ਨੂਰਪੁਰਬੇਦੀ ’ਚ ਗੱਜਿਆ ਸੰਘਰਸ਼, ਟਰੇਡ ਯੂਨੀਅਨਾਂ ਤੇ ਕਿਸਾਨ ਸੰਗਠਨਾਂ ਦਾ ਤਿੱਖਾ ਰੋਸ ਮਾਰਚ
ਨੂਰਪੁਰਬੇਦੀ ’ਚ ਗੱਜਿਆ ਸੰਘਰਸ਼, ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਦਾ ਤਿੱਖਾ ਰੋਸ ਮਾਰਚ
Publish Date: Thu, 12 Feb 2026 04:54 PM (IST)
Updated Date: Thu, 12 Feb 2026 04:56 PM (IST)

ਕੇਂਦਰ-ਸੂਬਾ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ, ਮੰਗਾਂ ਨਾ ਮੰਨਣ ’ਤੇ ਸੰਘਰਸ਼ ਹੋਰ ਭਖਾਉਣ ਦੀ ਚੇਤਾਵਨੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਸੰਯੁਕਤ ਕਿਸਾਨ ਮੋਰਚਾ ਅਤੇ ਸਮੂਹ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅੱਜ ਨੂਰਪੁਰਬੇਦੀ ਦੀ ਧਰਤੀ ਸੰਘਰਸ਼ੀ ਨਾਅਰਿਆਂ ਨਾਲ ਗੂੰਜ ਉਠੀ। ਵੱਖ-ਵੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਸ਼ਹਿਰ ਅੰਦਰ ਵਿਸ਼ਾਲ ਰੋਸ ਮਾਰਚ ਕੱਢਿਆ ਅਤੇ ਤਹਿਸੀਲ ਕੰਪਲੈਕਸ ਅੱਗੇ ਡੱਟ ਕੇ ਧਰਨਾ ਲਗਾਇਆ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਸਿੱਧੀ ਚੁਣੌਤੀ ਦਿੰਦਿਆਂ ਤਿੱਖੇ ਸ਼ਬਦਾਂ ਵਿਚ ਵਿਰੋਧ ਦਰਜ ਕਰਵਾਇਆ। ਇਸ ਰੋਸ ਪ੍ਰਦਰਸ਼ਨ ਵਿਚ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਵੱਖ-ਵੱਖ ਮੁਲਾਜ਼ਮ ਅਤੇ ਮਜ਼ਦੂਰ ਯੂਨੀਅਨਾਂ , ਮਨਰੇਗਾ ਵਰਕਰ ਯੂਨੀਅਨ ਅਤੇ ਮਿਡ-ਡੇ ਮੀਲ ਵਰਕਰ ਯੂਨੀਅਨ ਦੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਪ੍ਰਦਰਸ਼ਨ ਦੌਰਾਨ “ਮਨਰੇਗਾ ਵਿਰੋਧੀ ਕਾਨੂੰਨ ਰੱਦ ਕਰੋ”, “ਰੋਜ਼ਗਾਰ ਦੀ ਕਾਨੂੰਨੀ ਗਾਰੰਟੀ ਲਾਗੂ ਕਰੋ” ਅਤੇ “ਮਜ਼ਦੂਰ ਵਿਰੋਧੀ ਨੀਤੀਆਂ ਵਾਪਸ ਲੋ” ਵਰਗੇ ਨਾਅਰੇ ਲਗਾਤਾਰ ਗੂੰਜਦੇ ਰਹੇ। ਮਿਡ-ਡੇ ਮੀਲ ਵਰਕਰਾਂ ਨੇ ਤਨਖਾਹ ਵਿਚ ਵਾਧਾ ਅਤੇ ਨੌਕਰੀ ਦੀ ਪੱਕੀ ਸੁਰੱਖਿਆ ਦੀ ਮੰਗ ਨੂੰ ਜ਼ੋਰਸ਼ੋਰ ਨਾਲ ਉਠਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨੀਤੀਆਂ ਮਜ਼ਦੂਰ, ਕਿਸਾਨ, ਕਰਮਚਾਰੀ ਅਤੇ ਪੈਨਸ਼ਨਰ ਵਰਗ ਲਈ ਘਾਤਕ ਸਾਬਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ, ਬੇਰੋਜ਼ਗਾਰੀ ਅਤੇ ਆਰਥਿਕ ਅਸਮਾਨਤਾ ਨੇ ਆਮ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨੂੰ ਅਣਡਿੱਠਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੱਡੇ ਅਤੇ ਤਿੱਖੇ ਪੱਧਰ ’ਤੇ ਲਿਜਾਇਆ ਜਾਵੇਗਾ।ਨੂਰਪੁਰਬੇਦੀ ਵਿਖੇ ਕੱਢੇ ਗਏ ਰੋਸ ਮਾਰਚ ਅਤੇ ਤਹਿਸੀਲ ਕੰਪਲੈਕਸ ਅੱਗੇ ਲਗੇ ਧਰਨੇ ਦੌਰਾਨ ਟਰੇਡ ਯੂਨੀਅਨਾਂ ਅਤੇ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੇ ਸਰਕਾਰਾਂ ਨੂੰ ਸਖ਼ਤ ਸੁਨੇਹਾ ਦਿੱਤਾ ਕਿ ਹੱਕਾਂ ਲਈ ਲੜਾਈ ਹੁਣ ਰੁਕਣ ਵਾਲੀ ਨਹੀਂ। ਇਸ ਮੌਕੇ ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਮੋਰਚਾ, ਕੁੱਲ ਹਿੰਦ ਕਿਸਾਨ ਸਭਾ, ਗਵਰਮੈਂਟ ਟੀਚਰ ਯੂਨੀਅਨ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਮਨਰੇਗਾ ਵਰਕਰ ਯੂਨੀਅਨ, ਕੁੱਲ ਹਿੰਦ ਜਨਵਾਦੀ ਇਸਤਰੀ ਸਭਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੀਐਸਐਸਐਫ ਪੈਨਸ਼ਨ ਐਸੋਸੀਏਸ਼ਨ ਅਤੇ ਮਿਡ-ਡੇ ਮੀਲ ਯੂਨੀਅਨ ਸਮੇਤ ਕਈ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਮੌਜੂਦ ਸਨ। ਆਗੂਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਜ਼ਦੂਰ-ਕਿਸਾਨ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਇਹ ਲੜਾਈ ਲੰਬੀ ਚਲੇਗੀ ਅਤੇ ਹੱਕ ਹਾਸਲ ਕਰਕੇ ਹੀ ਸਾਹ ਲਿਆ ਜਾਵੇਗਾ। ਧਰਨੇ ਦੌਰਾਨ ਮੋਹਣ ਸਿੰਘ ਧਮਾਣਾ, ਗੁਰਨੈਬ ਸਿੰਘ ਜੇਤੇਵਾਲ, ਬਰਜਿੰਦਰ ਪੰਡਿਤ, ਮਾਸਟਰ ਗੁਰਵਿੰਦਰ ਸਿੰਘ ਸਸਕੌਰ, ਵੀਰ ਸਿੰਘ ਬੜਵਾ, ਹਜ਼ਾਰਾ ਸਿੰਘ ਲਸਾੜੀ, ਬਲਬੀਰ ਸੈਣੀ, ਧਰਮਪਾਲ ਸੈਣੀ, ਮੰਗਲ ਸਿੰਘ ਹਰੀਪੁਰ, ਬਲਵੀਰ ਸਿੰਘ ਮੁੰਨੇ, ਅਮਰਜੀਤ ਸਿੰਘ ਬੈਂਸ, ਬੀਬੀ ਸਲਮਾ, ਕਮਲੇਸ਼ ਕੁਮਾਰ, ਰਾਮ ਲੁਭਾਇਆ ਦਵੇਦੀ ਅਤੇ ਗੁਰਪ੍ਰੀਤ ਗਿੱਲ ਸਮੇਤ ਹੋਰ ਆਗੂਆਂ ਨੇ ਭਾਗ ਲਿਆ।