12 ਦੀ ਹੜਤਾਲ ਨੂੰ ਸਫਲ ਬਣਾਉਣ ਲਈ ਯੂਨੀਅਨ ਦੀ ਮੀਟਿੰਗ
12 ਫਰਵਰੀ ਦੀ ਦੇਸ਼ ਵਿਆਪੀ ਇੱਕ ਰੋਜ਼ਾ ਹੜਤਾਲ ਨੂੰ ਸਫਲ ਬਣਾਉਣ ਲਈ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਗੇਟ ਮੀਟਿੰਗ
Publish Date: Mon, 09 Feb 2026 04:38 PM (IST)
Updated Date: Tue, 10 Feb 2026 04:02 AM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਟੈਕਨੀਕਲ ਸਰਵਿਸਿਜ਼ ਯੂਨੀਅਨ ਸਭ ਆਫ਼ਿਸ ਤਖ਼ਤਗੜ੍ਹ ਵੱਲੋਂ ਅੱਜ ਗੇਟ ਮੀਟਿੰਗ ਯੂਨੀਅਨ ਦੇ ਪ੍ਰਧਾਨ ਹਰਜੈਬ ਸਿੰਘ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਸਰਕਲ ਆਗੂ ਤਰਸੇਮ ਲਾਲ ਬੜਵਾ ਨੇ ਸਮੂਹ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ 12 ਫਰਵਰੀ ਨੂੰ ਹੋ ਰਹੀ ਦੇਸ਼ ਵਿਆਪੀ ਇੱਕ ਰੋਜ਼ਾ ਹੜਤਾਲ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ। ਮੀਟਿੰਗ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਨਿਜੀਕਰਨ ਸੰਬੰਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਇਹ ਨੀਤੀਆਂ ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਨਾਲ-ਨਾਲ ਮੁਲਾਜ਼ਮਾਂ ਦੇ ਹੱਕਾਂ ‘ਤੇ ਸਿੱਧਾ ਹਮਲਾ ਹਨ। ਇਸ ਮੌਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਯੂਨੀਅਨ ਦੇ ਸਾਥੀਆਂ ਵੱਲੋਂ ਸਾਂਝੀ ਮੰਗ ਰੱਖੀ ਗਈ ਕਿ ਬਿਜਲੀ ਸੋਧ ਬਿਲ 2025 ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਬਿਜਲੀ ਐਕਟ 2003 ਨੂੰ ਖਤਮ ਕਰਕੇ ਬਿਜਲੀ ਬੋਰਡ ਦਾ ਪੁਰਾਣਾ ਸਰੂਪ ਬਹਾਲ ਕੀਤਾ ਜਾਵੇ। ਇਸ ਦੇ ਨਾਲ ਹੀ ਬਿਜਲੀ ਬੋਰਡ ਵਿਚ ਕੰਮ ਦੇ ਭਾਰ ਦੇ ਅਨੁਸਾਰ ਨਵੀਆਂ ਅਸਾਮੀਆਂ ਦੀ ਰਚਨਾ ਕਰਕੇ ਪੱਕੀ ਭਰਤੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਸਮਾਰਟ ਮੀਟਰ ਲਗਾਉਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ। ਮੀਟਿੰਗ ਵਿਚ ਇਹ ਵੀ ਮੰਗ ਕੀਤੀ ਗਈ ਕਿ ਬਿਜਲੀ ਬੋਰਡ ਦੀਆਂ ਜਾਇਦਾਦਾਂ ਵੇਚਣ ਦਾ ਸਿਲਸਿਲਾ ਤੁਰੰਤ ਰੋਕਿਆ ਜਾਵੇ ਅਤੇ ਰੋਪੜ ਥਰਮਲ ਪਲਾਂਟ ਵਿਖੇ ਨਵੇਂ ਦੋ ਕ੍ਰਿਟੀਕਲ ਯੂਨਿਟ ਸਥਾਪਿਤ ਕੀਤੇ ਜਾਣ। ਇਸ ਤੋਂ ਇਲਾਵਾ ਬਿਜਲੀ ਬੋਰਡ ਅੰਦਰ ਕੰਮ ਕਰ ਰਹੇ ਹਰ ਕਿਸਮ ਦੇ ਠੇਕਾ ਆਧਾਰਿਤ ਕਾਮਿਆਂ ਨੂੰ ਪੱਕਾ ਕਰਨ ਅਤੇ ਬਿਜਲੀ ਮੁਲਾਜ਼ਮਾਂ ਦੇ ਬਕਾਇਆ ਡੀਏ ਦੀਆਂ ਕਿਸਤਾਂ ਅਤੇ ਸਕੇਲਾਂ ਦੇ ਬਕਾਏ ਤੁਰੰਤ ਜਾਰੀ ਕਰਨ ਦੀ ਮੰਗ ਵੀ ਜ਼ੋਰਸ਼ੋਰ ਨਾਲ ਉਠਾਈ ਗਈ। ਅੱਜ ਦੀ ਇਸ ਗੇਟ ਮੀਟਿੰਗ ਵਿਚ ਸਰਕਲ ਸਕੱਤਰ ਤਰਸੇਮ ਲਾਲ ਬੜਵਾ, ਸਬ ਆਫ਼ਿਸ ਸਕੱਤਰ ਹਰਮਿੰਦਰ ਸਿੰਘ ਜੇ.ਈ., ਸਰਕਲ ਕੈਸ਼ੀਅਰ ਰਾਮ ਕ੍ਰਿਸ਼ਨ, ਸੋਮਨਾਥ, ਗੁਰਚਰਨ ਸਿੰਘ, ਡਿਵੀਜ਼ਨ ਕੈਸ਼ੀਅਰ ਅੰਮ੍ਰਿਤ ਵੀਰ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ 12 ਫਰਵਰੀ ਦੀ ਹੜਤਾਲ ਨੂੰ ਪੂਰੇ ਜੋਸ਼ ਨਾਲ ਸਫਲ ਬਣਾਉਣ ਦਾ ਸੱਦਾ ਦਿੱਤਾ।