ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ 31 ਤੋਂ ਹਾਈਵੇ ’ਤੇ ਪੱਕਾ ਧਰਨਾ
ਹਿਮਾਚਲ ਐਂਟਰੀ ਟੈਕਸ ਖ਼ਿਲਾਫ਼ ਟੈਕਸੀ ਯੂਨੀਅਨਾਂ ਦਾ ਵੱਡਾ ਐਲਾਨ 31 ਮਾਰਚ ਤੋਂ ਹਾਈਵੇ ‘ਤੇ ਪੱਕਾ ਧਰਨਾ
Publish Date: Thu, 26 Mar 2026 03:59 PM (IST)
Updated Date: Thu, 26 Mar 2026 04:02 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨੂਰਪੁਰ ਬੇਦੀ : ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਇਲਾਕਿਆਂ ਦੀਆਂ ਟੈਕਸੀ ਯੂਨੀਅਨਾਂ ਅਤੇ ਡਰਾਈਵਰ ਭਾਈਚਾਰਾ ਹਿਮਾਚਲ ਪ੍ਰਦੇਸ਼ ਵੱਲੋਂ ਲਾਗੂ ਕੀਤੇ ਗਏ ਐਂਟਰੀ ਟੈਕਸ ਦੇ ਖ਼ਿਲਾਫ਼ ਖੁੱਲ੍ਹ ਕੇ ਮੈਦਾਨ ਵਿਚ ਆ ਗਿਆ ਹੈ। ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਾਰੀਆਂ ਯੂਨੀਅਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 31 ਮਾਰਚ ਦੀ ਅੱਧੀ ਰਾਤ ਤੋਂ ਹਾਈਵੇ ‘ਤੇ ਪੱਕੇ ਤੌਰ ‘ਤੇ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਅਤੇ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਭੱਟੋ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਲਗਾਇਆ ਗਿਆ ਐਂਟਰੀ ਟੈਕਸ ਡਰਾਈਵਰਾਂ ਲਈ “ਜਜ਼ੀਆ ਟੈਕਸ” ਵਰਗਾ ਹੈ, ਜਿਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ‘ਤੇ ਗੰਭੀਰ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਸਿਰਫ਼ ਟੈਕਸੀ ਡਰਾਈਵਰਾਂ ਦਾ ਨਹੀਂ, ਸਗੋਂ ਪੂਰੇ ਇਲਾਕੇ ਦੇ ਲੋਕਾਂ ਦੀ ਆਵਾਜ਼ ਬਣ ਚੁੱਕਾ ਹੈ। ਆਗੂਆਂ ਨੇ ਹੋਰ ਐਲਾਨ ਕਰਦਿਆਂ ਕਿਹਾ ਕਿ 29 ਮਾਰਚ ਨੂੰ ਭਰਤਗੜ੍ਹ-ਹਿਮਾਚਲ ਰੋਡ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਦੋ ਘੰਟਿਆਂ ਲਈ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ। ਇਸ ਤੋਂ ਇਲਾਵਾ 31 ਮਾਰਚ ਦੀ ਰਾਤ 12 ਵਜੇ ਤੋਂ ਬਾਅਦ ਕਿਸੇ ਵੀ ਵੇਲੇ ਮਨਾਲੀ ਨੈਸ਼ਨਲ ਹਾਈਵੇ, ਊਨਾ-ਮਹਿਤਪੁਰ ਨੈਸ਼ਨਲ ਹਾਈਵੇ ਅਤੇ ਨਾਲਾਗੜ੍ਹ-ਰੋਪੜ ਨੈਸ਼ਨਲ ਹਾਈਵੇ (ਢੇਰੋਵਾਲ ਕੋਲ) ਲੱਗਦੇ ਸਾਰੇ ਐਂਟਰੀ ਟੈਕਸ ਪੁਆਇੰਟਾਂ ‘ਤੇ ਵੀ ਚੱਕਾ ਜਾਮ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਧਰਨੇ ਦੌਰਾਨ ਡਰਾਈਵਰ ਪੱਕੇ ਤੌਰ ‘ਤੇ ਹਾਈਵੇ ‘ਤੇ ਡਟੇ ਰਹਿਣਗੇ ਅਤੇ ਆਪਣੇ ਨਾਲ ਮੰਜੇ-ਬਿਸਤਰੇ ਵੀ ਲੈ ਕੇ ਆਉਣਗੇ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਅੰਦੋਲਨ ਵਿਚ ਵੱਧ ਚੜ੍ਹ ਕੇ ਹਿੱਸਾ ਲੈ ਕੇ ਇਸ ਅਨਿਆਇਕ ਟੈਕਸ ਦੇ ਖ਼ਿਲਾਫ਼ ਇਕਜੁੱਟ ਹੋਣ। ਇਸ ਮੌਕੇ ਹੋਰ ਬੁਲਾਰਿਆਂ ਵਿਚ ਕਮਲਜੀਤ ਸਿੰਘ (ਮੀਤ ਪ੍ਰਧਾਨ), ਅਵਤਾਰ ਸਿੰਘ ਥਾਣਾ (ਜਰਨਲ ਸਕੱਤਰ), ਗੁਰਮੀਤ ਸਿੰਘ (ਵਾਈਸ ਖਜਾਨਚੀ), ਜਸਵੰਤ ਸਿੰਘ ਰੋਲੀ (ਜੁਆਇੰਟ ਸਕੱਤਰ), ਬਲਵਿੰਦਰ ਸਿੰਘ ਭੱਗਲ (ਮੁੱਖ ਸਲਾਹਕਾਰ), ਗੁਰਮੀਤ ਸਿੰਘ ਮੋਠਾਪੁਰ, ਨੂਰਪੁਰ ਬੇਦੀ ਟੈਕਸੀ ਸਟੈਂਡ ਦੇ ਪ੍ਰਧਾਨ ਦਰਸ਼ਨ ਸਿੰਘ, ਕੁਲਵਿੰਦਰ ਕੁਮਾਰ, ਸ਼ਿਵਮ ਸੈਣੀ, ਦਿਲਾਵਰ ਸਿੰਘ ਫੌਜੀ, ਦਾਰਾ ਡੈਂਟਰ ਅਤੇ ਸੋਹਣ ਸਿੰਘ ਫੌਜੀ ਰੋਲੀ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਐਂਟਰੀ ਟੈਕਸ ਦਾ ਡੱਟ ਕੇ ਵਿਰੋਧ ਕੀਤਾ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਲਦੀ ਕੋਈ ਢੁੱਕਵਾਂ ਫ਼ੈਸਲਾ ਨਾ ਲਿਆ ਗਿਆ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸਦੀ ਪੂਰੀ ਜ਼ਿੰਮੇਵਾਰੀ ਸਰਕਾਰ ‘ਤੇ ਹੋਵੇਗੀ। ਇਸ ਮੌਕੇ ਆਜ਼ਾਦ ਟੈਕਸੀ ਯੂਨੀਅਨ ਨੂਰਪੁਰ ਬੇਦੀ, ਨੂਰਪੁਰ ਬੇਦੀ ਟੈਕਸੀ ਯੂਨੀਅਨ ਅਤੇ ਹੋਰ ਵੱਖ-ਵੱਖ ਟਰਾਂਸਪੋਰਟ ਯੂਨੀਅਨਾਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ। ਉਹਨਾਂ ਨੇ ਵੱਖ-ਵੱਖ ਯੂਥ ਕਲੱਬਾਂ ਗੁਰੂ ਘਰਾਂ ਦੀਆਂ ਕਮੇਟੀਆਂ ਨੌਜਵਾਨਾਂ ਬੀਬੀਆਂ ’ਤੇ ਸਾਰੇ ਵਰਗਾਂ ਨੂੰ ਇਸ ਸੰਘਰਸ਼ ਵਿਚ ਸ਼ਾਮਿਲ ਹੋਣ ’ਤੇ ਹਾਈਵੇ ਉੱਤੇ ਪੱਕੇ ਮੋਰਚੇ ਲਈ ਮੰਜੇ ਬਿਸਤਰੀਆਂ ਦੇ ਪ੍ਰਬੰਧ ਕਰਨ ਲਈ ਅਪੀਲ ਕੀਤੀ