ਦੇਸ਼ ਵਿਆਪੀ ਹੜਤਾਲ ਲਈ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਗੇਟ ਰੈਲੀ
12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਲਈ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਗੇਟ ਮੀਟਿੰਗ
Publish Date: Thu, 05 Feb 2026 04:50 PM (IST)
Updated Date: Thu, 05 Feb 2026 04:53 PM (IST)

ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ ਸ਼੍ਰੀ ਅਨੰਦਪੁਰ ਸਾਹਿਬ : ਟੈਕਨੀਕਲ ਸਰਵਿਸਜ਼ ਯੂਨੀਅਨ ਸਬ ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ 12 ਫਰਵਰੀ ਨੂੰ ਹੋਣ ਵਾਲੀ ਇੱਕ ਰੋਜ਼ਾ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਅੱਜ ਗੇਟ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਜਸਪਾਲ ਕੁਮਾਰ ਕੋਟਲਾ ਨੇ ਕੀਤੀ। ਇਸ ਦੌਰਾਨ ਸਰਕਲ ਆਗੂ ਤਰਸੇਮ ਲਾਲ ਬੜਵਾ ਨੇ ਸਮੂਹ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨਿਜੀਕਰਨ ਸੰਬੰਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਦੀ ਕੀਤੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿਲ 2025 ਮਜ਼ਦੂਰ ਵਿਰੋਧੀ ਹੈ ਅਤੇ ਇਸ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਬਿਜਲੀ ਐਕਟ 2003 ਨੂੰ ਰੱਦ ਕਰਕੇ ਬਿਜਲੀ ਬੋਰਡ ਦਾ ਪੁਰਾਣਾ ਸਰੂਪ ਬਹਾਲ ਕਰਨ ਦੀ ਮੰਗ ਕੀਤੀ ਗਈ। ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਬੋਰਡ ਵਿਚ ਕੰਮ ਭਾਰ ਦੇ ਅਨੁਸਾਰ ਨਵੀਆਂ ਅਸਾਮੀਆਂ ਦੀ ਰਚਨਾ ਕਰਕੇ ਪੱਕੀ ਭਰਤੀ ਕੀਤੀ ਜਾਵੇ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਸਮਾਰਟ ਮੀਟਰ ਲਗਾਉਣ ਦਾ ਫੈਸਲਾ ਵਾਪਸ ਲੈਣ, ਬਿਜਲੀ ਬੋਰਡ ਦੀਆਂ ਜਾਇਦਾਤਾਂ ਵੇਚਣ ’ਤੇ ਰੋਕ ਲਗਾਉਣ ਅਤੇ ਰੋਪੜ ਥਰਮਲ ਵਿਖੇ ਦੋ ਨਵੇਂ ਕ੍ਰਿਟੀਕਲ ਯੂਨਿਟ ਸਥਾਪਿਤ ਕਰਨ ਦੀ ਮੰਗ ਕੀਤੀ ਗਈ। ਯੂਨੀਅਨ ਨੇ ਇਹ ਵੀ ਮੰਗ ਉਠਾਈ ਕਿ ਬਿਜਲੀ ਬੋਰਡ ਵਿਚ ਕੰਮ ਕਰਦੇ ਹਰ ਕਿਸਮ ਦੇ ਠੇਕਾ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਅਤੇ ਬਿਜਲੀ ਮੁਲਾਜ਼ਮਾਂ ਦੇ ਬਕਾਏ ਡੀਏ ਦੀਆਂ ਕਿਸਤਾਂ ਅਤੇ ਸਕੇਲਾਂ ਦੇ ਬਕਾਏ ਜਾਰੀ ਕੀਤੇ ਜਾਣ। ਗੇਟ ਮੀਟਿੰਗ ਵਿਚ ਡਿਵੀਜ਼ਨ ਸਕੱਤਰ ਜਰਨੈਲ ਸਿੰਘ, ਮੀਤ ਪ੍ਰਧਾਨ ਹਰਭਜਨ ਸਿੰਘ, ਜੇਈ ਬਲਵਿੰਦਰ ਸਿੰਘ, ਸੁਖਚੈਨ ਸਿੰਘ, ਸਬ ਡਵੀਜ਼ਨ ਸਕੱਤਰ ਹਿੰਮਤ ਸਿੰਘ, ਕੈਸ਼ੀਅਰ ਨਿਤਨ ਕੁਮਾਰ, ਰੈਵਨਿਊ ਅਕਾਊਂਟੈਂਟ ਗੌਰਵ ਸ਼ਰਮਾ, ਸਚਿਨ ਕੁਮਾਰ ਅਤੇ ਹਰਜਿੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ।