਮਾਨ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਮੁੱਢਲੇ ਅੰਦਾਜ਼ੇ ਮੁਤਾਬਕ ਇਸ ਅਗਨੀਕਾਂਡ ਵਿੱਚ ਬੂਥ ਦੇ ਸਟਰੱਕਚਰ ਤੋਂ ਇਲਾਵਾ ਕਰੀਬ ਸਾਢੇ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਇਸ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ’ਤੇ ਪਹੁੰਚੇ ਨਵਾਂ ਨੰਗਲ ਚੌਕੀ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦਾ ਮੁੱਖ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਲਗਦਾ ਹੈ ਪਰ ਪੁਲਿਸ ਵੱਖ-ਵੱਖ ਪਹਿਲੂਆਂ ਅਨੁਸਾਰ ਜਾਂਚ ਕਰ ਰਹੀ ਹੈ।